
Wayanad Landslide: ਬਚਾਅ ਅਤੇ ਖੋਜ ਮੁਹਿੰਮ 6ਵੇਂ ਦਿਨ ਵੀ ਜਾਰੀ
More than 360 people have died due to landslides in Kerala's Wayanad: ਕੇਰਲ ਦੇ ਵਾਇਨਾਡ ਜ਼ਿਲ੍ਹੇ ’ਚ ਜ਼ਮੀਨ ਖਿਸਕਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 360 ਤੋਂ ਵੱਧ ਹੋ ਗਈ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਇਹ ਜਾਣਕਾਰੀ ਦਿਤੀ । ਪ੍ਰਸ਼ਾਸਨ ਵਲੋਂ ਜਾਰੀ ਇਕ ਬਿਆਨ ਮੁਤਾਬਕ ਮ੍ਰਿਤਕਾਂ ’ਚ 90 ਔਰਤਾਂ ਅਤੇ 30 ਬੱਚੇ ਸ਼ਾਮਲ ਹਨ। ਹੁਣ ਤਕ ਜ਼ਮੀਨ ਖਿਸਕਣ ਨਾਲ ਪ੍ਰਭਾਵਤ ਇਲਾਕਿਆਂ ’ਚ ਮਲਬੇ ’ਚੋਂ 143 ਲਾਸ਼ਾਂ ਦੇ ਅੰਗ ਬਰਾਮਦ ਕੀਤੇ ਗਏ ਹਨ। ਬਿਆਨ ਵਿਚ ਕਿਹਾ ਗਿਆ ਹੈ ਕਿ 218 ਲਾਸ਼ਾਂ ਵਿਚੋਂ 152 ਦੀ ਪਛਾਣ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਕੀਤੀ ਹੈ।
ਹੁਣ ਤਕ 217 ਲਾਸ਼ਾਂ ਅਤੇ ਸਰੀਰ ਦੇ ਅੰਗਾਂ ਦਾ ਪੋਸਟਮਾਰਟਮ ਪੂਰਾ ਹੋ ਚੁੱਕਾ ਹੈ ਅਤੇ 119 ਲਾਸ਼ਾਂ ਉਨ੍ਹਾਂ ਦੇ ਪਰਵਾਰਾਂ ਨੂੰ ਸੌਂਪ ਦਿਤੀਆਂ ਗਈਆਂ ਹਨ। ਬਿਆਨ ਮੁਤਾਬਕ 518 ਲੋਕਾਂ ਨੂੰ ਹਸਪਤਾਲਾਂ ’ਚ ਦਾਖਲ ਕਰਵਾਇਆ ਗਿਆ ਹੈ, ਜਿਨ੍ਹਾਂ ’ਚੋਂ 89 ਦਾ ਇਲਾਜ ਚੱਲ ਰਿਹਾ ਹੈ। ਇਸ ਦੌਰਾਨ ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਨੇ ਕਿਹਾ ਕਿ 30 ਜੁਲਾਈ ਨੂੰ ਸ਼ੁਰੂ ਹੋਇਆ ਖੋਜ ਅਤੇ ਬਚਾਅ ਅਭਿਆਨ ਅਪਣੇ ਅੰਤਿਮ ਪੜਾਅ ’ਚ ਪਹੁੰਚ ਗਿਆ ਹੈ। ਉਨ੍ਹਾਂ ਕਿਹਾ ਕਿ 206 ਲੋਕ ਅਜੇ ਵੀ ਲਾਪਤਾ ਹਨ।
