
Jaya Bachchan on Mahakumbh: ਭਾਜੜ ਵਿਚ ਜਾਨ ਗੁਆਉਣ ਵਾਲਿਆਂ ਦੀਆਂ ਲਾਸ਼ਾਂ ਪਾਣੀ ਵਿਚ ਸੁੱਟੇ ਜਾਣ ਦਾ ਕੀਤਾ ਸੀ ਦਾਅਵਾ
Jaya Bachchan on Mahakumbh: ਸਮਾਜਵਾਦੀ ਪਾਰਟੀ ਦੀ ਸੰਸਦ ਮੈਂਬਰ ਜਯਾ ਬੱਚਨ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਜਾ ਰਹੀ ਹੈ। ਸੋਮਵਾਰ ਨੂੰ ਉਨ੍ਹਾਂ ਨੇ ਕੁੰਭ ਦੇ ਪਾਣੀ ਨੂੰ ਸਭ ਤੋਂ ਪ੍ਰਦੂਸ਼ਿਤ ਦਸਿਆ ਸੀ। ਉਨ੍ਹਾਂ ਦਾਅਵਾ ਕੀਤਾ ਸੀ ਕਿ ਭਾਜੜ ਵਿਚ ਜਾਨ ਗੁਆਉਣ ਵਾਲਿਆਂ ਦੀਆਂ ਲਾਸ਼ਾਂ ਪਾਣੀ ਵਿਚ ਸੁੱਟ ਦਿਤੀਆਂ ਗਈਆਂ ਸਨ। ਇਸ ਤੋਂ ਬਾਅਦ ਹੁਣ ਵੀਐਚਪੀ ਯਾਨੀ ਵਿਸ਼ਵ ਹਿੰਦੂ ਪ੍ਰੀਸ਼ਦ ਨੇ ਉਨ੍ਹਾਂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ। ਇਸ ਤੋਂ ਇਲਾਵਾ ਭਾਰਤੀ ਜਨਤਾ ਪਾਰਟੀ ਅਤੇ ਧਾਰਮਕ ਸੰਗਠਨਾਂ ਦੇ ਨੇਤਾਵਾਂ ਨੇ ਵੀ ਬੱਚਨ ਦੇ ਬਿਆਨ ’ਤੇ ਇਤਰਾਜ਼ ਜਤਾਇਆ ਸੀ।
ਵੀਐਚਪੀ ਦੇ ਮੀਡੀਆ ਇੰਚਾਰਜ ਸ਼ਰਦ ਸ਼ਰਮਾ ਨੇ ਕਿਹਾ, ‘ਝੂਠੇ ਬਿਆਨਾਂ ਰਾਹੀਂ ਸਨਸਨੀ ਫੈਲਾਉਣ ਲਈ ਜਯਾ ਬੱਚਨ ਨੂੰ ਗ੍ਰਿਫ਼ਤਾਰ ਕੀਤਾ ਜਾਣਾ ਚਾਹੀਦਾ ਹੈ।’ ਉਨ੍ਹਾਂ ਕਿਹਾ, ‘ਮਹਾਂ ਕੁੰਭ ਆਸਥਾ ਅਤੇ ਸ਼ਰਧਾ ਦਾ ਆਧਾਰ ਹੈ, ਜਿੱਥੇ ਧਰਮ, ਕਰਮ ਅਤੇ ਮੁਕਤੀ ਮਿਲਦੀ ਹੈ। ਇਸ ਨਾਲ ਕਰੋੜਾਂ ਸ਼ਰਧਾਲੂਆਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ।
ਸੰਸਦ ਕੰਪਲੈਕਸ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਪਾ ਸਾਂਸਦ ਬੱਚਨ ਨੇ ਕਿਹਾ ਸੀ ਕਿ, ‘‘ਇਸ ਸਮੇਂ ਸਭ ਤੋਂ ਵੱਧ ਦੂਸ਼ਿਤ ਪਾਣੀ ਕਿੱਥੇ ਹੈ? ਕੁੰਭ ਵਿਚ ਭਾਜੜ ਵਿਚ ਮਰਨ ਵਾਲਿਆਂ ਦੀਆਂ ਲਾਸ਼ਾਂ ਨਦੀ ਵਿਚ ਸੁੱਟ ਦਿਤੀਆਂ ਗਈਆਂ ਹਨ, ਜਿਸ ਕਾਰਨ ਪਾਣੀ ਦੂਸ਼ਿਤ ਹੋ ਗਿਆ ਹੈ। ਅਸਲ ਮੁੱਦਿਆਂ ਬਾਰੇ ਕੋਈ ਗੱਲ ਨਹੀਂ ਕਰ ਰਿਹਾ।’’ ਇਸ ਦੇ ਨਾਲ ਹੀ ਸਪਾ ਸਾਂਸਦ ਨੇ ਮਹਾਕੁੰਭ ’ਚ ਆਉਣ ਵਾਲੇ ਲੋਕਾਂ ਦੀ ਗਿਣਤੀ ’ਤੇ ਵੀ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ, ‘ਕੁੰਭ ’ਚ ਆਉਣ ਵਾਲੇ ਆਮ ਲੋਕਾਂ ਨੂੰ ਕੋਈ ਵਿਸ਼ੇਸ਼ ਸਹੂਲਤਾਂ ਨਹੀਂ ਦਿਤੀਆਂ ਜਾ ਰਹੀਆਂ, ਉਨ੍ਹਾਂ ਲਈ ਕੋਈ ਪ੍ਰਬੰਧ ਨਹੀਂ ਹੈ। ਇਹ ਝੂਠ ਬੋਲਿਆ ਜਾ ਰਿਹਾ ਹੈ ਕਿ ਕਰੋੜਾਂ ਲੋਕ ਉੱਥੇ ਆਏ ਹਨ। ਇੰਨੀ ਵੱਡੀ ਗਿਣਤੀ ਵਿਚ ਲੋਕ ਕਿਸੇ ਵੀ ਸਮੇਂ ਇਕ ਥਾਂ ’ਤੇ ਕਿਵੇਂ ਇਕੱਠੇ ਹੋ ਸਕਦੇ ਹਨ?
ਭਾਜਪਾ ਨੇ ਇਸ ਨੂੰ ਹਿੰਦੂ ਆਸਥਾ ਅਤੇ ਕੁੰਭ ਮੇਲੇ ਦਾ ਅਪਮਾਨ ਦਸਿਆ ਹੈ। ਕਈ ਧਾਰਮਕ ਨੇਤਾਵਾਂ ਅਤੇ ਸੰਗਠਨਾਂ ਨੇ ਜਯਾ ਬੱਚਨ ਤੋਂ ਮੁਆਫ਼ੀ ਦੀ ਮੰਗ ਕੀਤੀ ਹੈ ਅਤੇ ਉਨ੍ਹਾਂ ਦੇ ਬਿਆਨ ਨੂੰ ‘ਗੁਮਰਾਹਕੁੰਨ ਅਤੇ ਅਸੰਵੇਦਨਸ਼ੀਲ’ ਕਰਾਰ ਦਿਤਾ ਹੈ।