
ਉਤਰ ਪ੍ਰਦੇਸ਼ ਦੇ ਕਾਨਪੁਰ ’ਚ ਹਿਸਟਰੀਸ਼ੀਟਰ ਬਦਮਾਸ਼ ਨੂੰ ਫੜਨ ਗਈ ਪੁਲਿਸ ਟੀਮ ’ਤੇ ਬਦਮਾਸ਼ਾਂ ਨੇ ਹਮਲਾ ਕਰ ਦਿਤਾ,
ਕਾਨਪੁਰ, 3 ਜੁਲਾਈ : ਉਤਰ ਪ੍ਰਦੇਸ਼ ਦੇ ਕਾਨਪੁਰ ’ਚ ਹਿਸਟਰੀਸ਼ੀਟਰ ਬਦਮਾਸ਼ ਨੂੰ ਫੜਨ ਗਈ ਪੁਲਿਸ ਟੀਮ ’ਤੇ ਬਦਮਾਸ਼ਾਂ ਨੇ ਹਮਲਾ ਕਰ ਦਿਤਾ, ਜਿਸ ’ਚ ਇਕ ਪੁਲਿਸ ਡਿਪਟੀ ਸੁਪਰਡੈਂਟ ਸਮੇਤ 8 ਪੁਲਿਸ ਮੁਲਾਜ਼ਮ ਸ਼ਹੀਦ ਹੋ ਗਏ ਜਦਕਿ 7 ਜ਼ਖ਼ਮੀ ਹਨ। ਇਸ ਘਟਨਾ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਨੇ ਅਪਰਾਧੀਆਂ ਵਿਰੁਧ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਪੁਲਿਸ ਡਾਇਰੈਕਟਰ ਜਨਰਲ ਜੈ ਨਾਰਾਇਣ ਸਿੰਘ ਨੇ ਅੱਜ ਸਵੇਰੇ ਇਹ ਜਾਣਕਾਰੀ ਦਿਤੀ।
ਉਨ੍ਹਾਂ ਦਸਿਆ ਕਿ ਕਾਨਪੁਰ ਦੇ ਚੌਬੇਪੁਰ ਖੇਤਰ ’ਚ ਹਿਸਟਰੀਸ਼ੀਟਰ ਵੀਰਵਾਰ ਦੇਰ ਰਾਤ ਪੁਲਿਸ ਡਿਪਟੀ ਸੁਪਰਡੈਂਟ ਬਿਲਹੌਰ ਦੇਵੇਂਦਰ ਮਿਸ਼ਰਾ ਦੀ ਅਗਵਾਈ ’ਚ ਬਿਠੂਰ, ਚੌਬੇਪੁਰ, ਸ਼ਿਵਰਾਜਪੁਰ ਥਾਣਿਆਂ ਦੀ ਪੁਲਿਸ ਟੀਮਾਂ ਅਪਰਾਧੀ ਵਿਕਾਸ ਦੁਬੇ ਨੂੰ ਫੜਨ ਵਿਕਰੂ ਪਿੰਡ ਪਹੁੰਚੀ ਸੀ। ਘੇਰਾਬੰਦੀ ਕਰਦੇ ਹੋਏ ਬਦਮਾਸ਼ ਦੀ ਗ੍ਰਿਫ਼ਤਾਰੀ ਲਈ ਜਾਲ ਵਿਛਾਇਆ।
ਇਸੇ ਦੌਰਾਨ ਬਦਮਾਸ਼ਾਂ ਨੇ ਛੱਤ ’ਤੇ ਚੜ੍ਹ ਕੇ ਪੁਲਿਸ ’ਤੇ ਗੋਲੀਬਾਰੀ ਸ਼ੁਰੂ ਕਰ ਦਿਤੀ। ਇਸ ਘਟਨਾ ’ਚ ਪੁਲਿਸ ਡਿਪਟੀ ਸੁਪਰਡੈਂਟ ਬਿਲਹੌਰ ਦੇਵੇਂਦਰ ਕੁਮਾਰ ਮਿਸ਼ਰ ਤੋਂ ਇਲਾਵਾ ਸ਼ਿਵਰਾਜਪੁਰ ਦੇ ਥਾਣਾ ਇੰਚਾਰਜ ਮਹੇਸ਼ ਯਾਦਵ, ਮੰਧਨਾ ਚੌਕੀ ਅਨੂਪ ਕੁਮਾਰ, ਸ਼ਿਵਕਰਾਜਪੁਰ ਥਾਣਾ ਇੰਚਾਰਜ ਅਨੂਪ ਕੁਮਾਰ, ਸ਼ਿਵਕਰਾਜਪੁਰ ਥਾਣੇ ’ਚ ਤਾਇਨਾਤ ਸਬ-ਇੰਸਪੈਕਟਰ ਨੇਬੂਲਾਲ, ਚੌਬੇਪੁਰ ਥਾਣੇ ’ਚ ਤਾਇਨਾਤ ਕਾਂਸਟੇਬਲ ਸੁਲਤਾਨ ਸਿੰਘ, ਬਿਠੂਰ ਥਾਣੇ ’ਚ ਤਾਇਨਾਤ ਕਾਂਸਟੇਬਲ ਰਾਹੁਲ, ਜਿਤੇਂਦਰ ਅਤੇ ਬੱਬਲੂ ਸ਼ਹੀਦ ਹੋ ਗਏ। ਇਸ ਘਟਨਾ ’ਚ 7 ਪੁਲਿਸ ਮੁਲਾਜ਼ਮਾਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਹੈ।
ਸਾਰਿਆਂ ਨੂੰ ਹਸਪਤਾਲ ’ਚ ਭਰਤੀ ਕਰਵਾ ਦਿਤਾ ਗਿਆ ਹੈ। ਉਨ੍ਹਾਂ ਦਸਿਆ ਕਿ ਬਦਮਾਸ਼ਾਂ ਨੂੰ ਫੜਨ ਲਈ ਐਸ.ਟੀ.ਐਫ਼. ਨੂੰ ਲਾਇਆ ਗਿਆ ਹੈ। ਸੂਤਰਾਂ ਅਨੁਸਾਰ ਪੁਲਿਸ ਵਲੋਂ ਤਿੰਨ ਬਦਮਾਸ਼ਾਂ ਨੂੰ ਮਾਰਨ ਦੀ ਖ਼ਬਰ ਹੈ। (ਏਜੰਸੀ)