ਜ਼ਮੀਨ ਖਿਸਕਣ ਨਾਲ ਪ੍ਰਭਾਵਤ ਇਲਾਕਿਆਂ ’ਚ ਸਨਿਚਰਵਾਰ ਨੂੰ ਲਗਾਤਾਰ ਪੰਜਵੇਂ ਦਿਨ ਤਲਾਸ਼ੀ ਮੁਹਿੰਮ ਜਾਰੀ ਰਹੀ। ਮਲਬੇ ਹੇਠ ਦੱਬੇ ਲੋਕਾਂ ਦੀ ਭਾਲ ਲਈ 1,300 ਤੋਂ ਵੱਧ ਬਚਾਅ ਕਰਮਚਾਰੀ, ਭਾਰੀ ਮਸ਼ੀਨਰੀ ਅਤੇ ਆਧੁਨਿਕ ਉਪਕਰਣ ਤਾਇਨਾਤ ਕੀਤੇ ਗਏ ਹਨ। ਵਿਜਯਨ ਨੇ ਕਿਹਾ ਕਿ ਇਕ ਸੁਰੱਖਿਅਤ ਜ਼ੋਨ ਦੀ ਪਛਾਣ ਕੀਤੀ ਜਾਵੇਗੀ ਅਤੇ ਉੱਥੇ ਇਕ ਟਾਊਨਸ਼ਿਪ ਬਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਤਲਾਸ਼ੀ ਮੁਹਿੰਮ ਜਾਰੀ ਹੈ ਅਤੇ ਫ਼ਾਇਰ ਫ਼ੋਰਸ, ਐਨ.ਡੀ.ਆਰ.ਐਫ਼., ਜੰਗਲਾਤ ਵਿਭਾਗ, ਪੁਲਿਸ, ਭਾਰਤੀ ਫੌਜ ਅਤੇ ਤਾਮਿਲਨਾਡੂ ਦੇ 1,419 ਮੁਲਾਜ਼ਮ ਸ਼ਾਮਲ ਹਨ।
ਮੁੜ ਵਸੇਬੇ ਦੀਆਂ ਕੋਸ਼ਿਸ਼ਾਂ ਦਾ ਜ਼ਿਕਰ ਕਰਦਿਆਂ ਵਿਜਯਨ ਨੇ ਕਿਹਾ ਕਿ ਇਕ ਸੁਰੱਖਿਅਤ ਜ਼ੋਨ ਦੀ ਪਛਾਣ ਕੀਤੀ ਜਾਵੇਗੀ ਅਤੇ ਉਥੇ ਇਕ ਟਾਊਨਸ਼ਿਪ ਬਣਾਈ ਜਾਵੇਗੀ। ਵਿਜਯਨ ਨੇ ਕਿਹਾ ਕਿ ਵਾਇਨਾਡ ਆਫ਼ਤ ਦੇ ਮੂਲ ਕਾਰਨਾਂ ਨੂੰ ਸਮਝਣ ਲਈ ਵਿਸਥਾਰਤ ਜਾਂਚ ਕੀਤੀ ਜਾਵੇਗੀ ਅਤੇ ਕੁਦਰਤੀ ਆਫ਼ਤਾਂ ਲਈ ਭਵਿੱਖਬਾਣੀ ਦੇ ਆਧੁਨਿਕ ਸਾਧਨ ਵਿਕਸਿਤ ਕੀਤੇ ਜਾਣਗੇ। ਉਧਰ ਕਰਨਾਟਕ ਦੇ ਮੁੱਖ ਮੰਤਰੀ ਸਿੱਧਾਰਮਈਆ ਨੇ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਕੇਰਲ ਦੇ ਜ਼ਮੀਨ ਖਿਸਕਣ ਪ੍ਰਭਾਵਤ ਵਾਇਨਾਡ ’ਚ ਪੀੜਤਾਂ ਲਈ 100 ਮਕਾਨਾਂ ਦਾ ਨਿਰਮਾਣ ਕਰਵਾਏਗੀ। ਇਕ ‘ਐਕਸ’ ਪੋਸਟ ’ਚ ਉਨ੍ਹਾਂ ਕਿਹਾ ਕਿ ਕਰਨਾਟਕ ਸਰਕਾਰ ਇਕਜੁਟ ਹੋ ਕੇ ਕੇਰਲ ਨਾਲ ਖੜੀ ਹੈ।