
ਅਭੀਨੇਤਾ ਅਲੋਕ ਨਾਥ ਵਿਰੁਧ ਫ਼ੈਡਰੇਸ਼ਨ ਆਫ਼ ਵੈਸਟਰਨ ਇੰਡੀਆ ਸਿਨੇ ਇੰਪਲਾਈਜ਼ (ਐਫ਼. ਡਬਲਯੂ. ਆਈ. ਸੀ. ਈ.) ਨੇ ਛੇ ਮਹੀਨੇ ਦਾ ਅਸਹਿਯੋਗ ਹੁਕਮ ਜਾਰੀ ਕੀਤਾ ਹੈ.....
ਮੁੰਬਈ : ਅਭੀਨੇਤਾ ਅਲੋਕ ਨਾਥ ਵਿਰੁਧ ਫ਼ੈਡਰੇਸ਼ਨ ਆਫ਼ ਵੈਸਟਰਨ ਇੰਡੀਆ ਸਿਨੇ ਇੰਪਲਾਈਜ਼ (ਐਫ਼. ਡਬਲਯੂ. ਆਈ. ਸੀ. ਈ.) ਨੇ ਛੇ ਮਹੀਨੇ ਦਾ ਅਸਹਿਯੋਗ ਹੁਕਮ (ਨਾਨ ਕੋ-ਆਪਰੇਟਿਵ ਡਾਇਰੈਕਟਿਵ) ਜਾਰੀ ਕੀਤਾ ਹੈ। ਇਸ ਹੁਕਮ ਦਾ ਮਤਲਬ ਹੈ ਕਿ ਹੁਣ ਕੋਈ ਵੀ ਕਲਾਕਾਰ ਮਿਥੇ ਸਮੇਂ ਤਕ ਅਲੋਕ ਨਾਥ ਨਾਲ ਕੰਮ ਨਹੀਂ ਕਰੇਗਾ। ਅਲੋਕ ਨਾਥ 'ਤੇ ਲੇਖਿਕਾ-ਨਿਰਦੇਸ਼ਕ ਵਿੰਤਾ ਨੰਦਾ ਨਾਲ ਬਲਾਤਕਾਰ ਦੇ ਦੋਸ਼ ਹਨ। ਇੰਡੀਅਨ ਫ਼ਿਲਮ ਐਂਡ ਟੈਲੀਵਿਜ਼ਨ ਡਾਇਰੈਕਟਰਸ ਐਸੋਸੀਏਸ਼ਨ (ਆਈ.ਐਫ਼.ਟੀ.ਡੀ.ਏ.) ਦੇ ਪ੍ਰਧਾਨ ਅਸ਼ੋਕ ਪੰਡਿਤ ਨੇ ਦਸਿਆ
ਕਿ ਅਲੋਕ ਨਾਥ ਵਲੋਂ ਸਰੀਰਕ ਸ਼ੋਸ਼ਣ ਰੋਕਥਾਮ ('ਪੋਸ਼ਾ') ਜਾਂਚ ਦਾ ਹਿੱਸਾ ਬਣਨ ਤੋਂ ਇਨਕਾਰ ਕਰਨ ਮਗਰੋਂ ਇਹ ਫ਼ੈਸਲਾ ਕੀਤਾ ਗਿਆ। ਪੰਡਿਤ ਨੇ ਦਸਿਆ, ''ਅਸੀਂ ਅਪਣੀ ਸਾਥੀ ਮੈਂਬਰ ਵਿੰਤਾ ਨੰਦਾ ਦੇ ਸਰੀਰਕ ਸ਼ੋਸ਼ਣ ਨੂੰ ਗੰਭੀਰਤਾ ਨਾਲ ਲਿਆ ਹੈ ਅਤੇ 'ਪੋਸ਼ਾ' ਕਮੇਟੀ ਨਾਲ ਇਸ ਨੂੰ ਸਾਂਝਾ ਕੀਤਾ।'' 'ਪੋਸ਼ਾ' ਕਮੇਟੀ ਨੇ 'ਪੋਸ਼ਾ' ਕਾਨੂੰਨ ਅਨੁਸਾਰ ਅਤੇ ਨਿਆਂ ਅਤੇ ਨਿਰਪੱਖਤਾ ਦੇ ਸਿਧਾਂਤਾਂ ਦੀ ਪਾਲਨਾ ਅਨੁਸਾਰ ਇਸ ਸ਼ਿਕਾਇਤ ਦੀ ਜਾਂਚ ਕੀਤੀ। ਉਨ੍ਹਾਂ ਦਸਿਆ, ''ਕਮੇਟੀ ਨੇ ਅਪਣੇ ਅਧਿਕਾਰ ਦਾ ਪ੍ਰਯੋਗ ਕਰਦਿਆਂ 'ਪੋਸ਼ਾ' ਤਹਿਤ ਅਲੋਕ ਨਾਥ ਨੂੰ ਤਲਬ ਕੀਤਾ ਹੈ। ਕਮੇਟੀ ਕਿਸੇ ਵੀ ਵਿਅਕਤੀ ਨੂੰ ਜਾਂਚ ਲਈ ਬੁਲਾ ਸਕਦੀ ਹੈ।
