Madhya Pradesh News: ਪਤੀ ਨਾਲ ਘੁੰਮਣ ਆਈ ਔਰਤ ਨੂੰ ਅਗ਼ਵਾ ਕਰ ਕੇ ਕੀਤਾ ਸੀ ਸਮੂਹਿਕ ਬਲਾਤਕਾਰ
ਰੀਵਾ : ਮੱਧ ਪ੍ਰਦੇਸ਼ ਦੀ ਇਕ ਅਦਾਲਤ ਨੇ ਸਮੂਹਿਕ ਬਲਾਤਕਾਰ ਦੇ ਇਕ ਮਾਮਲੇ ’ਚ ਅੱਠ ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਅਕਤੂਬਰ 2024 ਵਿਚ ਇਨ੍ਹਾਂ ਲੋਕਾਂ ਨੇ ਅਪਣੇ ਪਤੀ ਨਾਲ ਘੁੰਮਣ ਆਈ ਇਕ ਨਵੀਂ ਵਿਆਹੀ ਔਰਤ ਨੂੰ ਅਗ਼ਵਾ ਕਰ ਕੇ ਉਸ ਨਾਲ ਬਲਾਤਕਾਰ ਕੀਤਾ ਸੀ। ਅਦਾਲਤ ਨੇ ਹਰੇਕ ਦੋਸ਼ੀ ਨੂੰ 2,30,000 ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ।
ਸਰਕਾਰੀ ਵਕੀਲ ਵਿਕਾਸ ਦਿਵੇਦੀ ਨੇ ਦਸਿਆ ਕਿ ਚੌਥੇ ਐਡੀਸ਼ਨਲ ਸੈਸ਼ਨ ਜੱਜ ਪਦਮਾ ਜਾਟਵ ਨੇ ਬੁਧਵਾਰ ਨੂੰ ਅੱਠ ਦੋਸ਼ੀਆਂ ਰਾਮਕਿਸ਼ਨ, ਗਰੁੜ ਕੋਰੀ, ਰਾਕੇਸ਼ ਗੁਪਤਾ, ਸੁਸ਼ੀਲ ਕੋਰੀ, ਰਜਨੀਸ਼ ਕੋਰੀ, ਦੀਪਕ ਕੋਰੀ, ਰਾਜੇਂਦਰ ਕੋਰੀ ਅਤੇ ਲਵਕੁਸ਼ ਕੋਰੀ ਨੂੰ ਦੋਸ਼ੀ ਠਹਿਰਾਇਆ ਅਤੇ ਮਰਦੇ ਦਮ ਤਕ ਉਮਰ ਕੈਦ ਦੀ ਸਜ਼ਾ ਸੁਣਾਈ। ਉਨ੍ਹਾਂ ਕਿਹਾ ਕਿ ਰਿਕਾਰਡ ’ਤੇ ਮੌਜੂਦ ਸਮੱਗਰੀ, ਸਬੂਤਾਂ ਅਤੇ ਗਵਾਹਾਂ ਦੇ ਬਿਆਨਾਂ ’ਤੇ ਵਿਚਾਰ ਕਰਨ ਤੋਂ ਬਾਅਦ, ਅਦਾਲਤ ਨੇ ਫ਼ੈਸਲਾ ਸੁਣਾਇਆ ਕਿ ਸਾਰੇ ਅੱਠ ਦੋਸ਼ੀ ਪੂਰੀ ਉਮਰ ਕੈਦ ਵਿਚ ਰਹਿਣਗੇ।
ਇਸਤਗਾਸਾ ਪੱਖ ਦੇ ਅਨੁਸਾਰ, ਦੋਸ਼ੀਆਂ ਨੇ ਨਵੇਂ ਵਿਆਹੇ ਜੋੜੇ ਨੂੰ ਅਗਵਾ ਕਰ ਲਿਆ ਅਤੇ ਉਨ੍ਹਾਂ ’ਚੋਂ ਛੇ ਨੇ ਔਰਤ ਨਾਲ ਉਸਦੇ ਪਤੀ ਦੇ ਸਾਹਮਣੇ ਬਲਾਤਕਾਰ ਕੀਤਾ। ਦੋਸ਼ੀ ਅਪਰਾਧ ਕਰਦੇ ਸਮੇਂ ਸ਼ਰਾਬ ਪੀ ਰਹੇ ਸਨ ਅਤੇ ਉਨ੍ਹਾਂ ਨੇ ਔਰਤ ਨਾਲ ਵਾਰੀ-ਵਾਰੀ ਬਲਾਤਕਾਰ ਕੀਤਾ। ਇਹ ਘਟਨਾ 21 ਅਕਤੂਬਰ, 2024 ਨੂੰ ਗੁਢ ਪੁਲਿਸ ਸਟੇਸ਼ਨ ਖੇਤਰ ਦੇ ਅਧੀਨ ਆਉਂਦੇ ਇਕ ਖੇਤਰ ’ਚ ਵਾਪਰੀ।
                    
                