
ਲਕਸ਼ੈ ਨੇ ਇਸ ਸਾਲ ਬਰਮਿੰਘਮ ਵਿੱਚ ਹੋਈਆਂ ਰਾਸ਼ਟਰਮੰਡਲ ਖੇਡਾਂ ਵਿੱਚ ਜਿੱਤਿਆ ਸੀ ਸੋਨ ਤਗ਼ਮਾ
ਨਵੀਂ ਦਿੱਲੀ: ਭਾਰਤ ਦੇ ਸਟਾਰ ਬੈਡਮਿੰਟਨ ਖਿਡਾਰੀ ਲਕਸ਼ੈ ਸੇਨ ਦੀਆਂ ਮੁਸ਼ਕਿਲਾਂ ਵੱਧ ਗਈਆਂ ਹਨ। 21 ਸਾਲਾ ਲਕਸ਼ੈ ਖਿਲਾਫ ਉਮਰ ਸੰਬੰਧੀ ਧੋਖਾਧੜੀ ਅਤੇ ਫਰਜ਼ੀਵਾੜੇ ਦਾ ਮਾਮਲਾ ਦਰਜ ਕੀਤਾ ਗਿਆ ਹੈ। ਬੈਂਗਲੁਰੂ ਵਿੱਚ ਦਰਜ ਐਫਆਈਆਰ ਵਿੱਚ ਦੋਸ਼ ਲਾਇਆ ਗਿਆ ਹੈ ਕਿ ਲਕਸ਼ੈ ਸੇਨ ਨੇ ਆਪਣੇ ਭਰਾ ਚਿਰਾਗ ਸੇਨ ਨਾਲ ਮਿਲ ਕੇ ਇੱਕ ਨਾਬਾਲਗ ਟੂਰਨਾਮੈਂਟ ਵਿੱਚ ਖੇਡਣ ਲਈ ਆਪਣੀ ਉਮਰ ਵਿੱਚ ਹੇਰਾਫੇਰੀ ਕੀਤੀ ਸੀ। ਲਕਸ਼ੈ ਦੇ ਪਿਤਾ ਧੀਰੇਂਦਰ ਸੇਨ, ਭਰਾ ਚਿਰਾਗ ਸੇਨ, ਮਾਂ ਨਿਰਮਲਾ ਅਤੇ ਵਿਮਲ ਕੁਮਾਰ ਨੂੰ ਵੀ ਐਫਆਈਆਰ ਵਿੱਚ ਨਾਮਜ਼ਦ ਕੀਤਾ ਗਿਆ ਹੈ। ਵਿਮਲ ਕੁਮਾਰ 10 ਸਾਲ ਤੋਂ ਵੱਧ ਸਮੇਂ ਤੋਂ ਲਕਸ਼ੈ ਅਤੇ ਚਿਰਾਗ ਨੂੰ ਕੋਚਿੰਗ ਦੇ ਰਹੇ ਹਨ।
ਲਕਸ਼ੈ ਸੇਨ 'ਤੇ ਭਾਰਤੀ ਦੰਡਾਵਲੀ ਦੇ ਤਹਿਤ ਧੋਖਾਧੜੀ (ਧਾਰਾ 420), ਫਰਜ਼ੀਵਾੜਾ (468), ਜਾਅਲੀ ਦਸਤਾਵੇਜ਼ ਨੂੰ ਅਸਲੀ (471) ਵਜੋਂ ਵਰਤਣ ਦਾ ਦੋਸ਼ ਲਗਾਇਆ ਗਿਆ ਹੈ। ਸ਼ਿਕਾਇਤ ਅਨੁਸਾਰ ਲਕਸ਼ੈ ਦੀ ਉਮਰ 24 ਸਾਲ ਹੈ, ਜੋ ਕਿ ਭਾਰਤੀ ਬੈਡਮਿੰਟਨ ਐਸੋਸੀਏਸ਼ਨ (ਬੀਏਆਈ) ਵਿੱਚ ਦਰਜ ਉਸ ਦੀ ਜਨਮ ਮਿਤੀ (16 ਅਗਸਤ 2001) ਤੋਂ ਤਿੰਨ ਸਾਲ ਵੱਧ ਹੈ। ਵੱਡੇ ਭਰਾ ਚਿਰਾਗ ਦੀ ਉਮਰ ਕਥਿਤ ਤੌਰ ’ਤੇ 26 ਸਾਲ ਦੱਸੀ ਜਾਂਦੀ ਹੈ, ਜਦੋਂਕਿ ਬੀਏਆਈ ਦੇ ਸ਼ਨਾਖਤੀ ਕਾਰਡ ਅਨੁਸਾਰ ਉਸ ਦੀ ਉਮਰ 24 ਸਾਲ (22 ਜੁਲਾਈ 1998) ਹੈ।
ਲਕਸ਼ੈ ਦੇ ਭਰਾ ਚਿਰਾਗ ਬੈਡਮਿੰਟਨ ਖਿਡਾਰੀ ਵੀ ਹੈ। ਲਕਸ਼ੈ ਨੇ ਇਸ ਸਾਲ ਬਰਮਿੰਘਮ ਵਿੱਚ ਹੋਈਆਂ ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਗ਼ਮਾ ਜਿੱਤਿਆ ਸੀ। ਉਨ੍ਹਾਂ ਨੂੰ 30 ਨਵੰਬਰ ਨੂੰ ਰਾਸ਼ਟਰਪਤੀ ਭਵਨ ਵਿੱਚ ਅਰਜੁਨ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। ਮੀਡੀਆ ਰਿਪੋਰਟ ਮੁਤਾਬਕ ਬੈਂਗਲੁਰੂ 'ਚ ਹੀ ਬੈਡਮਿੰਟਨ ਅਕੈਡਮੀ ਚਲਾ ਰਹੇ ਨਾਗਰਾਜ ਐਮਜੀ ਦੀ ਸ਼ਿਕਾਇਤ ਤੋਂ ਬਾਅਦ ਮਾਮਲਾ ਦਰਜ ਕੀਤਾ ਗਿਆ ਹੈ। ਸ਼ਿਕਾਇਤ 'ਚ ਨਾਗਰਾਜ ਦਾ ਕਹਿਣਾ ਹੈ ਕਿ 2010 'ਚ ਲਕਸ਼ੈ ਦੇ ਕੋਚ ਅਤੇ ਉਸ ਦੇ ਮਾਤਾ-ਪਿਤਾ ਨੇ ਜਾਅਲੀ ਜਨਮ ਸਰਟੀਫਿਕੇਟ ਬਣਾਇਆ ਸੀ। ਇਸ ਕਾਰਨ ਲਕਸ਼ੈ ਵੱਡੀ ਉਮਰ ਦੇ ਹੋਣ ਦੇ ਬਾਵਜੂਦ ਵੱਖ-ਵੱਖ ਉਮਰ ਵਰਗਾਂ ਵਿੱਚ ਖੇਡਣ ਦੇ ਯੋਗ ਸੀ।