ਉਨ੍ਹਾਂ 'ਪੋਸ਼ਾ' ਦੀ ਜਾਂਚ ਦਾ ਹਿੱਸਾ ਬਣਨ ਤੋਂ ਇਨਕਾਰ ਕੀਤਾ ਹਾਲਾਂਕਿ ਉਨ੍ਹਾਂ ਨੂੰ ਤਿੰਨ ਵਾਰ ਬੁਲਾਇਆ ਗਿਆ।'' ਉਨ੍ਹਾਂ ਦਸਿਆ ਕਿ ਅਦਾਕਾਰ ਨੇ ਆਈ.ਸੀ.ਸੀ. ਨੂੰ ਖੁਲ੍ਹੀ ਚੁਨੌਤੀ ਦਿਤੀ ਅਤੇ ਆਈ.ਸੀ.ਸੀ. ਕੋਲ ਪੇਸ਼ ਹੋਣ ਲਈ ਭੇਜੇ ਗਏ ਸੰਮਨ ਦੀ ਵੀ ਉਲੰਘਣਾ ਕੀਤੀ। (ਪੀ.ਟੀ.ਆਈ.) ਜ਼ਿਕਰਯੋਗ ਹੈ ਕਿ ਅਲੋਕ ਨਾਥ ਵਲੋਂ ਕੰਮ ਦੌਰਾਨ ਔਰਤਾਂ ਨਾਲ ਸੁਰੱਖਿਅਤ ਮਾਹੌਲ ਦੇਣ ਦੇ ਆਈ.ਐਫ਼.ਟੀ.ਡੀ.ਏ. ਦੇ ਹੁਕਮ ਨਾਲ ਸਹਿਯੋਗ ਦੇਣ ਤੋਂ ਵੀ ਇਨਕਾਰ ਕੀਤਾ ਗਿਆ ਜਿਸ ਕਾਰਨ ਆਈ.ਐਫ਼.ਟੀ.ਡੀ.ਏ. ਦੀ 'ਪੋਸ਼ਾ' ਕਮੇਟੀ ਵਲੋਂ ਇਸ ਦੀ ਮੂਲ ਸੰਸਥਾ ਨੂੰ ਭੇਜੀ ਸਿਫ਼ਾਰਿਸ਼ ਦੇ ਆਧਾਰ 'ਤੇ
ਐਫ਼.ਡਬਲਯ.ਆਈ.ਸੀ.ਈ. ਨੇ ਛੇ ਮਹੀਨੇ ਦਾ ਅਸਹਿਯੋਗ ਹੁਕਮ ਜਾਰੀ ਕੀਤਾ ਹੈ। 1990 ਦੇ ਦਹਾਕੇ 'ਚ ਪ੍ਰਸਿੱਧ ਟੀਵੀ ਨਾਟਕ 'ਤਾਰਾ' ਦੀ ਨਿਰਦੇਸ਼ਕ ਵਿੰਤਾ ਨੰਦਾ ਨੇ ਅਲੋਕ ਨਾਥ 'ਤੇ ਕਰੀਬ 19 ਸਾਲ ਪਹਿਲਾਂ ਉਸ ਨਾਲ ਬਲਾਤਕਾਰ ਕਰਨ ਦਾ ਦੋਸ਼ ਲਾਇਆ ਹੈ। ਨੰਦਾ ਤੋਂ ਬਿਨਾਂ ਸੰਧਿਆ ਮ੍ਰਿਦੁਲ ਨੇ ਵੀ ਨਾਥ 'ਤੇ ਕੁੱਝ ਸਾਲ ਪਹਿਲਾਂ ਵਿਦੇਸ਼ ਵਿਚ ਸ਼ੂਟਿੰਗ ਦੌਰਾਨ ਉਸ ਨਾਲ ਸਰੀਰਕ ਸ਼ੋਸ਼ਣ ਦੇ ਦੋਸ਼ ਲਾਏ ਹਨ। ਨਾਥ ਨੇ ਵਾਰ ਵਾਰ ਇਨ੍ਹਾਂ ਦੋਸ਼ਾਂ ਨੂੰ ਨਾਕਾਰਿਆ ਹੈ। ਉਨ੍ਹਾਂ ਨੇ ਨੰਦਾ ਵਿਰੁਧ ਮਾਣਹਾਨੀ ਦਾ ਮਾਮਲਾ ਵੀ ਦਰਜ ਕਰਾਇਆ ਹੈ। (ਪੀਟੀਆਈ)