
ਹੋਮਲੈਂਡ ਚੰਡੀਗੜ੍ਹ ਸ਼ੋਅ ’ਚ ਪੁੱਜਣਗੇ ਆਹਲਾ ਨਸਲ ਦੇ ਘੋੜੇ: ਬੱਬੀ ਬਾਦਲ
ਮੋਹਾਲੀ : ਨਿਊ ਚੰਡੀਗੜ੍ਹ ਦੇ ਅਸਤਬਲ ‘ਰੈਂਚ’ ਵਿਖੇ 'ਹੋਮਲੈਂਡ ਚੰਡੀਗੜ੍ਹ ਹੌਰਸ ਸ਼ੋਅ' 2 ਨਵੰਬਰ ਤੋਂ ਸ਼ੁਰੂ ਹੋ ਰਿਹਾ ਹੈ। ਹਫ਼ਤਾ ਭਰ ਚੱਲਣ ਵਾਲੇ ਆਹਲਾ ਨਸਲ ਦੇ ਘੋੜਿਆਂ ਦੀ ਨੁਮਾਇਸ਼ ’ਚ ਦੇਸ਼ ਦੇ ਵੱਖ ਵੱਖ ਸੂਬਿਆਂ ਤੋਂ ਬਿਹਤਰੀਨ ਨਸਲ ਦੇ ਘੋੜੇ ਪੁੱਜਣਗੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਚੰਡੀਗੜ੍ਹ ਵਿਖੇ ਪ੍ਰੋਗਰਾਮ ਦੇ ਵੇਰਵੇ ਸਾਂਝੇ ਕਰਨ ਲਈ ਰੱਖੀ ਕਾਨਫ਼ਰੰਸ ’ਚ ਕੀਤਾ। ਉਨ੍ਹਾਂ ਦੱਸਿਆ ਕਿ ‘ਹੌਰਸ਼ ਸ਼ੋਅ’ ਘੋੜਿਆਂ ਦਾ ਪ੍ਰਮੁੱਖ ਉਤਸਵ ਮੰਨਿਆ ਜਾਂਦਾ ਹੈ ਅਤੇ ਆਮ ਜਨਤਾ ਇਸ ਦਾ ਖ਼ੂਬ ਆਨੰਦ ਮਾਣਦੀ ਹੈ।
ਇਸ ਵਰ੍ਹੇ ਘੋੜਿਆਂ ਦੇ ਮੁਕਾਬਲੇ 2 ਨਵੰਬਰ ਤੋਂ ਸ਼ੁਰੂ ਹੋ ਜਾਣਗੇ ਤੇ ਫਿਰ ਸ਼ੁੱਕਰਵਾਰ 4 ਨਵੰਬਰ ਤੋਂ ਤਿੰਨ–ਦਿਨਾ ਮੈਗਾ ਕਾਰਨੀਵਾਲ ਦੀ ਸ਼ੁਰੂਆਤ ਹੋ ਜਾਵੇਗੀ। ਇਸ ਸ਼ੋਅ 'ਚ ਘੋੜਿਆਂ ਨੂੰ ਇਸ਼ਾਰਿਆਂ 'ਤੇ ਨਚਾਉਣ ਦੇ ਮੁਕਾਬਲੇ ਹੋਣਗੇ, ਜੰਪਿੰਗ ਤੇ ਟੈਂਟ ਪੈਗਿੰਗ ਵੀ ਹੋਵੇਗੀ। ਇੱਥੇ ਹੋਣ ਵਾਲੇ ਸਾਰੇ ਮੁਕਾਬਲੇ 'ਇਕੁਈਸਟ੍ਰੀਅਨ ਫ਼ੈਡਰੇਸ਼ਨ ਆੱਫ਼ ਇੰਡੀਆ' (ਈਐੱਫ਼ਆਈ) ਦੀਆਂ ਹਦਾਇਤਾਂ ਅਨੁਸਾਰ ਹੋਣਗੇ। ਪੂਰਾ ਹਫ਼ਤਾ ਚੱਲਣ ਵਾਲਾ ਇਹ ਈਵੈਂਟ 'ਬੱਬੀ ਬਾਦਲ ਫ਼ਾਊਂਡੇਸ਼ਨ' ਦੀ ਭਾਈਵਾਲੀ ਨਾਲ ਕਰਵਾਇਆ ਜਾ ਰਿਹਾ ਹੈ।
