
2 ਜੂਨ ਨੂੰ ਵਾਪਰੇ ਇਸ ਹਾਦਸੇ ‘ਚ 290 ਤੋਂ ਵੱਧ ਲੋਕਾਂ ਦੀ ਹੋਈ ਸੀ
ਓਡੀਸ਼ਾ : ਬਾਲਾਸੋਰ ਰੇਲ ਹਾਦਸੇ 'ਚ 290 ਤੋਂ ਵੱਧ ਲੋਕਾਂ ਦੀ ਮੌਤ ਦਾ ਜ਼ਿੰਮੇਵਾਰ ਕੌਣ? ਇਸ ਗੱਲ ਦਾ ਪਤਾ ਲੱਗ ਚੁੱਕਿਆ ਹੈ। ਰੇਲਵੇ ਸੁਰੱਖਿਆ ਕਮਿਸ਼ਨ (ਸੀਆਰਐਸ) ਨੇ ਅਪਣੀ ਰਿਪੋਰਟ ਵਿਚ ਕਿਹਾ ਕਿ ਰੇਲ ਹਾਦਸਾ ਸਿਗਨਲ ਅਤੇ ਦੂਰਸੰਚਾਰ (ਐਸਐਂਡਟੀ) ਵਿਭਾਗ ਵਿਚ ਕਈ ਪੱਧਰਾਂ 'ਤੇ ਖਾਮੀਆਂ ਕਾਰਨ ਵਾਪਰਿਆ ਹੈ। ਕਮਿਸ਼ਨ ਨੇ ਜਾਂਚ ਰਿਪੋਰਟ ਰੇਲ ਮੰਤਰਾਲੇ ਨੂੰ ਸੌਂਪ ਦਿਤੀ ਹੈ। 2 ਜੂਨ ਨੂੰ ਕੋਰੋਮੰਡਲ ਐਕਸਪ੍ਰੈਸ ਦੇ ਪਟੜੀ ਤੋਂ ਉਤਰਨ ਕਾਰਨ 900 ਤੋਂ ਵੱਧ ਲੋਕ ਜ਼ਖਮੀ ਹੋਏ ਸਨ।
ਰਿਪੋਰਟ ਵਿਚ ਦਸਿਆ ਗਿਆ ਹੈ ਕਿ ਦੋ ਖ਼ਰਾਬ ਮੁਰੰਮਤ ਦੇ ਕੰਮਾਂ (ਸਾਲ 2018 ਵਿੱਚ ਅਤੇ ਹਾਦਸੇ ਤੋਂ ਕੁਝ ਘੰਟੇ ਪਹਿਲਾਂ) ਕਾਰਨ ਕੋਰੋਮੰਡਲ ਐਕਸਪ੍ਰੈਸ ਇੱਕ ਹੋਰ ਟ੍ਰੈਕ ਉੱਤੇ ਇੱਕ ਮਾਲ ਗੱਡੀ ਨਾਲ ਟਕਰਾ ਗਈ। ਰਿਪੋਰਟ ਵਿਚ ਦਸਿਆ ਗਿਆ ਹੈ ਕਿ ਇਸੇ ਤਰ੍ਹਾਂ ਦੀ ਘਟਨਾ 16 ਮਈ 2022 ਨੂੰ ਖੜਗਪੁਰ ਰੇਲਵੇ ਡਿਵੀਜ਼ਨ ਦੇ ਅਧੀਨ ਬੰਗਾਲ ਦੇ ਇੱਕ ਸਟੇਸ਼ਨ 'ਤੇ ਵਾਪਰੀ ਸੀ। ਇਸ ਦੌਰਾਨ ਗਲਤ ਲਾਈਨਾਂ ਕਾਰਨ ਟਰੇਨ ਵੱਖਰੇ ਰੂਟ 'ਤੇ ਚਲੀ ਗਈ ਸੀ।
ਰਿਪੋਰਟ ਵਿਚ ਕਿਹਾ ਗਿਆ ਹੈ ਕਿ 2 ਜੂਨ ਨੂੰ ਵਾਪਰੀ ਘਟਨਾ ਨੂੰ ਰੋਕਿਆ ਜਾ ਸਕਦਾ ਸੀ ਜੇਕਰ ਸਥਾਨਕ ਸਿਗਨਲ ਸਿਸਟਮ ਵਿਚ ਅਕਸਰ ਆਉਣ ਵਾਲੀਆਂ ਸਮੱਸਿਆਵਾਂ ਨੂੰ ਹੱਲ ਕੀਤਾ ਜਾਂਦਾ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਕੋਰੋਮੰਡਲ ਐਕਸਪ੍ਰੈਸ ਦਾ ਹਾਦਸਾ ਪਹਿਲਾਂ ਕੀਤੇ ਗਏ ਸਿਗਨਲ ਸਰਕਟ ਬਦਲਣ ਦੇ ਕੰਮ ਵਿਚ ਖ਼ਰਾਬੀ ਕਾਰਨ ਵਾਪਰਿਆ। ਖਾਸ ਗੱਲ ਇਹ ਹੈ ਕਿ ਰਿਪੋਰਟ ਵਿਚ ਦਰਜ ਜਾਣਕਾਰੀ ਨੂੰ ਸੀਬੀਆਈ ਜਾਂਚ ਵਿਚ ਸ਼ਾਮਲ ਕੀਤਾ ਜਾਵੇਗਾ। ਹਾਲਾਂਕਿ, ਇੱਕ ਤੱਥ ਇਹ ਵੀ ਹੈ ਕਿ ਰੇਲ ਮੰਤਰਾਲਾ ਇਸ ਰਿਪੋਰਟ ਨੂੰ ਸਵੀਕਾਰ ਜਾਂ ਰੱਦ ਕਰ ਸਕਦਾ ਹੈ।
ਰਿਪੋਰਟਾਂ ਮੁਤਾਬਕ ਗਲਤ ਸਿਗਨਲ ਕਾਰਨ ਟਰੇਨ 128 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਮਾਲ ਟਰੇਨ ਟ੍ਰੈਕ 'ਤੇ ਪਹੁੰਚ ਗਈ ਸੀ ਅਤੇ ਟਕਰਾ ਗਈ ਸੀ। ਨਤੀਜੇ ਵਜੋਂ, ਜ਼ਿਆਦਾਤਰ ਰੇਲਗੱਡੀ ਪਟੜੀ ਤੋਂ ਉਤਰ ਗਈ ਅਤੇ ਕੁਝ ਬੋਗੀਆਂ ਬੈਂਗਲੁਰੂ-ਹਾਵੜਾ ਸੁਪਰਫਾਸਟ ਐਕਸਪ੍ਰੈਸ ਵਿਚ ਵੀ ਟਕਰਾ ਗਈਆਂ।
2018 ਵਿਚ ਖਰਾਬ ਮੁਰੰਮਤ ਦੇ ਕੰਮ ਵਿਚ ਕੇਬਲ ਸਮੱਸਿਆਵਾਂ ਸ਼ਾਮਲ ਸਨ, ਜਿਨ੍ਹਾਂ ਦੀ ਮੁਰੰਮਤ ਕੀਤੀ ਗਈ ਸੀ ਪਰ ਸਰਕਟ ਬੋਰਡ 'ਤੇ ਨਿਸ਼ਾਨ ਨਹੀਂ ਲਗਾਇਆ ਗਿਆ ਸੀ। ਜਿਸ ਕਾਰਨ ਉਕਤ ਪੈਨਲ 'ਤੇ ਕੰਮ ਕਰਦੇ ਸਟਾਫ਼ ਨੂੰ 2 ਜੂਨ ਨੂੰ ਇਸ ਬਾਰੇ ਪਤਾ ਨਹੀਂ ਲੱਗ ਸਕਿਆ |
ਰਿਪੋਰਟ 'ਚ ਰੇਲਵੇ ਨੂੰ ਅਜਿਹੀਆਂ ਘਟਨਾਵਾਂ 'ਤੇ ਜਲਦੀ ਜਵਾਬ ਦੇਣ ਦੀ ਸਲਾਹ ਦਿਤੀ ਗਈ ਹੈ। ਕਿਹਾ ਗਿਆ ਸੀ,'ਰੇਲਵੇ ਨੂੰ ਆਪਦਾ ਪ੍ਰਤੀਕਿਰਿਆ ਪ੍ਰਣਾਲੀ ਦੀ ਸਮੀਖਿਆ ਕਰਨੀ ਚਾਹੀਦੀ ਹੈ।' ਇਸ ਵਿਚ SDRF ਅਤੇ NDRF ਦੇ ਨਾਲ ਜ਼ੋਨਲ ਰੇਲਵੇ ਦੇ ਸਹਿਯੋਗ ਦੀ ਸਮੀਖਿਆ ਵੀ ਸ਼ਾਮਲ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸਿਗਨਲ ਦੀਆਂ ਤਾਰਾਂ ਦੀ ਸਮੀਖਿਆ ਲਈ ਵੀ ਮੁਹਿੰਮ ਸ਼ੁਰੂ ਕੀਤੀ ਜਾਵੇ।