
ਪਤੀ ਨਾਲ ਕਥਿਤ ਲੜਾਈ ਮਗਰੋਂ ਚੁੱਕਿਆ ਭਿਆਨਕ ਕਦਮ
ਜੈਪੁਰ: ਪਰਿਵਾਰਕ ਕਲੇਸ਼ ਕਿਸ ਹੱਦ ਤਕ ਗੰਭੀਰ ਹੋ ਸਕਦੇ ਹਨ ਇਸ ਦੀ ਉਦਾਹਰਣ ਅੱਜ ਉਦੋਂ ਮਿਲੀ ਜਦੋਂ ਰਾਜਸਥਾਨ ਦੇ ਬਾੜਮੇਰ ਜ਼ਿਲ੍ਹੇ ਦੇ ਮੰਡਲੀ ਥਾਣਾ ਖੇਤਰ ’ਚ ਇਕ ਔਰਤ ਨੇ ਕਥਿਤ ਤੌਰ ’ਤੇ ਅਪਣੇ ਚਾਰ ਬੱਚਿਆਂ ਦਾ ਕਤਲ ਕਰ ਕੇ ਖ਼ੁਦ ਨੂੰ ਫਾਂਸੀ ਲਾ ਕੇ ਖ਼ੁਦਕੁਸ਼ੀ ਕਰ ਲਈ। ਅਜੇ ਇਕ ਦਿਨ ਪਹਿਲਾਂ ਹੀ ਉੱਤਰ ਪ੍ਰਦੇਸ਼ ’ਚ ਇਕ ਔਰਤ ਵਲੋਂ ਵੀ ਪ੍ਰਵਾਰਕ ਕਲੇਸ਼ ਕਰਕੇ ਅਪਣੇ ਤਿੰਨ ਬੱਚਿਆਂ ਨੂੰ ਖੂਹ ’ਚ ਸੁੱਟ ਕੇ ਮਾਰਨ ਦੀ ਘਟਨਾ ਸਾਹਮਣੇ ਆਈ ਸੀ।
ਇਕ ਪੁਲਿਸ ਅਧਿਕਾਰੀ ਨੇ ਦਸਿਆ ਕਿ ਔਰਤ ਨੇ ਪਹਿਲਾਂ ਅਪਣੇ ਚਾਰ ਬੱਚਿਆਂ ਨੂੰ ਕਥਿਤ ਤੌਰ ’ਤੇ ਕਣਕ ਦੇ ਡਰੰਮ ’ਚ ਪਾ ਕੇ ਉਸ ਦਾ ਢੱਕਣ ਬੰਦ ਕਰ ਦਿਤਾ ਅਤੇ ਫਿਰ ਖ਼ੁਦ ਨੂੰ ਫਾਂਸੀ ਲਾ ਕੇ ਖ਼ੁਦਕੁਸ਼ੀ ਕਰ ਲਈ। ਉਨ੍ਹਾਂ ਕਿਹਾ ਕਿ ਪੰਜੇ ਲਾਸ਼ਾਂ ਦਾ ਪੋਸਟਮਾਰਟਮ ਲਈ ਹਸਪਤਾਲ ਦੇ ਮੁਰਦਾਘਰ ’ਚ ਰਖਵਾਇਆ ਗਿਆ ਹੈ।
ਮੰਡਲੀ ਥਾਣਾ ਅਧਿਕਾਰੀ ਕਮਲੇਸ਼ ਨੇ ਦਸਿਆ ਕਿ ਬਾਨਿਆਵਾਸ ਪਿੰਡ ਦੀ ਰਹਿਣ ਵਾਲੀ ਉਰਮਿਲਾ (27) ਨੇ ਅਪਣੇ ਚਾਰ ਬੱਚਿਆਂ ਭਾਵਨਾ (8), ਵਿਕਰਮ (5), ਵਿਮਲਾ (3) ਅਤੇ ਮਨੀਸ਼ਾ (2) ਨੂੰ ਕਥਿਤ ਤੌਰ ’ਤੇ ਅਨਾਜ ਦੇ ਡਰੰਮ ’ਚ ਪਾ ਕੇ ਬਾਹਰ ਤੋਂ ਢੱਕਣ ਬੰਦ ਕਰ ਦਿਤਾ ਅਤੇ ਫਿਰ ਖ਼ੁਦ ਫਾਂਸੀ ਦਾ ਫੰਦਾ ਲਾ ਕੇ ਖ਼ੁਦਕੁਸ਼ੀ ਕਰ ਲਈ। ਬੱਚਿਆਂ ਦੀ ਮੌਤ ਦਮ ਘੁੱਟਣ ਕਰਕੇ ਹੋ ਗਈ। ਘਟਨਾ ਵੇਲੇ ਔਰਤ ਦਾ ਪਤੀ ਜੇਠਾਰਾਮ ਮਜ਼ਦੂਰੀ ਲਈ ਬਾਲੇਸਰ (ਜੋਧਪੁਰ) ਗਿਆ ਹੋਇਆ ਸੀ।
ਉਨ੍ਹਾਂ ਨੇ ਦਸਿਆ ਕਿ ਜਦੋਂ ਸ਼ਾਮ ਵੇਲੇ ਉਰਮਿਲਾ ਅਤੇ ਉਸ ਦੇ ਬੱਚੇ ਨਹੀਂ ਦਿਸੇ ਤਾਂ ਨੇੜੇ ਹੀ ਰਹਿ ਰਹੇ ਜੇਠਾਰਾਮ ਦੇ ਰਿਸ਼ਤੇਦਾਰ ਉਸ ਦੇ ਘਰ ਪੁੱਜੇ। ਰਿਸ਼ਤੇਦਾਰਾਂ ਨੇ ਉਰਮਿਲਾ ਨੂੰ ਫਾਂਸੀ ਦੇ ਫੰਦੇ ’ਤੇ ਝੂਲਦਾ ਵੇਖਿਆ ਅਤੇ ਉਨ੍ਹਾਂ ਨੇ ਜਦੋਂ ਬੱਚਿਆਂ ਦੀ ਭਾਲ ਕੀਤੀ ਤਾ ਉਹ ਡਰੰਮ ਅੰਦਰੋਂ ਮਿਲੇ। ਇਸ ਤੋਂ ਬਾਅਦ ਰਿਸ਼ਤੇਦਾਰਾਂ ਨੇ ਪੁਲਿਸ ਨੂੰ ਮਾਮਲੇ ਦੀ ਸੂਚਨਾ ਦਿਤੀ।
ਥਾਣਾ ਅਧਿਕਾਰੀ ਨੇ ਦਸਿਆ ਕਿ ਪਹਿਲੀ ਨਜ਼ਰੇ ਇਹ ਪਤੀ-ਪਤਨੀ ਵਿਚਕਾਰ ਹੋਈ ਲੜਾਈ ਕਰਕੇ ਔਰਤ ਵਲੋਂ ਅਪਣੇ ਬੱਚਿਆਂ ਦੇ ਕਤਲ ਤੋਂ ਬਾਅਦ ਖ਼ੁਦਕੁਸ਼ੀ ਕਰਨ ਦਾ ਮਾਮਲਾ ਲਗ ਰਿਹਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।