ਨਾਗਾ ਸੰਤਾਂ ਨਾਲ ਸਬੰਧਤ ਅਖਾੜੇ ਨੇ ਲਾਈ ਪਾਬੰਦੀ
ਹਰਿਦੁਆਰ (ਉੱਤਰਾਖੰਡ): ਉੱਤਰਾਖੰਡ ਦੇ ਹਰਿਦੁਆਰ, ਰਿਸ਼ੀਕੇਸ਼ ਅਤੇ ਦੇਹਰਾਦੂਨ ਜ਼ਿਲ੍ਹਿਆਂ ’ਚ ਮੰਦਰ ਪ੍ਰਸ਼ਾਸਕਾਂ ਨੇ ਢੰਗ ਦੇ ਕਪੜੇ ਨਾ ਪਾਉਣ ਵਾਲਿਆਂ ਦੇ ਮੰਦਰਾਂ ’ਚ ਦਾਖ਼ਲ ਹੋਣ ’ਤੇ ਪਾਬੰਦੀ ਲਾ ਦਿਤੀ ਹੈ।
ਮਹਾਨਿਰਵਾਣੀ ਪੰਚਾਇਤੀ ਅਖਾੜੇ ਦੇ ਸਕੱਤਰ ਮਹੰਤ ਰਵਿੰਦਰ ਪੁਰੀ ਨੇ ਕਿਹਾ ਕਿ ਦਕਸ਼ ਪ੍ਰਜਾਪਤੀ ਮੰਦਰ (ਹਰਿਦੁਆਰ), ਟਪਕੇਸ਼ਵਰ ਮਹਾਦੇਵ ਮੰਦਰ (ਦੇਹਰਾਦੂਨ) ਅਤੇ ਨੀਲਕੰਠ ਮਹਾਦੇਵ ਮੰਦਰ (ਰਿਸ਼ੀਕੇਸ਼) ’ਚ ‘ਛੋਟੇ ਕਪੜੇ ਪਾਉਣ ਵਾਲੇ ਔਰਤਾਂ/ਮਰਦਾਂ’ ਦੇ ਵੜਨ ’ਤੇ ਪਾਬੰਦੀ ਲਾ ਦਿਤੀ ਗਈ ਹੈ।
ਕੁਲ ਭਾਰਤੀ ਅਖਾਣਾ ਪਰਿਸ਼ਦ ਦੇ ਮੁਖੀ ਪੁਰੀ ਨੇ ਕਿਹਾ ਕਿ ਅਜਿਹੀਆਂ ਔਰਤਾਂ ਨੂੰ ਹੀ ਮੰਦਰਾਂ ’ਚ ਦਾਖ਼ਲ ਹੋਣ ਦਿਤਾ ਜਾਵੇਗਾ ਜਿਨ੍ਹਾਂ ਨੇ 80 ਫ਼ੀਸਦੀ ਤਕ ਸਰੀਰ ਢਕਣ ਵਾਲੇ ਕਪੜੇ ਪਾਏ ਹੋਣਗੇ। ਉਨ੍ਹਾਂ ਕਿਹਾ ਕਿ ਮਹਾਨਿਰਵਾਣੀ ਪੰਚਾਇਤੀ ਅਖਾੜੇ ਨਾਲ ਜੁੜੇ ਇਨ੍ਹਾਂ ਮੰਦਰਾਂ ’ਚ ਇਹ ਪਾਬੰਦੀ ਤੁਰਤ ਲਾਗੂ ਹੋਵੇਗੀ।
ਮਹਾਨਿਰਵਾਣੀ ਪੰਚਾਇਤੀ ਅਖਾੜਾ ਦਸ਼ਨਾਮ ਨਾਗਾ ਸੰਤਾਂ ਨਾਲ ਸਬੰਧਤ ਹੈ। ਪੁਰੀ ਨੇ ਕਿਹਾ ਕਿ ਛੇਤੀ ਹੀ ਇਹ ਪਾਬੰਦੀ ਦੇਸ਼ ਭਰ ਦੇ ਅਖਾੜਿਆਂ ਨਾਲ ਜੁੜੇ ਮੰਦਰਾਂ ’ਤੇ ਲਾਗੂ ਕੀਤੀ ਜਾਵੇਗੀ।
ਅਜਿਹੀ ਪਾਬੰਦੀ ਦਾ ਕਾਰਨ ਪੁੱਛਣ ’ਤੇ ਉਨ੍ਹਾਂ ਕਿਹਾ, ‘‘ਹਰਿਦੁਆਰ ਦੇ ਕਨਖਲ ’ਚ ਸਥਿਤ ਦਕਸ਼ੇਸਵਰ ਮਹਾਦੇਵ ਮੰਦਰ- ਜਿਸ ਨੂੰ ਦਕਸ਼ ਪ੍ਰਜਾਪਤੀ ਮੰਦਰ ਵੀ ਕਿਹਾ ਜਾਂਦਾ ਹੈ, ਨੂੰ ਭਗਵਾਨ ਸ਼ਿਵ ਦਾ ਸਹੁਰਾ ਘਰ ਮੰਨਿਆ ਜਾਂਦਾ ਹੈ। ਦੁਨੀਆ ਭਰ ਦੇ ਲੋਕ ਇਸ ਮੰਦਰ ’ਚ ਦਰਸ਼ਨ ਕਰਨ ਆਉਂਦੇ ਹਨ ਪਰ ਕਦੀ-ਕਦੀ ਮੰਦਰ ਆਉਣ ਵਾਲੇ ਵਿਅਕਤੀਆਂ ਦੇ ਕਪੜੇ ਏਨੇ ਛੋਟੇ ਹੁੰਦੇ ਹਨ ਕਿ ਦੂਜੇ ਲੋਕਾਂ ਨੂੰ ਵੇਖ ਕੇ ਸ਼ਰਮ ਆਉਣ ਲਗਦੀ ਹੈ।’’
ਉਨ੍ਹਾਂ ਕਿਹਾ ਕਿ ਲਗਾਤਾਰ ਮਿਲ ਰਹੀਆਂ ਸ਼ਿਕਾਇਤਾਂ ਦੇ ਆਧਾਰ ’ਤੇ ਇਹ ਪਾਬੰਦੀ ਲਾਈ ਗਈ ਹੈ ਅਤੇ ਪਾਬੰਦੀ ਦੀ ਉਲੰਘਣਾ ਕਰਨ ਵਾਲਿਆਂ ਨਾਲ ਸਖ਼ਤੀ ਨਲ ਨਿਪਟਿਆ ਜਾਵੇਗਾ।