
ਜਮ੍ਹਾਂਕਰਤਾਵਾਂ ਦੇ ਕਰੋੜਾਂ ਰੁਪਏ ਦੀ ਮਿਹਨਤ ਦੀ ਕਮਾਈ ਵਾਪਸ ਕਰਨ ਦੀ ਪ੍ਰਕਿਰਿਆ ਸ਼ੁਰੂ
ਨਵੀਂ ਦਿੱਲੀ: ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਸ਼ੁਕਰਵਾਰ ਨੂੰ ਸਹਾਰਾ ਸਮੂਹ ਦੀਆਂ ਚਾਰ ਸਹਿਕਾਰੀ ਸਭਾਵਾਂ ਦੇ ਜਮ੍ਹਾਂਕਰਤਾਵਾਂ ਦੇ ਕਰੋੜਾਂ ਰੁਪਏ ਦੀ ਮਿਹਨਤ ਦੀ ਕਮਾਈ ਵਾਪਸ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿਤੀ ਹੈ। ਇਸ ਦੇ ਪਹਿਲੇ ਪੜਾਅ ਦੇ ਤਹਿਤ, ਉਸ ਨੇ 112 ਛੋਟੇ ਨਿਵੇਸ਼ਕਾਂ ਨੂੰ 10,000 ਰੁਪਏ ਦੀ ਪਹਿਲੀ ਕਿਸਤ ਜਾਰੀ ਕੀਤੀ।
ਸ਼ਾਹ ਨੇ ਕਿਹਾ ਕਿ ਹੁਣ ਤਕ 18 ਲੱਖ ਜਮ੍ਹਾਕਰਤਾ ‘ਸੀ.ਆਰ.ਸੀ.ਐਸ.-ਸਹਾਰਾ ਰਿਫੰਡ ਪੋਰਟਲ’ ’ਤੇ ਰਜਿਸਟਰ ਕਰ ਚੁਕੇ ਹਨ। ਇਹ ਪੋਰਟਲ 18 ਜੁਲਾਈ ਨੂੰ ਲਾਂਚ ਕੀਤਾ ਗਿਆ ਸੀ।
ਉਨ੍ਹਾਂ ਰਕਮ ਜਾਰੀ ਕਰਨ ਤੋਂ ਬਾਅਦ ਕਿਹਾ, ‘‘ਹੁਣ ਤਕ 18 ਲੱਖ ਨਿਵੇਸ਼ਕ ਪੋਰਟਲ ’ਤੇ ਰਜਿਸਟਰ ਕਰ ਚੁੱਕੇ ਹਨ... ਅੱਜ 112 ਨਿਵੇਸ਼ਕਾਂ ’ਚੋਂ ਹਰ ਕਿਸੇ ਦੇ ਬੈਂਕ ਖਾਤੇ ’ਚ ਲਗਭਗ 10,000 ਰੁਪਏ ਟ੍ਰਾਂਸਫਰ ਕੀਤੇ ਗਏ ਹਨ।’’
ਸ਼ਾਹ ਨੇ ਕਿਹਾ ਕਿ ਆਡਿਟ ਪੂਰਾ ਹੁੰਦੇ ਹੀ ਫੰਡਾਂ ਦੀ ਅਗਲੀ ਕਿਸਤ ਟਰਾਂਸਫਰ ਕਰ ਦਿਤੀ ਜਾਵੇਗੀ। ਉਨ੍ਹਾਂ ਜਮ੍ਹਾਂਕਰਤਾਵਾਂ ਨੂੰ ਵਧਾਈ ਦਿੰਦਿਆਂ ਕਿਹਾ, ‘‘ਮੈਂ ਭਰੋਸਾ ਦੇਣਾ ਚਾਹੁੰਦਾ ਹਾਂ ਅਤੇ ਮੈਨੂੰ ਯਕੀਨ ਹੈ ਕਿ ਆਉਣ ਵਾਲੇ ਦਿਨਾਂ ’ਚ ਸਾਰੇ ਜਮ੍ਹਾਂਕਰਤਾਵਾਂ ਨੂੰ ਉਨ੍ਹਾਂ ਦੇ ਪੈਸੇ ਮਿਲ ਜਾਣਗੇ।’’
