
ਦਸਿਆ ਕਿ ਗੱਡੀ ਅੰਦਰ 12 ਮਜ਼ਦੂਰ ਸਵਾਰ ਸਨ
Himachal Pradesh: ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਜ਼ਿਲ੍ਹੇ ’ਚ ਸੋਮਵਾਰ ਸਵੇਰੇ ਸੁੰਨੀ ਨੇੜੇ ਇਕ ਗੱਡੀ ਦੇ ਖੱਡ ’ਚ ਡਿੱਗਣ ਨਾਲ 6 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 6 ਹੋਰ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਦਸਿਆ ਕਿ ਇਹ ਹਾਦਸਾ ਇਥੋਂ ਕਰੀਬ 35 ਕਿਲੋਮੀਟਰ ਦੂਰ ਕੁਧਰਘਾਟ ’ਚ ਉਸ ਸਮੇਂ ਵਾਪਰਿਆ ਜਦੋਂ ਪਿਕਅਪ ਟਰੱਕ ਡਰਾਈਵਰ ਨੇ ਗੱਡੀ ’ਤੇ ਕੰਟਰੋਲ ਗੁਆ ਦਿਤਾ। ਉਨ੍ਹਾਂ ਦਸਿਆ ਕਿ ਗੱਡੀ ਅੰਦਰ ਹਿਮਾਚਲ ਪ੍ਰਦੇਸ਼ ’ਚ ਕੰਮ ਕਰਨ ਵਾਲੇ 12 ਮਜ਼ਦੂਰ ਸਵਾਰ ਸਨ। ਇਨ੍ਹਾਂ ’ਚੋਂ 9 ਜੰਮੂ-ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਦੇ ਰਹਿਣ ਵਾਲੇ ਸਨ।
ਉਨ੍ਹਾਂ ਦਸਿਆ ਕਿ ਜਦੋਂ ਇਹ ਹਾਦਸਾ ਵਾਪਰਿਆ ਤਾਂ ਸਾਰੇ ਮਜ਼ਦੂਰ ਸੁੰਨੀ ਤੋਂ ਮੰਡੀ ਜਾ ਰਹੇ ਸਨ। ਉਨ੍ਹਾਂ ਕਿਹਾ ਕਿ ਤਿੰਨ ਮਜ਼ਦੂਰਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਤਿੰਨ ਹੋਰ ਮਜ਼ਦੂਰਾਂ ਨੂੰ ਹਸਪਤਾਲ ਲਿਜਾਣ ਤੋਂ ਬਾਅਦ ਡਾਕਟਰਾਂ ਨੇ ਮ੍ਰਿਤਕ ਐਲਾਨ ਦਿਤਾ। ਜ਼ਖਮੀਆਂ ਦਾ ਇੰਦਰਾ ਗਾਂਧੀ ਮੈਡੀਕਲ ਕਾਲਜ ਅਤੇ ਹਸਪਤਾਲ (ਆਈ.ਜੀ.ਐਮ.ਸੀ.ਐਚ.) ’ਚ ਇਲਾਜ ਚੱਲ ਰਿਹਾ ਹੈ।
ਪੁਲਿਸ ਸੁਪਰਡੈਂਟ ਸੰਜੀਵ ਕੁਮਾਰ ਗਾਂਧੀ ਨੇ ਦਸਿਆ ਕਿ ਮ੍ਰਿਤਕਾਂ ਦੀ ਪਛਾਣ ਫਰੀਦ (24), ਗੁਲਾਬ (43), ਸਹਿਬੀਰ (19), ਤਾਲਿਬ (23), ਗੁਲਜ਼ਾਰ (30) ਅਤੇ ਮੁਸ਼ਤਾਕ (30) ਵਜੋਂ ਹੋਈ ਹੈ। ਜ਼ਖਮੀਆਂ ਦੀ ਪਛਾਣ ਡਰਾਈਵਰ ਰਣਜੀਤ, ਅਸਲਮ, ਤਾਲਿਬ ਹੁਸੈਨ, ਆਕਾਸ਼ ਕੁਮਾਰ, ਅਜੇ ਠਾਕੁਰ ਅਤੇ ਮਨਜ਼ੂਰ ਵਜੋਂ ਹੋਈ ਹੈ। ਉਨ੍ਹਾਂ ਦਸਿਆ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਜਾਂਚ ਜਾਰੀ ਹੈ।
ਇਸ ਦੌਰਾਨ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਮੌਤਾਂ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਜ਼ਿਲ੍ਹਾ ਅਧਿਕਾਰੀਆਂ ਨੂੰ ਮ੍ਰਿਤਕਾਂ ਦੇ ਵਾਰਸਾਂ ਨੂੰ ਤੁਰਤ ਰਾਹਤ ਮੁਹੱਈਆ ਕਰਵਾਉਣ ਅਤੇ ਜ਼ਖਮੀਆਂ ਨੂੰ ਵਧੀਆ ਇਲਾਜ ਮੁਹੱਈਆ ਕਰਵਾਉਣ ਦੇ ਹੁਕਮ ਦਿਤੇ ਹਨ। ਪੁਲਿਸ ਨੇ ਦਸਿਆ ਕਿ ਸ਼ਿਮਲਾ ਦੇ ਵਿਕਾਸਨਗਰ ਇਲਾਕੇ ’ਚ ਇਕ ਟਰੱਕ ਨੇ ਚਾਰ ਗੱਡੀਆਂ ਨੂੰ ਟੱਕਰ ਮਾਰ ਦਿਤੀ, ਪਰ ਕਿਸੇ ਦੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਪੁਲਿਸ ਦੇ ਅੰਕੜਿਆਂ ਅਨੁਸਾਰ ਇਸ ਸਾਲ 1 ਜਨਵਰੀ ਤੋਂ 23 ਨਵੰਬਰ ਤਕ ਸ਼ਿਮਲਾ ਜ਼ਿਲ੍ਹੇ ’ਚ 260 ਸੜਕ ਹਾਦਸਿਆਂ ’ਚ ਘੱਟੋ ਘੱਟ 110 ਲੋਕਾਂ ਦੀ ਮੌਤ ਹੋ ਗਈ ਅਤੇ 401 ਹੋਰ ਜ਼ਖਮੀ ਹੋ ਗਏ।
(For more news apart from Many died in road accident, stay tuned to Rozana spokesman)