
ਲੋਕ ਸਭਾ ਚੋਣਾਂ ਨੂੰ ਮੁਖ ਰੱਖ ਕੇ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੂਫ਼ਾਨੀ ਪੱਧਰ ਤੇ ਗ਼ੈਰ-ਕਾਨੂੰਨੀ ਕਾਲੋਨੀਆਂ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰ ਰਹੇ ਹਨ...
ਨਵੀਂ ਦਿੱਲੀ : ਲੋਕ ਸਭਾ ਚੋਣਾਂ ਨੂੰ ਮੁਖ ਰੱਖ ਕੇ, ਦਿੱਲੀ ਦੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਤੂਫ਼ਾਨੀ ਪੱਧਰ 'ਤੇ ਗ਼ੈਰ-ਕਾਨੂੰਨੀ ਕਾਲੋਨੀਆਂ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰ ਰਹੇ ਹਨ। ਅੱਜ ਉਨ੍ਹਾਂ 26 ਕਰੋੜ ਦੀ ਲਾਗਤ ਨਾਲ ਉੱਤਰੀ ਪੂਰਬੀ ਦਿੱਲੀ ਦੇ ਮੁਸਤਫ਼ਾਬਾਦ ਵਿਧਾਨ ਸਭਾ ਹਲਕੇ ਦੀਆਂ 12 ਕਾਲੋਨੀਆਂ ਦੇ ਕਾਰਜਾਂ ਦੇ ਨੀਂਹ ਪੱਥਰ ਰੱਖੇ ਤੇ ਕਿਹਾ ਵਿਕਾਸ ਕਾਰਜਾਂ ਨਾਲ ਇਲਾਕੇ ਦੇ 3 ਲੱਖ ਲੋਕਾਂ ਨੂੰ ਫਾਇਦਾ ਹੋਵੇਗਾ ਤੇ ਉਨ੍ਹਾਂ ਦਾ ਜੀਵਨ ਸੁਖਾਲਾ ਹੋ ਜਾਵੇਗਾ। ਵੱਡੀ ਤਾਦਾਦ ਵਿਚ ਪੁੱਜੇ ਇਲਾਕੇ ਦੇ ਵਸਨੀਕਾਂ ਨੂੰ ਮੁਖਾਤਬ ਹੁੰਦਿਆਂ ਕੇਜਰੀਵਾਲ ਨੇ ਮੋਦੀ ਸਰਕਾਰ ਤੇ ਕਾਂਗਰਸ ਨੂੰ ਰਗੜੇ ਲਾਏ। ਉਨ੍ਹਾਂ ਕਿਹਾ,
“ਦਿੱਲੀ ਵਿਚ ਕਾਂਗਰਸ ਸਿਰਫ਼ ਵੋਟ ਕੱਟਣ ਵਾਲੀ ਪਾਰਟੀ ਬਣ ਕੇ ਰਹਿ ਗਈ ਹੈ।ਇਸ ਲਈ ਉਸਨੂੰੰ ਭੁੱਲ ਕੇ ਵੀ ਵੋਟ ਨਾ ਦਿਉ ਤੇ ਆਮ ਆਦਮੀ ਪਾਰਟੀ ਨੂੰ ਜਿਤਾਉਣ ਜਿਸ ਨਾਲ ਦਿੱਲੀ ਦੀਆਂ ਔਕੜਾਂ ਦਾ ਹੱਲ ਹੋਵੇਗਾ। ਜੇ ਮੋਦੀ ਤੇ ਅਮਿਤ ਸ਼ਾਹ ਮੁੜ 2019 ਦੀਆਂ ਚੋਣਾਂ ਜਿੱਤ ਗਏ ਤਾਂ ਇਸ ਮੁਲਕ 'ਚੋਂ ਸੰਵਿਧਾਨ ਖ਼ਤਮ ਹੋ ਕੇ ਰਹਿ ਜਾਵੇਗਾ ਤੇ ਇਹ ਚੋਣ ਸਿਸਟਮ ਨੂੰ ਖ਼ਤਮ ਕਰ ਦੇਣਗੇ।''ਉਨ੍ਹਾਂ ਮੋਦੀ ਸਰਕਾਰ 'ਤੇ ਧਰਮ ਦੇ ਨਾਂਅ 'ਤੇ ਲੋਕਾਂ ਵਿਚ ਫ਼ਿਰਕੂ ਕੁੜੱਤਣ ਪੈਦਾ ਕਰਨ ਦਾ ਦੋਸ਼ ਲਾਉਂਦਿਆਂ ਕਿਹਾ, “1947 ਦੇ ਬਾਅਦ ਤੋਂ ਹੀ ਪਾਕਿਸਤਾਨ ਹਿੰਦੁਸਤਾਨ ਨੂੰ ਜਾਤ ਪਾਤ ਤੇ ਧਰਮ ਦੇ ਨਾਂਅ 'ਤੇ ਵੰਡਣ ਤੇ
ਸਾਡੇ ਅਰਥਚਾਰੇ ਨੂੰ ਖ਼ਤਮ ਕਰਨ ਦੀ ਕੋਝੀ ਕੋਸ਼ਿਸ਼ਾਂ ਕਰਦਾ ਰਿਹਾ ਹੈ। ਪਰ ਉਹ ਕਾਮਯਾਬ ਨਹੀਂ ਹੋ ਸਕਿਆ, ਉਹੀ ਕੰਮ ਪੰਜ ਸਾਲਾਂ 'ਚ ਮੋਦੀ ਤੇ ਸ਼ਾਹ ਦੀ ਜੋੜੀ ਨੇ ਕਰ ਵਿਖਾਇਆ ਹੈ। ਇਨਾਂ੍ਹ ਯੂਪੀ 'ਚ ਹਿੰਦੂਆਂ ਤੇ ਮੁਸਲਮਾਨਾਂ ਨੂੰ ਲੜਾਇਆ, ਮਹਾਰਾਸ਼ਟਰਾ ਵਿਚ ਮਰਾਠਾ ਤੇ ਗੈਰ ਮਰਾਠਾ ਨੂੰ ਲੜਾਇਆ, ਹਰਿਆਣਾ ਵਿਚ ਜੱਟਾਂ ਤੇ ਗੈਰ ਜੱਟਾਂ ਵਿਚ ਵੰਡੀਆਂ ਪਾਈਆਂ ਤੇ ਦੇਸ਼ ਦਾ ਬੇੜਾ ਗਰਕ ਕਰ ਕੇ ਰੱਖ ਦਿਤਾ ਹੈ।''ਉਨ੍ਹਾਂ ਦਿੱਲੀ ਵਿਚ ਭਾਜਪਾ 'ਤੇ 30 ਲੱਖ ਵੋਟ ਕਟਵਾਉਣ ਦੇ ਦੋਸ਼ ਵੀ ਲਾਏ।