
Indore Santhara News: ਗੋਲਡਨ ਬੁੱਕ ਆਫ਼ ਵਰਲਡ ਰਿਕਾਰਡ ਨੇ ਕੁੜੀ ਦੇ ਨਾਂ ਜਾਰੀ ਕੀਤਾ ਵਿਸ਼ਵ ਕੀਰਤੀਮਾਨ ਦਾ ਸਰਟੀਫ਼ਿਕੇਟ
- ਮਾਪਿਆਂ ਨੇ ਖ਼ੁਦ ਲਿਆ ਇਕਲੌਤੀ ਸੰਤਾਨ ਨੂੰ ਸੰਥਾਰਾ ਵਰਤ ਦਿਵਾਉਣ ਦਾ ਫ਼ੈਸਲਾ
- ਧੀ ਨੂੰ ਬਿਮਾਰੀ ਦੀ ਹਾਲਤ ’ਚ ਦੇਖਣਾ ਮੇਰੇ ਲਈ ਬਹੁਤ ਦੁਖਦਾਈ ਸੀ : ਕੁੜੀ ਦੀ ਮਾਂ
3-year-old girl battling brain tumor dies through Jain tradition 'Santhara' Indore News: ਇੰਦੌਰ ’ਚ ਬ੍ਰੇਨ ਟਿਊਮਰ ਨਾਲ ਜੂਝ ਰਹੀ ਤਿੰਨ ਸਾਲਾ ਕੁੜੀ ਨੂੰ ‘ਸੰਥਾਰਾ’ ਵਰਤ ਗ੍ਰਹਿਣ ਕਰਵਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਗੋਲਡਨ ਬੁੱਕ ਆਫ਼ ਵਰਲਡ ਰਿਕਾਰਡ ਨੇ ਇਸ ਕੁੜੀ ਦੇ ਨਾਂ ਵਿਸ਼ਵ ਕੀਰਤੀਮਾਨ ਦਾ ਪ੍ਰਮਾਣ ਪੱਤਰ ਵੀ ਜਾਰੀ ਕੀਤਾ ਹੈ। ‘ਸੰਥਾਰਾ’ ਜੈਨ ਧਰਮ ਦੀ ਇਕ ਪ੍ਰਾਚੀਨ ਪ੍ਰਥਾ ਹੈ ਜਿਸ ਦੇ ਅਧੀਨ ਕੋਈ ਵਿਅਕਤੀ ਅਪਣਾ ਅੰਤਮ ਸਮਾਂ ਮਹਿਸੂਸ ਹੋਣ ’ਤੇ ਭੋਜਨ-ਪਾਣੀ ਅਤੇ ਸੰਸਾਰਿਕ ਵਸਤੂਆਂ ਤਿਆਗ ਦਿੰਦਾ ਹੈ। ਕੁੜੀ ਦੇ ਮਾਪੇ ਸੂਚਨਾ ਤਕਨਾਲੋਜੀ (ਆਈਟੀ) ਖੇਤਰ ਦੇ ਪੇਸ਼ੇਵਰ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਕ ਜੈਨ ਮੁਨੀ ਦੀ ਪ੍ਰੇਰਨਾ ਨਾਲ ਅਪਣੀ ਇਕਲੌਤੀ ਸੰਤਾਨ ਨੂੰ ਸੰਥਾਰਾ ਵਰਤ ਦਿਵਾਉਣ ਦਾ ਫ਼ੈਸਲਾ ਕੀਤਾ।
