
ਇਸ ਹਾਦਸੇ 'ਚ ਇਕ ਜੋੜੇ, ਡਰਾਈਵਰ ਅਤੇ ਟੈਂਪੂ ਚਾਲਕ ਦੀ ਮੌਤ ਹੋ ਗਈ, ਜਦਕਿ ਜੋੜੇ ਦਾ ਚਾਰ ਸਾਲ ਦਾ ਬੇਟਾ ਬਚ ਗਿਆ।
Accident News: ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਦੇ ਮਾਲਸ਼ੇਜ ਘਾਟ 'ਤੇ ਦੁੱਧ ਲੈ ਕੇ ਜਾ ਰਿਹਾ ਇਕ ਟੈਂਕਰ ਟੈਂਪੂ ਨਾਲ ਟਕਰਾ ਕੇ ਨਦੀ 'ਚ ਡਿੱਗ ਗਿਆ। ਪੁਲਿਸ ਨੇ ਦਸਿਆ ਕਿ ਇਸ ਹਾਦਸੇ 'ਚ ਚਾਰ ਲੋਕਾਂ ਦੀ ਮੌਤ ਹੋ ਗਈ।
ਅਧਿਕਾਰੀ ਨੇ ਦਸਿਆ ਕਿ ਇਹ ਹਾਦਸਾ ਕਲਿਆਣ-ਨਗਰ ਰੋਡ 'ਤੇ ਬੋਰਾਂਡੇ ਪਿੰਡ ਨੇੜੇ ਸ਼ੁੱਕਰਵਾਰ ਤੜਕੇ ਕਰੀਬ 2 ਵਜੇ ਵਾਪਰਿਆ। ਟੋਕਾਵਾੜੀ ਥਾਣੇ ਦੇ ਇੰਸਪੈਕਟਰ ਦਿਨਕਰ ਚਕੋਰ ਨੇ ਦਸਿਆ ਕਿ ਦੁੱਧ ਦਾ ਟੈਂਕਰ ਅਤੇ ਸਬਜ਼ੀਆਂ ਨਾਲ ਭਰਿਆ ਟੈਂਪੂ ਅਲੇਫਾਟਾ ਤੋਂ ਕਲਿਆਣ ਜਾ ਰਿਹਾ ਸੀ।
ਅਧਿਕਾਰੀ ਨੇ ਦਸਿਆ ਕਿ ਟੈਂਕਰ ਟੈਂਪੂ ਨਾਲ ਟਕਰਾ ਗਿਆ ਅਤੇ ਫਿਰ ਨਦੀ 'ਚ ਡਿੱਗ ਗਿਆ। ਅਧਿਕਾਰੀ ਨੇ ਦਸਿਆ ਕਿ ਇਸ ਹਾਦਸੇ 'ਚ ਇਕ ਜੋੜੇ, ਡਰਾਈਵਰ ਅਤੇ ਟੈਂਪੂ ਚਾਲਕ ਦੀ ਮੌਤ ਹੋ ਗਈ, ਜਦਕਿ ਜੋੜੇ ਦਾ ਚਾਰ ਸਾਲ ਦਾ ਬੇਟਾ ਬਚ ਗਿਆ।
ਉਨ੍ਹਾਂ ਨੇ ਦਸਿਆ ਕਿ ਅਕਸ਼ੈ ਦਿਘੇ (30), ਉਸ ਦੀ ਪਤਨੀ ਤੇਜਸ (26) ਅਤੇ ਟੈਂਕਰ ਡਰਾਈਵਰ ਦੱਤਾਤ੍ਰੇਯ ਵਾਮਨ (42) ਦੀ ਮੌਕੇ 'ਤੇ ਹੀ ਮੌਤ ਹੋ ਗਈ। ਟੈਂਪੂ ਚਾਲਕ ਸ਼ਕੀਲ ਸ਼ੇਖ ਨੇ ਵੀ ਕੁੱਝ ਸਮੇਂ ਬਾਅਦ ਦਮ ਤੋੜ ਦਿਤਾ। ਅਧਿਕਾਰੀ ਨੇ ਦਸਿਆ ਕਿ ਪੁਲਿਸ ਨੇ ਭਾਰਤੀ ਦੰਡਾਵਲੀ ਅਤੇ ਮੋਟਰ ਵਹੀਕਲ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।