
ਸੰਸਦ ਮੈਂਬਰ ਨੇ ਵਿਦੇਸ਼ ਮੰਤਰੀ ਨੂੰ ਸੌਂਪੀ ਚਿੱਠੀ
ਬੀਤੇ ਦਿਨੀ ਪਾਣੀ 'ਚ ਡੁੱਬਿਆ ਸੀ ਕੈਨੇਡਾ ਤੋਂ ਡੌਂਕੀ ਲਗਾ ਕੇ ਅਮਰੀਕਾ ਜਾ ਰਿਹਾ ਭਾਰਤੀ ਪਰਿਵਾਰ
ਗੁਜਰਾਤ : ਕੈਨੇਡਾ ਤੋਂ ਅਮਰੀਕਾ ਜਾ ਰਿਹਾ ਇੱਕ ਭਾਰਤੀ ਪਰਿਵਾਰ ਪਾਣੀ ਵਿਚ ਡੁੱਬ ਗਿਆ ਸੀ ਜਿਸ ਕਾਰਨ ਚਾਰ ਜੀਆਂ ਦੀ ਮੌਤ ਹੋ ਗਈ ਸੀ। ਇਸ ਬਾਰੇ ਗੁਜਰਾਤ ਤੋਂ ਰਾਜਸਭਾ ਮੈਂਬਰ ਜੁਗਲਜੀ ਠਾਕੋਰ ਨੇ ਵਿਦੇਸ਼ ਮੰਤਰਾਲੇ ਨੂੰ ਚਿੱਠੀ ਲਿਖੀ ਹੈ। ਉਨ੍ਹਾਂ ਅਪੀਲ ਕੀਤੀ ਹੈ ਕਿ ਮਹਿਸਾਣਾ ਜ਼ਿਲ੍ਹੇ ਦੇ 2 ਲੋਕਾਂ ਨੂੰ ਆਪਣੇ ਪਰਿਵਾਰਕ ਮੈਂਬਰਾਂ ਦੇ ਸਸਕਾਰ ਲਈ ਕੈਨੇਡਾ ਜਾਣ ਲਈ ਵੀਜ਼ਾ ਦਿੱਤਾ ਜਾਵੇ।
ਇਸ ਬਾਰੇ ਸੰਸਦ ਮੈਂਬਰ ਜੁਗਲਜੀ ਠਾਕੋਰ ਨੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੂੰ ਚਿੱਠੀ ਸੌਂਪੀ ਹੈ। ਨਾਲ ਹੀ ਉਨ੍ਹਾਂ ਦੱਸਿਆ ਕਿ ਪਰਿਵਾਰ ਦੀ ਆਰਥਿਕ ਹਾਲਤ ਚੰਗੀ ਨਹੀਂ ਹੈ ਜਿਸ ਕਾਰਨ ਲਾਸ਼ਾਂ ਭਾਰਤ ਲਿਆਉਣ ਦੀ ਬਜਾਏ ਉਥੇ ਕੈਨੇਡਾ ਵਿਚ ਹੀ ਉਨ੍ਹਾਂ ਦਾ ਸਸਕਾਰ ਕੀਤਾ ਜਾਵੇ।
ਦੱਸਣਯੋਗ ਹੈ ਕਿ ਬੀਤੇ ਦਿਨੀਂ ਡੌਂਕੀ ਲਗਾ ਕੇ ਕੈਨੇਡਾ ਤੋਂ ਅਮਰੀਕਾ ਜਾ ਰਿਹਾ ਇੱਕ ਭਾਰਤੀ ਪਰਿਵਾਰ ਪਾਣੀ ਵਿਚ ਡੁੱਬ ਗਿਆ ਸੀ ਜਿਸ ਵਿਚ ਚਾਰ ਜੀਆਂ ਦੀ ਮੌਤ ਹੋ ਗਈ ਸੀ। 19 ਮਾਰਚ ਨੂੰ ਵਾਪਰੇ ਇਸ ਹਾਦਸੇ ਵਿਚ ਮਰਨ ਵਾਲਾ ਪਰਿਵਾਰ ਗੁਜਰਾਤ ਦਾ ਰਹਿਣ ਵਾਲਾ ਸੀ। ਮ੍ਰਿਤਕਾਂ ਦੀ ਪਛਾਣ ਪਰਵੀਨ ਚੌਧਰੀ, ਪਤਨੀ ਦਖਸ਼ਾ, ਬੇਟਾ ਮੀਤ ਬੇਟੀ ਵਿਧੀ ਵਜੋਂ ਹੋਈ ਸੀ।