ਇਸ ਵਰਤ ਨਾਲ ਤਿੰਨ ਸਾਲ ਦੀ ਉਮਰ ’ਚ ਪ੍ਰਾਣ ਤਿਆਗਣ ਵਾਲੀ ਕੁੜੀ ਵਿਯਾਨਾ ਜੈਨ ਦੇ ਪਿਤਾ ਪੀਯੂਸ਼ ਜੈਨ ਨੇ ਸਨਿਚਵਾਰ ਨੂੰ ਦਸਿਆ,‘‘ਮੇਰੀ ਧੀ ਨੂੰ ਇਸ ਸਾਲ ਜਨਵਰੀ ’ਚ ਬ੍ਰੇਨ ਟਿਊਮਰ ਹੋਣ ਦਾ ਪਤਾ ਲੱਗਾ ਸੀ। ਅਸੀਂ ਉਸ ਦੀ ਸਰਜਰੀ ਕਰਵਾਈ ਸੀ। ਸਰਜਰੀ ਤੋਂ ਬਾਅਦ ਉਸ ਦੀ ਸਿਹਤ ’ਚ ਸੁਧਾਰ ਹੋਇਆ ਪਰ ਮਾਰਚ ’ਚ ਉਸ ਦੀ ਸਿਹਤ ਜ਼ਿਆਦਾ ਵਿਗੜ ਗਈ ਅਤੇ ਉਸ ਨੂੰ ਖਾਣ-ਪੀਣ ’ਚ ਵੀ ਪਰੇਸ਼ਾਨੀ ਹੋਣ ਲੱਗਾ ਸੀ।’’ ਉਨ੍ਹਾਂ ਦਸਿਆ ਕਿ 21 ਮਾਰਚ ਦੀ ਰਾਤ ਉਹ ਅਪਣੀ ਬੇਹੱਦ ਬੀਮਾਰ ਧੀ ਨੂੰ ਪਰਵਾਰ ਵਾਲਿਆਂ ਨਾਲ ਜੈਨ ਸੰਤ ਰਾਜੇਸ਼ ਮੁਨੀ ਮਹਾਰਾਜ ਕੋਲ ਦਰਸ਼ਨ ਲਈ ਲੈ ਗਏ ਸੀ।
ਪੀਊਸ਼ ਜੈਨ ਨੇ ਦਸਿਆ,‘‘ਮਹਾਰਾਜ ਜੀ ਨੇ ਮੇਰੀ ਧੀ ਦੀ ਹਾਲਤ ਦੇਖੀ। ਉਨ੍ਹਾਂ ਨੇ ਸਾਨੂੰ ਕਿਹਾ ਕਿ ਬੱਚੀ ਦਾ ਅੰਤਮ ਸਮੇਂ ਨੇੜੇ ਹੈ ਅਤੇ ਉਸ ਨੂੰ ਸੰਥਾਰਾ ਵਰਤ ਦਿਵਾ ਦੇਣਾ ਚਾਹੀਦਾ। ਜੈਨ ਧਰਮ ’ਚ ਇਸ ਵਰਤ ਦਾ ਕਾਫ਼ੀ ਮਹੱਤਵ ਹੈ। ਅਸੀਂ ਸੋਚ-ਵਿਚਾਰ ਤੋਂ ਬਾਅਦ ਇਸ ਲਈ ਸਹਿਮਤ ਹੋ ਗਏ।’’ ਉਨ੍ਹਾਂ ਦਸਿਆ ਕਿ ਜੈਨ ਸੰਤ ਵਲੋਂ ਸੰਥਾਰਾ ਦੀਆਂ ਧਾਰਮਕ ਰਸਮਾਂ ਪੂਰੀਆਂ ਕਰਵਾਏ ਜਾਣ ਦੇ ਕੁਝ ਮਿੰਟਾਂ ਅੰਦਰ ਉਨ੍ਹਾਂ ਦੀ ਧੀ ਨੇ ਪ੍ਰਾਣ ਤਿਆਗ ਦਿਤੇ।
ਆਈਟੀ ਪੇਸ਼ੇਵਰ ਨੇ ਇਹ ਵੀ ਦਸਿਆ ਕਿ ਗੋਲਡਨ ਬੁੱਕ ਆਫ਼ ਰਿਕਾਰਡ ਨੇ ਉਨ੍ਹਾਂ ਦੀ ਧੀ ਦੇ ਨਾਂ ਵਿਸ਼ਵ ਕੀਰਤੀਮਾਨ ਦਾ ਪ੍ਰਮਾਣ ਪੱਤਰ ਜਾਰੀ ਕੀਤਾ ਹੈ, ਜਿਸ ’ਚ ਉਸ ਨੂੰ ‘ਜੈਨ ਰੀਤੀ ਰਿਵਾਜਾਂ ਅਨੁਸਾਰ ਸੰਥਾਰਾ ਵਰਤ ਗ੍ਰਹਿਣ ਕਰਨ ਵਾਲੀ ਦੁਨੀਆ ਦੀ ਸਭ ਤੋਂ ਘੱਟ ਉਮਰ ਦੀ ਸ਼ਖਸ’ ਦਸਿਆ ਗਿਆ ਹੈ।
