
ਮੁੰਬਈ ਇਕ ਪਾਸੇ ਜਿਕੇ ਕੋਰੋਨਾ ਵਾਇਰਸ ਮਹਾਂਮਾਰੀ ਨਾਲ ਨਜਿੱਠਣ ਲਈ ਪਹਿਲਾਂ ਹੀ ਸੰਘਰਸ਼ ਕਰ ਰਿਹਾ ਹੈ
ਮੁੰਬਈ/ਨਵੀਂ ਦਿੱਲੀ, 3 ਜੂਨ: ਮੁੰਬਈ ਇਕ ਪਾਸੇ ਜਿਕੇ ਕੋਰੋਨਾ ਵਾਇਰਸ ਮਹਾਂਮਾਰੀ ਨਾਲ ਨਜਿੱਠਣ ਲਈ ਪਹਿਲਾਂ ਹੀ ਸੰਘਰਸ਼ ਕਰ ਰਿਹਾ ਹੈ ਉਥੇ ਇਸ ’ਚ 72 ਸਾਲਾਂ ’ਚ ਪਹਿਲੀ ਵਾਰੀ ਇਕ ਚੱਕਰਵਾਤ ਇਸ ਮਹਾਂਨਗਰ ’ਚ ਆਇਆ। ਚੱਕਰਵਾਤੀ ਤੂਫ਼ਾਨ ‘ਨਿਸਰਗ’ ਬੁਧਵਾਰ ਦੁਪਹਿਰ ਮਹਾਰਾਸ਼ਟਰ ਦੇ ਸਮੁੰਦਰੀ ਕੰਢੇ ’ਤੇ 120 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਵਾਲੀਆਂ ਹਵਾਵਾਂ ਨਾਲ ਪੁੱਜਿਆ। ਮੁੰਬਈ ਅਤੇ ਇਸ ਦੇ ਗੁਆਂਢੀ ਇਲਾਕੇ ਇਸ ਦਾ ਸਾਹਮਣਾ ਕਰਨ ਲਈ ਤਿਆਰ ਸਨ। ਭਾਰਤੀ ਮੌਸਮ ਵਿਭਾਗ ਅਨੁਸਾਰ ਜ਼ਮੀਨ ਨਾਲ ਟਕਰਾਉਣ ਤੋਂ ਬਾਅਦ ਤੂਫ਼ਾਨ ਕਮਜ਼ੋਰ ਪੈ ਗਿਆ ਅਤੇ ਇਸ ਦਾ ਜ਼ਿਆਦਾ ਨੁਕਸਾਨ ਕਰਨ ਦਾ ਖ਼ਤਰਾ ਟਲ ਗਿਆ।
ਚੱਕਰਵਾਤ ਨਿਸਰਗ ਨੇ ਰਾਏਗੜ੍ਹ ਜ਼ਿਲ੍ਹੇ ਅਤੇ ਮੁੰਬਈ ਦੇ ਦਖਣੀ ਇਲਾਕਿਆਂ ’ਚ ਦਸਤਕ ਦਿਤੀ ਅਤੇ ਇਸ ਦੌਰਾਨ 120 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਰ ਨਾਲ ਹਵਾਵਾਂ ਚਲੀਆਂ। ਪ੍ਰਸ਼ਾਸਨ ਨੇ ਹਾਲਾਂਕਿ ਪਹਿਲਾਂ ਹੀ ਮੁੰਬਈ, ਮਹਾਰਾਸ਼ਟਰ ਦੇ ਸਮੁੰਦਰੀ ਕੰਢੇ ਅਤੇ ਦਖਣੀ ਗੁਜਰਾਤ ਤੋਂ ਹਜ਼ਾਰਾਂ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾ ਦਿਤਾ ਸੀ।
File photo
