
Karnataka borewell : 20 ਘੰਟੇ ਬਾਅਦ ਬੋਰਵੈੱਲ 'ਚੋਂ ਜਿੰਦਾ ਬਾਹਰ ਕੱਢਿਆ 2 ਸਾਲ ਦਾ ਮਾਸੂਮ
Karnataka borewell : ਕਰਨਾਟਕ 'ਚ ਬੋਰਵੈੱਲ 'ਚ ਡਿੱਗੇ ਦੋ ਸਾਲ ਦੇ ਬੱਚੇ ਨੂੰ ਕਰੀਬ 20 ਘੰਟਿਆਂ ਦੇ ਬਚਾਅ ਕਾਰਜ ਤੋਂ ਬਾਅਦ ਬਚਾ ਲਿਆ ਗਿਆ ਹੈ। ਜਾਣਕਾਰੀ ਅਨੁਸਾਰ ਐਨਡੀਆਰਐਫ ਅਤੇ ਐਸਡੀਆਰਐਫ ਦੀਆਂ ਟੀਮਾਂ ਨੇ ਵਿਜੇਪੁਰਾ ਦੇ ਇੰਡੀ ਤਾਲੁਕ ਦੇ ਲਚਿਆਨਾ ਪਿੰਡ ਵਿੱਚ 2 ਸਾਲ ਦੇ ਬੱਚੇ ਨੂੰ ਬਚਾਉਣ ਵਿੱਚ ਸਫਲਤਾ ਹਾਸਲ ਕੀਤੀ ਹੈ ,ਜੋ ਇੱਕ ਖੁੱਲ੍ਹੇ ਬੋਰਵੈੱਲ ਵਿੱਚ ਡਿੱਗ ਗਿਆ ਸੀ।
ਲਚਿਆਨ ਪਿੰਡ ਵਿੱਚ 16 ਫੁੱਟ ਡੂੰਘੇ ਬੋਰਵੈੱਲ ਵਿੱਚ ਬੱਚਾ ਡਿੱਗਣ ਤੋਂ ਬਾਅਦ ਬੁੱਧਵਾਰ ਸ਼ਾਮ ਕਰੀਬ 6.30 ਵਜੇ ਬਚਾਅ ਕਾਰਜ ਸ਼ੁਰੂ ਕੀਤਾ ਗਿਆ ਸੀ। ਬਚਾਅ ਕਾਰਜ 'ਚ ਲੱਗੇ ਕਰਮਚਾਰੀਆਂ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਬੱਚੇ ਨੂੰ ਬਚਾਇਆ। ਇਸ ਤੋਂ ਪਹਿਲਾਂ ਪਰਿਵਾਰ ਦਾ ਰੋ- ਰੋ ਬੁਰਾ ਹਾਲ ਸੀ। ਕਈ ਥਾਵਾਂ ਤੋਂ ਮਾਹਿਰ ਬੁਲਾਏ ਗਏ ਸਨ। ਇਸ ਦੇ ਨਾਲ ਹੀ ਲੋਕ ਪੂਜਾ ਅਰਚਨਾ ਵੀ ਕਰ ਰਹੇ ਸਨ।
ਪੁਲਿਸ ਮੁਤਾਬਕ ਬੱਚਾ ਉਸ ਸਮੇਂ ਬੋਰਵੈੱਲ ਵਿੱਚ ਡਿੱਗ ਗਿਆ ਸੀ ,ਜਦੋਂ ਉਹ ਆਪਣੇ ਘਰ ਦੇ ਕੋਲ ਖੇਡਣ ਲਈ ਗਿਆ ਸੀ। ਮਾਮਲੇ ਦਾ ਪਤਾ ਉਦੋਂ ਲੱਗਾ ਜਦੋਂ ਕਿਸੇ ਨੇ ਬੱਚੇ ਦੇ ਰੋਣ ਦੀ ਆਵਾਜ਼ ਸੁਣੀ ਅਤੇ ਤੁਰੰਤ ਪਰਿਵਾਰ ਨੂੰ ਸੂਚਨਾ ਦਿੱਤੀ। ਅਧਿਕਾਰੀਆਂ ਨੇ ਬੱਚੇ ਨੂੰ ਬਚਾਉਣ ਲਈ ਖੁਦਾਈ ਕਰਕੇ ਬੋਰਵੈੱਲ ਦੇ ਬਰਾਬਰ 21 ਫੁੱਟ ਡੂੰਘਾ ਟੋਆ ਪੁੱਟਿਆ ਸੀ।
ਦੱਸ ਦੇਈਏ ਕਿ ਇਸ ਜੋੜੇ ਨੇ ਗੰਨਾ ਅਤੇ ਨਿੰਬੂ ਉਗਾਉਣ ਲਈ ਚਾਰ ਏਕੜ ਜ਼ਮੀਨ ਵਿੱਚ ਬੋਰਵੈੱਲ ਪੁੱਟਿਆ ਸੀ।