ਸ਼ਾਹ ਨੇ ਕਿਹਾ ਕਿ ਇਹ ਯਕੀਨੀ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਨਿਵੇਸ਼ਕਾਂ ਦਾ ਪੈਸਾ ਸੁਰੱਖਿਅਤ ਹੈ ਅਤੇ ਉਨ੍ਹਾਂ ਨੂੰ ਵਾਪਸ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਮੈਨੇਜਮੈਂਟ ਦੀ ਗਲਤੀ ਅਤੇ ਅਦਾਲਤੀ ਕੇਸਾਂ ’ਚ ਦੇਰੀ ਕਾਰਨ ਸਹਾਰਾ ਦੇ ਜਮ੍ਹਾਂਕਰਤਾਵਾਂ ਨੂੰ ਪਿਛਲੇ 12-15 ਸਾਲਾਂ ਤੋਂ ਉਨ੍ਹਾਂ ਦੇ ਪੈਸੇ ਵਾਪਸ ਨਹੀਂ ਮਿਲ ਰਹੇ।
ਸੇਬੀ-ਸਹਾਰਾ ਫੰਡ ਤੋਂ 5,000 ਕਰੋੜ ਰੁਪਏ ਪ੍ਰਾਪਤ ਕਰਨ ਲਈ ਸਹਿਕਾਰੀ ਮੰਤਰਾਲੇ ਦੇ ਯਤਨਾਂ ਦਾ ਹਵਾਲਾ ਦਿੰਦੇ ਹੋਏ, ਸ਼ਾਹ ਨੇ ਕਿਹਾ ਕਿ ਮੰਤਰਾਲੇ ਨੇ ਇਸ ਮੁੱਦੇ ’ਤੇ ਸੀ.ਬੀ.ਆਈ. ਅਤੇ ਆਮਦਨ ਟੈਕਸ ਵਿਭਾਗ ਸਮੇਤ ਸਾਰੀਆਂ ਸਬੰਧਤ ਸਰਕਾਰੀ ਸੰਸਥਾਵਾਂ ਨੂੰ ਇਕੱਠੇ ਕਰਨ ਲਈ ਪਹਿਲ ਕੀਤੀ। ਇਸ ਦੇ ਨਾਲ ਹੀ ਸੁਪਰੀਮ ਕੋਰਟ ਨੂੰ ਅਪੀਲ ਕੀਤੀ ਗਈ ਕਿ ਪੈਸੇ ’ਤੇ ਪਹਿਲਾ ਹੱਕ ਛੋਟੇ ਨਿਵੇਸ਼ਕਾਂ ਨੂੰ ਦਿਤਾ ਜਾਵੇ।
ਉਨ੍ਹਾਂ ਕਿਹਾ ਕਿ ਜੇਕਰ ਅਸੀਂ ਦੇਸ਼ ਵਿਚ ਸਹਿਕਾਰਤਾ ਲਹਿਰ ਨੂੰ ਮਜ਼ਬੂਤ ਕਰਨਾ ਹੈ ਤਾਂ ਸਾਨੂੰ ਸਹਿਕਾਰਤਾ ਵਿਚ ਵਿਸ਼ਵਾਸ ਨੂੰ ਮਜ਼ਬੂਤ ਕਰਨਾ ਹੋਵੇਗਾ।
ਸਰਕਾਰ ਨੇ 29 ਮਾਰਚ ਨੂੰ ਕਿਹਾ ਸੀ ਕਿ ਚਾਰ ਸਹਿਕਾਰੀ ਸੰਸਥਾਵਾਂ ਦੇ 10 ਕਰੋੜ ਨਿਵੇਸ਼ਕਾਂ ਨੂੰ ਨੌਂ ਮਹੀਨਿਆਂ ਦੇ ਅੰਦਰ ਪੈਸੇ ਵਾਪਸ ਕਰ ਦਿੱਤੇ ਜਾਣਗੇ।