ਤਿੰਨ ਤੋਂ ਚਾਰ ਦਿਨਾਂ ਦੀ ਹੋ ਸਕਦੀ ਹੈ ਦੇਰੀ, ਫ਼ਸਲਾਂ ਦੀ ਬਿਜਾਈ ’ਤੇ ਨਹੀਂ ਪਵੇਗਾ ਕੋਈ ਅਸਰ : ਮੌਸਮ ਵਿਭਾਗ
ਨਵੀਂ ਦਿੱਲੀ, 4 ਜੂਨ: ਮੌਨਸੂਨ ਐਤਵਾਰ ਨੂੰ ਕੇਰਲ ’ਚ ਦਸਤਕ ਦੇਣ ਵਾਲਾ ਸੀ ਪਰ ਇਸ ਦੀ ਸ਼ੁਰੂਆਤ ਨਹੀਂ ਹੋਈ ਅਤੇ ਭਾਰਤੀ ਮੌਸਮ ਵਿਗਿਆਨ ਵਿਭਾਗ ਨੇ ਇਸ ’ਚ ਤਿੰਨ ਤੋਂ ਚਾਰ ਦਿਨਾਂ ਦੀ ਹੋਰ ਦੇਰੀ ਹੋਣ ਦਾ ਸ਼ੱਕ ਪ੍ਰਗਟਾਇਆ ਹੈ।
ਦਖਣੀ-ਪਛਮੀ ਮੌਨਸੂਨ ਆਮ ਤੌਰ ’ਤੇ ਇਕ ਜੂਨ ਨੂੰ ਕੇਰਲ ’ਚ ਦਸਤਕ ਦਿੰਦਾ ਹੈ ਅਤੇ ਇਸ ਦੀ ਸ਼ੁਰੂਆਤ ਸੱਤ ਦਿਨ ਪਹਿਲਾਂ ਜਾਂ ਸੱਤ ਦਿਨ ਬਾਅਦ ਹੋ ਸਕਦੀ ਹੈ।
ਮਈ ਦੇ ਵਿਚਕਾਰ ਭਾਰਮ ਮੌਸਮ ਵਿਗਿਆਨ ਵਿਭਾਗ (ਆਈ.ਐਮ.ਡੀ.) ਨੇ ਕਿਹਾ ਸੀ ਕਿ ਮੌਨਸੂਨ 4 ਜੂਨ ਤਕ ਕੇਰਲ ’ਚ ਦਸਤਕ ਦੇ ਸਕਦਾ ਹੈ।
ਆਈ.ਐਮ.ਡੀ. ਨੇ ਐਤਵਾਰ ਨੂੰ ਇਕ ਬਿਆਨ ’ਚ ਕਿਹਾ, ‘‘ਦਖਣੀ ਅਰਬ ਸਾਗਰ ਦੇ ਉੱਪਰ ਪੱਛਮੀ ਹਵਾਵਾਂ ’ਚ ਵਾਧੇ ਦੇ ਨਾਲ ਸਥਿਤੀਆਂ ਅਨੁਕੂਲ ਹੋ ਰਹੀਆਂ ਹਨ। ਨਾਲ ਹੀ, ਪਛਮੀ ਹਵਾਵਾਂ ਦੀ ਡੂੰਘਾਈ ਹੌਲੀ-ਹੌਲੀ ਵਧ ਰਹੀ ਹੈ ਅਤੇ 4 ਜੂਨ ਨੂੰ ਪਛਮੀ ਹਵਾਵਾਂ ਦੀ ਡੂੰਘਾਈ ਔਸਤ ਸਮੁੰਦਰ ਤਲ ਤੋਂ 2.1 ਕਿਲੋਮੀਟਰ ਉੱਪਰ ਤਕ ਪਹੁੰਚ ਗਈ।
ਉਸ ਨੇ ਕਿਹਾ, ‘‘ਦੱਖਣ-ਪੂਰਬ ਅਰਬ ਸਾਗਰ ’ਤੇ ਬੱਦਲ ਦਾ ਦ੍ਰਵਮਾਨ ਵੀ ਵਧ ਰਿਹਾ ਹੈ। ਅਸੀਂ ਉਮੀਦ ਕਰਦੇ ਹਾਂ ਕਿ ਕੇਰਲ ’ਚ ਮੌਨਸੂਨ ਦੀ ਸ਼ੁਰੂਆਤ ਲਈ ਅਨੁਕੂਲ ਸਥਿਤੀਆਂ ’ਚ ਅਗਲੇ ਤਿੰਨ-ਚਾਰ ਦਿਨਾਂ ਦੌਰਾਨ ਹੋਰ ਸੁਧਾਰ ਹੋਵੇਗਾ।’’
ਵਿਗਿਆਨਿਕਾਂ ਨੇ ਕਿਹਾ ਕਿ ਹਾਲਾਂਕਿ, ਮੌਨਸੂਨ ਦੀ ਸ਼ੁਰੂਆਤ ’ਚ ਇਸ ਥੋੜ੍ਹੀ ਦੇਰੀ ਨਾਲ ਦੇਸ਼ ਅੰਦਰ ਫ਼ਸਲਾਂ ਦੀ ਬਿਜਾਈ ਅਤੇ ਕੁਲ ਮੀਂਹ ’ਤੇ ਅਸਰ ਪੈਣ ਦੀ ਸੰਭਾਵਨਾ ਨਹੀਂ ਹੈ।
ਮੌਸਮ ਵਿਭਾਗ ਨੇ ਕਿਹਾ ਸੀ ਕਿ ਅਲ ਨੀਨੋ ਦੀ ਸਥਿਤੀ ਵਿਕਸਤ ਹੋਣ ਦੇ ਬਾਵਜੂਦ ਦਖਣ-ਪਛਮੀ ਮੌਨਸੂਨ ਦੇ ਮੌਸਮ ’ਚ ਭਾਰਤ ਅੰਦਰ ਆਮ ਵਾਂਗ ਮੀਂਹ ਪੈਣ ਦੀ ਉਮੀਦ ਹੈ। ਉੱਤਰ-ਪਛਮੀ ਭਾਰਤ ’ਚ ਆਮ ਤੋਂ ਲੈ ਕੇ ਘੱਟ ਮੀਂਹ ਪੈਣ ਦੀ ਉਮੀਦ ਹੈ।