ਚੱਕਰਵਾਤ ਕਰ ਕੇ ਮੁੰਬਈ ਹਵਾਈ ਅੱਡੇ ’ਤੇ ਉਡਾਨਾਂ ਨੂੰ ਸ਼ਾਮ ਸਤ ਵਜੇ ਤਕ ਰੋਕ ਦਿਤਾ ਗਿਆ। ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲ੍ਹੇ ’ਚ ਅਰਬ ਸਾਗਰ ਤੋਂ ਉੱਠੇ ਨਿਸਰਗ ਚੱਕਰਵਾਤ ਕਰ ਕੇ ਦਰੱਖ਼ਤ ਅਤੇ ਬਿਜਲੀ ਦੇ ਖੰਭੇ ਉਖੜ ਗਏ। ਤੇਜ਼ ਹਵਾਵਾਂ ਕਰ ਕੇ ਬਿਜਲੀ ਦਾ ਇਕ ਟਰਾਂਸਫ਼ਾਰਮਰ 58 ਸਾਲਾਂ ਦੇ ਇਕ ਵਿਅਕਤੀ ’ਤੇ ਡਿੱਗਾ ਜਿਸ ਕਰ ਕੇ ਉਸ ਦੀ ਮੌਤ ਹੋ ਗਈ।
ਚੱਕਰਵਾਤ ਨੇ ਸਮੁੰਦਰੀ ਕੰਢੇ ਸਥਿਤ ਅਲੀਬਾਗ ’ਚ ਦੁਪਹਿਰ ਲਗਭਗ ਸਾਢੇ 12 ਵਜੇ ਦਸਤਕ ਦਿਤੀ। ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਪੇਸ਼ਨਗੋਈ ਕੀਤੀ ਸੀ ਕਿ ਇਹ ਪ੍ਰਕਿਰਿਆ ਸ਼ਾਮ ਚਾਰ ਵਜੇ ਤਕ ਪੂਰੀ ਹੋ ਜਾਵੇਗੀ। ਅਲੀਬਾਗ਼ ਮੁੰਬਈ ਤੋਂ ਲਗਭਗ 110 ਕਿਲੋਮੀਟਰ ਦੂਰ ਸਥਿਤ ਇਕ ਛੋਟਾ ਸ਼ਹਿਰ ਹੈ, ਜਿਥੇ ਕਈ ਕਿਲ੍ਹੇ ਅਤੇ ਮੰਦਰ ਹਨ। ਇਥੇ ਬਾਲੀਵੁੱਡ ਦੇ ਕਈ ਕਲਾਕਾਰ ਵੀ ਰਹਿੰਦੇ ਹਨ।
ਮਹਾਰਾਸ਼ਟਰ ਦੇ ਸਮੁੰਦਰੀ ਕੰਢੇ ਸਥਿਤ ਇਲਾਕਿਆਂ ਨਾਲ ਉੱਤਰੀ ਮਹਾਰਾਸ਼ਟਰ ਅਤੇ ਪੁਣੇ ’ਚ ਭਾਰੀ ਮੀਂਹ ਪੈਣ ਦੀ ਖ਼ਬਰ ਹੈ। ਮੱਧ ਰੇਲਵੇ ਨੇ ਅਪਣੀਆ ਵਿਸ਼ੇਸ਼ ਰੇਲਗੱਡੀਆ ਦੇ ਸਮੇਂ ’ਚ ਤਬਦੀਲੀ ਕੀਤੀ ਹੈ। ਜਦਕਿ ਗੁਜਰਾਤ ਦੇ ਰਾਹਤ ਕਮਿਸ਼ਨਰ ਹਰਸ਼ਦ ਪਟੇਲ ਨੇ ਦਸਿਆ ਕਿ ਗੁਜਰਾਤ ਦੇ ਦਖਣੀ ਸਮੁੰਦਰੀ ਇਲਾਕੇ ’ਚ ਕਿਸੇ ਅਣਸੁਖਾਵੀਂ ਘਟਨਾ ਦੀ ਖ਼ਬਰ ਨਹੀਂ ਹੈ। ਪਟੇਲ ਨੇ ਕਿਹਾ ਕਿ ਅਹਿਤਿਆਤੀ ਕਦਮ ਵਜੋਂ ਅਜੇ ਤਕ ਅੱਠ ਜ਼ਿਲਿ੍ਹਆਂ ’ਚ ਸਮੁੰਦਰੀ ਕੰਢੇ ਰਹਿਣ ਵਾਲੇ 63,700 ਤੋਂ ਜ਼ਿਆਦਾ ਲੋਕਾਂ ਨੂੰ ਸੁਰੱਖਿਅਤ ਸਥਾਨਾਂ ’ਤੇ ਪਹੁੰਚਾਇਆ ਗਿਆ ਹੈ। (ਪੀਟੀਆਈ)