ਧੀ ਨੂੰ ਬਿਮਾਰੀ ਦੀ ਹਾਲਤ ’ਚ ਦੇਖਣਾ ਮੇਰੇ ਲਈ ਬਹੁਤ ਦੁਖਦਾਈ ਸੀ : ਕੁੜੀ ਦੀ ਮਾਂ
ਵਿਯਾਨਾ ਦੀ ਮਾਂ ਵਰਸ਼ਾ ਜੈਨ ਨੇ ਕਿਹਾ,‘‘ਮੈਂ ਸ਼ਬਦਾਂ ’ਚ ਨਹੀਂ ਦੱਸ ਸਕਦੀ ਕਿ ਮੇਰੀ ਧੀ ਨੂੰ ਸੰਥਾਰਾ ਵਰਤ ਗ੍ਰਹਿਣ ਕਰਵਾਉਣ ਦਾ ਫ਼ੈਸਲਾ ਸਾਡੇ ਪਰਵਾਰ ਲਈ ਕਿੰਨਾ ਮੁਸ਼ਕਲ ਸੀ। ਮੇਰੀ ਧੀ ਬ੍ਰੇਨ ਟਿਊਮਰ ਕਾਰਨ ਕਾਫ਼ੀ ਤਕਲੀਫ਼ ਝੱਲ ਰਹੀ ਸੀ। ਉਸ ਨੂੰ ਇਸ ਹਾਲਤ ’ਚ ਦੇਖਣਾ ਮੇਰੇ ਲਈ ਜ਼ਿਆਦਾ ਦੁਖਦਾਈ ਸੀ।’’ ਅਪਣੀ ਮਰਹੂਮ ਧੀ ਦੀ ਯਾਦ ’ਚ ਭਾਵੁਕ ਨੇ ਕਿਹਾ,‘‘ਮੈਂ ਚਾਹੁੰਦੀ ਹਾਂ ਕਿ ਮੇਰੀ ਧੀ ਉਸ ਦੇ ਅਗਲੇ ਜਨਮ ’ਚ ਹਮੇਸ਼ਾ ਖ਼ੁਸ਼ ਰਹੇ।’’
ਸੁਪਰੀਮ ਕੋਰਟ ਨੇ ਇਸ ਪਰੰਪਰਾ ਨੂੰ ਅਪਰਾਧ ਕਰਾਰ ਦਿਤੇ ਜਾਣ ਦੇ ਹੁਕਮਾਂ ’ਤੇ ਲਾਈ ਸੀ ਰੋਕ
ਜੈਨ ਭਾਈਚਾਰੇ ਦੀ ਧਾਰਮਕ ਸ਼ਬਦਾਵਲੀ ’ਚ ਸੰਥਾਰਾ ਨੂੰ ‘ਸਲੇਖਨਾ’ ਅਤੇ ‘ਸਮਾਧੀ ਮਰਨ’ ਵੀ ਕਿਹਾ ਜਾਂਦਾ ਹੈ। ਕਾਨੂੰਨੀ ਅਤੇ ਧਾਰਮਕ ਹਲਕਿਆਂ ’ਚ ਸੰਥਾਰਾ ਨੂੰ ਲੈ ਕੇ ਸਾਲ 2015 ’ਚ ਬਹਿਸ ਤੇਜ਼ ਹੋ ਗਈ ਸੀ, ਜਦੋਂ ਰਾਜਸਥਾਨ ਹਾਈ ਕੋਰਟ ਨੇ ਇਸ ਪ੍ਰਥਾ ਨੂੰ ਭਾਰਤੀ ਦੰਡਾਵਲੀ ਦੀ ਧਾਰਾ 306 (ਖ਼ੁਦਕੁਸ਼ੀ ਲਈ ਉਕਸਾਉਣਾ ਅਤੇ 309 (ਖ਼ੁਦਕੁਸ਼ੀ ਦੀ ਕੋਸ਼ਿਸ਼) ਦੇ ਅਧੀਨ ਸਜ਼ਾਯੋਗ ਅਪਰਾਧ ਕਰਾਰ ਦਿਤਾ ਸੀ। ਹਾਲਾਂਕਿ ਜੈਨ ਭਾਈਚਾਰੇ ਦੀਆਂ ਵੱਖ-ਵੱਖ ਧਾਰਮਕ ਸੰਸਥਾਵਾਂ ਦੀਆਂ ਪਟੀਸ਼ਨਾਂ ’ਤੇ ਸੁਣਵਾਈ ਕਰਦੇ ਹੋਏ ਸੁਪਰੀਮ ਕੋਰਟ ਨੇ ਰਾਜਸਥਾਨ ਹਾਈ ਕੋਰਟ ਦੇ ਇਸ ਆਦੇਸ਼ ਨੂੰ ਲਾਗੂ ਕਰਨ ’ਤੇ ਰੋਕ ਲਗਾ ਦਿਤੀ ਸੀ।