
ਕੌਮੀ ਮਹਿਲਾ ਕਮਿਸ਼ਨ ਨੂੰ ਜੂਨ ਮਹੀਨੇ ’ਚ ਔਰਤਾਂ ਵਿਰੁਧ ਅਪਰਾਧ ਦੀਆਂ 2,043 ਸ਼ਿਕਾਇਤਾਂ ਮਿਲੀਆਂ।
੍ਵਨਵੀਂ ਦਿੱਲੀ, 3 ਜੁਲਾਈ : ਕੌਮੀ ਮਹਿਲਾ ਕਮਿਸ਼ਨ ਨੂੰ ਜੂਨ ਮਹੀਨੇ ’ਚ ਔਰਤਾਂ ਵਿਰੁਧ ਅਪਰਾਧ ਦੀਆਂ 2,043 ਸ਼ਿਕਾਇਤਾਂ ਮਿਲੀਆਂ। ਸ਼ਿਕਾਇਤਾਂ ਦੀ ਇਹ ਗਿਣਤੀ ਅੱਠ ਮਹੀਨੇ ’ਚ ਸੱਭ ਤੋਂ ਜ਼ਿਆਦਾ ਹੈ। ਮਹਿਲਾ ਕਮਿਸ਼ਨ ਦੇ ਅੰਕੜਿਆਂ ਅਨੁਸਾਰ 452 ਸ਼ਿਕਾਇਤਾਂ ਘਰੇਲੂ ਹਿੰਸਾ ਦੀਆਂ ਸਨ। 603 ਸ਼ਿਕਾਇਤਾਂ ਮਾਨਸਿਕ ਤੇ ਭਾਵਨਾਤਮਕ ਅਪਸ਼ਬਦ ਬੋਲਣ ਨਾਲ ਜੁੜੀਆਂ ਹੋਈਆਂ ਸਨ ਤੇ ਇਨ੍ਹਾਂ ਨੂੰ ਸਨਮਾਨ ਨਾਲ ਜਿਉਣ ਦੇ ਅਧਿਕਾਰ ਦੀ ਧਾਰਾ ਤਹਿਤ ਦਰਜ ਕਰਵਾਇਆ ਗਿਆ ਸੀ।
ਜੂਨ ’ਚ ਮਿਲੀਆਂ ਸ਼ਿਕਾਇਤਾਂ ਪਿਛਲੇ ਸਾਲ ਸਤੰਬਰ ਤੋਂ ਬਾਅਦ ਸੱਭ ਤੋਂ ਜ਼ਿਆਦਾ ਹਨ, ਜਦੋਂ 2,379 ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਸਨ। ਮਹਿਲਾ ਕਮਿਸ਼ਨ ਦੀ ਪ੍ਰਧਾਨ ਰੇਖਾ ਸ਼ਰਮਾ ਨੇ ਸ਼ਿਕਾਇਤਾਂ ’ਚ ਵਾਧੇ ਲਈ ਸੋਸ਼ਲ ਮੀਡੀਆ ’ਤੇ ਕਮਿਸ਼ਨ ਦੀਆਂ ਵਧੀਆਂ ਹੋਈਆਂ ਸਰਗਰਮੀਆਂ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਦਸਿਆ ਕਿ ਸ਼ਿਕਾਇਤਾਂ ’ਚ ਵਾਧੇ ਦਾ ਕਾਰਨ ਹੈ ਕਿ ਹੁਣ ਉਹ ਸੋਸ਼ਲ ਮੀਡੀਆ ’ਤੇ ਕਾਫ਼ੀ ਸਰਗਰਮ ਹਨ। ਉਹ ਟਵਿੱਟਰ ਤੇ ਹੋਰ ਸੋਸ਼ਲ ਮੀਡੀਆ ਪਲੇਟਫ਼ਾਰਮ ਤੋਂ ਵੀ ਸ਼ਿਕਾਇਤਾਂ ਦਰਜ ਕਰ ਲੈਂਦੇ ਹਨ।
File Photo
ਕੇਸ ਦਰਜ ਕਰਨ ਲਈ ਉਨ੍ਹਾਂ ਕੋਲ ਵ੍ਹਟਸਐਪ ਨੰਬਰ ਹੈ, ਜੋ ਪਹਿਲਾਂ ਨਹੀਂ ਸੀ। ਦੂਜੇ ਨੰਬਰ ’ਤੇ 452 ਸ਼ਿਕਾਇਤਾਂ ਘਰੇਲੂ ਹਿੰਸਾ ਨਾਲ ਔਰਤਾਂ ਦੀ ਸੁਰੱਖਿਆ ਧਾਰਾ ਤਹਿਤ ਦਰਜ ਕਰਵਾਈਆਂ ਗਈਆਂ। ਇਸ ਲਈ ਵੀ ਰੇਖਾ ਸ਼ਰਮਾ ਨੇ ਸੋਸ਼ਲ ਮੀਡੀਆ ’ਤੇ ਕਮਿਸ਼ਨ ਦੀ ਸਰਗਰਮੀ ਨੂੰ ਜ਼ਿੰਮੇਵਾਰ ਠਹਿਰਾਇਆ।
ਉਨ੍ਹਾਂ ਕਿਹਾ ਕਿ ਅਸੀਂ ਔਰਤਾਂ ਨੂੰ ਇਸ ਗੱਲ ਲਈ ਜਾਗਰੂਕ ਕੀਤਾ ਕਿ ਉਹ ਸਾਡੇ ਕੋਲ ਕਿਸ ਤਰ੍ਹਾਂ ਪੁੱਜ ਸਕਦੀਆਂ ਹਨ। ਇਸ ਲਈ ਅਸੀਂ ਦੂਰਦਰਸ਼ਨ ’ਤੇ ਪ੍ਰਾਈਮ ਟਾਈਮ ਦੌਰਾਨ ਇਸ਼ਤਿਹਾਰ ਦਿਤਾ। ਅਸੀਂ ਐਮਰਜੈਂਸੀ ਵ੍ਹਟਸਐਪ ਨੰਬਰ ਸ਼ੁਰੂ ਕੀਤਾ ਹੈ, ਜਿਸ ਨਾਲ ਔਰਤਾਂ ਆਸਾਨੀ ਨਾਲ ਅਪਣੀਆਂ ਸ਼ਿਕਾਇਤਾਂ ਸਾਡੇ ਤਕ ਪਹੁੰਚਾ ਸਕਦੀਆਂ ਹਨ। ਇਹ ਹੀ ਕਾਰਨ ਹੈ ਕਿ ਸ਼ਿਕਾਇਤਾਂ ਦੀ ਗਿਣਤੀ ’ਚ ਵਾਧਾ ਹੋਇਆ ਹੈ। (ਏਜੰਸੀ)