ਦੇਸ਼ ਵਿਚ ਪੜ੍ਹਾਈ ਲਈ ਵਿਦੇਸ਼ ਜਾਣ ਦਾ ਰੁਝਾਨ ਵੱਧ ਰਿਹਾ ਹੈ
ਨਵੀਂ ਦਿੱਲੀ : ਪਿਛਲੇ ਸਾਲ ਪੜ੍ਹਾਈ ਲਈ ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ 6 ਸਾਲਾਂ ਵਿਚ ਸੱਭ ਤੋਂ ਵੱਧ ਸੀ। ਸੰਸਦ 'ਚ ਦਿੱਤੇ ਗਏ ਜਵਾਬ ਮੁਤਾਬਕ 2022 'ਚ 7.5 ਲੱਖ ਵਿਦਿਆਰਥੀ ਪੜ੍ਹਾਈ ਲਈ ਵਿਦੇਸ਼ ਗਏ ਸਨ। ਖ਼ਾਸ ਗੱਲ ਇਹ ਹੈ ਕਿ ਦਿੱਲੀ, ਮੁੰਬਈ ਵਰਗੇ ਮਹਾਨਗਰਾਂ ਦੀ ਬਜਾਏ ਦੇਸ਼ ਦੇ ਛੋਟੇ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਦੇ ਵਿਦਿਆਰਥੀ ਜ਼ਿਆਦਾ ਗਿਣਤੀ 'ਚ ਪੜ੍ਹਾਈ ਲਈ ਵਿਦੇਸ਼ ਜਾ ਰਹੇ ਹਨ।
ਇਸ ਦਾ ਇੱਕ ਕਾਰਨ ਦੇਸ਼ ਦੇ ਚੰਗੇ ਕਾਲਜਾਂ ਵਿਚ ਦਾਖ਼ਲਾ ਨਾ ਮਿਲਣਾ ਅਤੇ ਦੂਜਾ ਕਾਰਨ ਮੌਕੇ ਦੀ ਘਾਟ ਹੈ। ਦੇਸ਼ ਵਿਚ ਨੌਕਰੀਆਂ ਲਈ ਮੁਕਾਬਲਾ ਵੱਧ ਗਿਆ ਹੈ। ਏਆਈ ਅਤੇ ਆਈਟੀ ਵਰਗੇ ਖੇਤਰਾਂ ਵਿਚ ਵਿਦੇਸ਼ਾਂ ਵਿਚ ਵਧੇਰੇ ਮੌਕੇ ਹਨ। ਉਥੇ ਤਨਖਾਹ ਵੀ ਜ਼ਿਆਦਾ ਹੈ। ਇਸੇ ਕਰ ਕੇ ਵਿਦਿਆਰਥੀ ਦੂਜੇ ਦੇਸ਼ਾਂ ਵਲ ਰੁਖ ਕਰ ਰਹੇ ਹਨ।
ਦੇਸ਼ ਵਿਚ ਪੜ੍ਹਾਈ ਲਈ ਵਿਦੇਸ਼ ਜਾਣ ਦਾ ਰੁਝਾਨ ਵੱਧ ਰਿਹਾ ਹੈ। ਵਿਦੇਸ਼ ਜਾਣ ਵਿਚ ਤੁਹਾਡੀ ਮਦਦ ਕਰਨ ਵਾਲੀਆਂ ਸਲਾਹਕਾਰਾਂ ਦਾ ਬਾਜ਼ਾਰ ਵੀ ਵੱਧ ਰਿਹਾ ਹੈ। ਅਜਿਹੇ ਸਲਾਹਕਾਰ ਦੇਸ਼ ਭਰ ਵਿਚ ਖੁੱਲ੍ਹ ਰਹੇ ਹਨ।
ਕੋਰੋਨਾ ਕਾਰਨ ਦੁਨੀਆ ਦੇ ਕਈ ਦੇਸ਼ਾਂ 'ਚ ਚੀਨੀ ਵਿਦਿਆਰਥੀਆਂ 'ਤੇ ਅਜੇ ਵੀ ਪਾਬੰਦੀ ਹੈ। ਭਾਰਤੀ ਵਿਦਿਆਰਥੀਆਂ ਨੂੰ ਵਿਦੇਸ਼ਾਂ ਵਿਚ ਪੜ੍ਹਨ ਲਈ ਚੀਨੀ ਵਿਦਿਆਰਥੀਆਂ ਨਾਲ ਸੱਭ ਤੋਂ ਵੱਧ ਮੁਕਾਬਲਾ ਕਰਨਾ ਪੈਂਦਾ ਹੈ। ਭਾਰਤੀ ਇਸ ਨੂੰ ਇੱਕ ਮੌਕੇ ਵਜੋਂ ਲੈ ਰਹੇ ਹਨ।