
ਮਹਾਨਗਰਾਂ ’ਚੋਂ ਕੋਲਕਾਤਾ ਵਿਚ ਕੀਮਤ ਸਭ ਤੋਂ ਵੱਧ, ਸਿਲੀਗੁੜੀ ’ਚ ਕੀਮਤ 155 ਰੁਪਏ ਪ੍ਰਤੀ ਕਿੱਲੋ
ਨਵੀਂ ਦਿੱਲੀ: ਦੇਸ਼ ਦੇ ਪ੍ਰਮੁੱਖ ਸ਼ਹਿਰਾਂ ਵਿਚ ਟਮਾਟਰ ਦੀ ਪ੍ਰਚੂਨ ਕੀਮਤ 155 ਰੁਪਏ ਪ੍ਰਤੀ ਕਿਲੋ ਤਕ ਪਹੁੰਚ ਗਈ ਹੈ। ਉਤਪਾਦਕ ਇਲਾਕਿਆਂ ’ਚ ਮੀਂਹ ਕਾਰਨ ਸਪਲਾਈ ’ਚ ਅੜਿੱਕਾ ਪੈਣ ਮਗਰੋਂ ਟਮਾਟਰ ਦੀਆਂ ਕੀਮਤਾਂ ’ਚ ਵਾਧਾ ਹੋਇਆ ਹੈ। ਸਰਕਾਰੀ ਅੰਕੜਿਆਂ 'ਚ ਇਹ ਜਾਣਕਾਰੀ ਦਿਤੀ ਗਈ ਹੈ।
ਮਹਾਨਗਰਾਂ ’ਚ ਟਮਾਟਰ ਦੀ ਪ੍ਰਚੂਨ ਕੀਮਤ 58-148 ਰੁਪਏ ਪ੍ਰਤੀ ਕਿਲੋ ਦੇ ਵਿਚਕਾਰ ਰਹੀ। ਕੋਲਕਾਤਾ ਵਿਚ ਟਮਾਟਰ ਦੀ ਕੀਮਤ ਸਭ ਤੋਂ ਵੱਧ 148 ਰੁਪਏ ਪ੍ਰਤੀ ਕਿਲੋਗ੍ਰਾਮ ਅਤੇ ਮੁੰਬਈ ਵਿਚ ਸਭ ਤੋਂ ਘੱਟ 58 ਰੁਪਏ ਪ੍ਰਤੀ ਕਿਲੋਗ੍ਰਾਮ ਰਹੀ।
ਦਿੱਲੀ ਅਤੇ ਚੇਨਈ ਵਿਚ ਕੀਮਤਾਂ ਲੜੀਵਾਰ 110 ਰੁਪਏ ਪ੍ਰਤੀ ਕਿਲੋ ਅਤੇ 117 ਰੁਪਏ ਪ੍ਰਤੀ ਕਿਲੋਗ੍ਰਾਮ ਸਨ।
ਖਪਤਕਾਰ ਮਾਮਲਿਆਂ ਦੇ ਮੰਤਰਾਲੇ ਦੇ ਅੰਕੜਿਆਂ ਅਨੁਸਾਰ, ਔਸਤ ਆਲ ਇੰਡੀਆ ਪ੍ਰਚੂਨ ਮੁੱਲ 83.29 ਰੁਪਏ ਪ੍ਰਤੀ ਕਿਲੋਗ੍ਰਾਮ ਸੀ। ਜਿਸ ਦੀ ਮਾਡਲ ਕੀਮਤ 100 ਰੁਪਏ ਪ੍ਰਤੀ ਕਿਲੋ ਸੀ।
ਅੰਕੜੇ ਦਸਦੇ ਹਨ ਕਿ ਪੱਛਮੀ ਬੰਗਾਲ ਦੇ ਸਿਲੀਗੁੜੀ ਵਿਚ ਟਮਾਟਰ ਦੀ ਸਭ ਤੋਂ ਵੱਧ ਕੀਮਤ 155 ਰੁਪਏ ਪ੍ਰਤੀ ਕਿਲੋ ਰਹੀ।
ਇਸ ਦੌਰਾਨ, ਰਾਸ਼ਟਰੀ ਰਾਜਧਾਨੀ ਵਿਚ ਸਥਾਨਕ ਵਿਕਰੀਕਰਤਾ ਕੁਆਲਿਟੀ ਅਤੇ ਸਥਾਨ ਦੇ ਹਿਸਾਬ ਨਾਲ 120-140 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਟਮਾਟਰ ਵੇਚ ਰਹੇ ਹਨ।
ਪਛਮੀ ਵਿਹਾਰ ਦੇ ਇਕ ਸਥਾਨਕ ਵਿਕਰੇਤਾ ਜੋਤਿਸ਼ ਕੁਮਾਰ ਝਾਅ ਨੇ ਕਿਹਾ, ‘‘ਅਸੀਂ ਆਜ਼ਾਦਪੁਰ ਥੋਕ ਬਾਜ਼ਾਰ ਤੋਂ 120 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਧੀਆ ਕੁਆਲਿਟੀ ਦਾ ਟਮਾਟਰ ਖਰੀਦਿਆ ਹੈ ਅਤੇ ਇਸ ਨੂੰ ਪ੍ਰਚੂਨ ਵਿਚ 140 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚ ਰਹੇ ਹਾਂ।’’
ਪਿਛਲੇ ਦੋ ਹਫ਼ਤਿਆਂ ਦੌਰਾਨ ਉਤਪਾਦਕ ਰਾਜਾਂ ਤੋਂ ਸਪਲਾਈ ਵਿਚ ਵਿਘਨ ਪਿਆ ਹੈ, ਜਿਸ ਨਾਲ ਟਮਾਟਰ ਦੀ ਕਟਾਈ ਅਤੇ ਆਵਾਜਾਈ ਪ੍ਰਭਾਵਿਤ ਹੋਈ ਹੈ।
ਸਰਕਾਰ ਦਾ ਕਹਿਣਾ ਹੈ ਕਿ ਟਮਾਟਰ ਦੀਆਂ ਕੀਮਤਾਂ ਵਿਚ ਮੌਜੂਦਾ ਵਾਧਾ ਇਕ ਮੌਸਮੀ ਮਾਮਲਾ ਹੈ ਅਤੇ ਇਸ ਸਮੇਂ ਦੌਰਾਨ ਕੀਮਤਾਂ ਆਮ ਤੌਰ ’ਤੇ ਉੱਚੀਆਂ ਹੁੰਦੀਆਂ ਹਨ। ਅਗਲੇ 15 ਦਿਨਾਂ ਵਿਚ ਕੀਮਤਾਂ ਵਿਚ ਨਰਮੀ ਅਤੇ ਇਕ ਮਹੀਨੇ ਵਿਚ ਆਮ ਵਾਂਗ ਹੋਣ ਦੀ ਉਮੀਦ ਹੈ।