ਮੁਕਾਬਲਿਆਂ 'ਚ ਸ਼ਾਮਲ ਹੋਣ ਵਾਲੇ ਸਾਰੇ ਭਾਗੀਦਾਰਾਂ, ਦਰਸ਼ਕਾਂ ਤੇ ਪਰਿਵਾਰਾਂ ਦੀ ਸਹੂਲਤ ਲਈ ਨਿੱਕੇ–ਨਿੱਕੇ ਸ਼ਾਨਦਾਰ ਤੇ ਆਰਾਮਦੇਹ ਤੰਬੂ ਲੱਗੇ ਹੋਣਗੇ, ਜਿੱਥੇ ਇੱਕ ਵਿਲੱਖਣ ਕਿਸਮ ਦਾ ਅਨੁਭਵ ਮਹਿਸੂਸ ਹੋਵੇਗਾ। ਇਸ ਦੌਰਾਨ ਰਣਜੀਤ ਸਿੰਘ ਬਰਾੜ, ਦੀਪਇੰਦਰ ਸਿੰਘ, ਹਰਜਿੰਦਰ ਸਿੰਘ ਖੋਸਾ,ਪਲਵਿੰਦਰ ਸਿੰਘ ਕੋਚ ਅਤੇ ਹੋਰ ਹਾਜ਼ਰ ਸਨ। ਬੱਬੀ ਬਾਦਲ ਨੇ ਦੱਸਿਆ ਕਿ ਇਸ ਵਰ੍ਹੇ ਦੇ 'ਚੰਡੀਗੜ੍ਹ ਹੌਰਸ ਸ਼ੋਅ' ਦਾ ਅਧਿਕਾਰਤ ਸਪਾਂਸਰ ਇਸ ਇਲਾਕੇ ਦਾ ਪ੍ਰਮੁੱਖ ਰੀਆਲਟੀ ਬ੍ਰਾਂਡ 'ਹੋਮਲੈਂਡ' ਹੈ, ਜੋ ਘੋੜਿਆਂ ਦੇ ਅਜਿਹੇ ਮੁਕਾਬਲਿਆਂ ਨੂੰ ਹੱਲਾਸ਼ੇਰੀ ਦੇਣ ਲਈ ਵਚਨਬੱਧ ਹੈ।
ਇਸ ਸ਼ੋਅ 'ਚ ਐਤਵਾਰ 6 ਨਵੰਬਰ ਨੂੰ ਚੰਡੀਗੜ੍ਹ ਦੀ ਪਹਿਲੀ ਡਰਬੀ ਦੀ ਸ਼ੁਰੂਆਤ ਹੋਵੇਗੀ, ਜਿਸ ਨੂੰ 'ਪਾਇਓਨੀਅਰ ਟੋਯੋਟਾ' ਵੱਲੋਂ ਕਰਵਾਇਆ ਜਾ ਰਿਹਾ ਹੈ। ਇਸ ਦੌਰਾਨ ਬਿਹਤਰੀਨ ਘੋੜੇ ਅਤੇ ਘੁੜਸਵਾਰ ਦੀ ਚੋਣ ਕੀਤੀ ਜਾਵੇਗੀ ਤੇ 1100 ਮੀਟਰ ਲੰਮੇ ਟ੍ਰੈਕਸ 'ਤੇ ਘੋਡਿਆਂ ਦੀਆਂ ਆਮ ਤੇ ਕੁਦਰਤੀ ਅੜਿੱਕਾ ਦੌੜਾਂ ਹੋਣਗੀਆਂ। ਅਗਲੇ ਦਿਨ 7 ਨਵੰਬਰ ਨੂੰ ਸਮੁੱਚੇ ਭਾਰਤ ਤੋਂ ਆਏ ਦੁਰਲੱਭ ਕਿਸਮ ਦੀਆਂ ਨਸਲਾਂ ਦੇ ਘੋੜਿਆਂ ਦੀ ਪਹਿਲੀ ਨੀਲਾਮੀ ਸੇਲ ਹੋਵੇਗੀ। ਚੰਡੀਗੜ੍ਹ ਦੇ ਇਸ ਘੋੜਾ ਸ਼ੋਅ ਨੂੰ ਮਿਲਣ ਵਾਲੇ ਹੁੰਗਾਰਿਆਂ ਤੋਂ ਇਹੋ ਅਨੁਮਾਨ ਲਾਇਆ ਜਾ ਰਿਹਾ ਹੈ ਕਿ ਐਤਕੀਂ 15,000 ਦੇ ਲਗਭਗ ਦਰਸ਼ਕ ਇੱਥੇ ਪੁੱਜਣਗੇ।