
ਜ਼ਿਆਦਾ ਭਾਰ ਹੋਣ ਨਾਲ ਸਰੀਰ ਦੀ ਕੋਵਿਡ ਵਿਰੁਧ ਸੁਰਖਿਆ ਕਮਜ਼ੋਰ ਹੁੰਦੀ ਹੈ : ਅਧਿਐਨ
- ਪਰ ਜ਼ਿਆਦਾ ਭਾਰ ਕੋਵਿਡ-19 ਵੈਕਸੀਨ ਵਲੋਂ ਦਿਤੀ ਸੁਰੱਖਿਆ ਨੂੰ ਪ੍ਰਭਾਵਤ ਨਹੀਂ ਕਰਦਾ
New Research: ਇਕ ਅਧਿਐਨ ’ਚ ਵੇਖਿਆ ਗਿਆ ਹੈ ਕਿ ਜ਼ਿਆਦਾ ਭਾਰ ਹੋਣ ਨਾਲ ਸਾਰਸ-ਕੋਵ-2 ਦੀ ਲਾਗ ਪ੍ਰਤੀ ਸਰੀਰ ਦੀ ਪ੍ਰਤੀਰੋਧਕ ਪ੍ਰਤੀਕਿਰਿਆ ’ਚ ਰੁਕਾਵਟ ਆ ਸਕਦੀ ਹੈ ਪਰ ਇਹ ਕੋਵਿਡ-19 ਵੈਕਸੀਨ ਵਲੋਂ ਦਿਤੀ ਸੁਰੱਖਿਆ ਨੂੰ ਪ੍ਰਭਾਵਤ ਨਹੀਂ ਕਰਦੀ। ਕਲੀਨਿਕਲ ਐਂਡ ਟ੍ਰਾਂਸਲੇਸ਼ਨਲ ਇਮਿਊਨੋਲੋਜੀ ਜਰਨਲ ’ਚ ਪ੍ਰਕਾਸ਼ਤ ਇਹ ਅਧਿਐਨ ਇਸ ਗੱਲ ’ਤੇ ਅਧਾਰਤ ਹੈ ਕਿ ਕੋਵਿਡ-19 ਜ਼ਿਆਦਾ ਭਾਰ ਵਾਲੇ ਲੋਕਾਂ ਨੂੰ ਕਿਵੇਂ ਪ੍ਰਭਾਵਤ ਕਰਦਾ ਹੈ।
ਆਸਟਰੇਲੀਆ ਦੀ ਕੁਈਨਜ਼ਲੈਂਡ ਯੂਨੀਵਰਸਿਟੀ ਦੇ ਪੀ.ਐਚ.ਡੀ. ਉਮੀਦਵਾਰ ਮਾਰਕਸ ਟੋਂਗ ਨੇ ਕਿਹਾ, ‘‘ਅਸੀਂ ਪਹਿਲਾਂ ਵੀ ਵਿਖਾਇਆ ਹੈ ਕਿ ਜ਼ਿਆਦਾ ਭਾਰ (ਨਾ ਸਿਰਫ ਮੋਟਾਪਾ) ਸਾਰਸ-ਕੋਵ-2 ਦੇ ਖਤਰੇ ਨੂੰ ਵਧਾਉਂਦਾ ਹੈ।’’ ਟੋਂਗ ਨੇ ਕਿਹਾ, ‘‘ਪਰ ਇਸ ਤੋਂ ਪਤਾ ਲਗਦਾ ਹੈ ਕਿ ਜ਼ਿਆਦਾ ਭਾਰ ਹੋਣ ਨਾਲ ਲਾਗ ਵਿਰੁਧ ਪ੍ਰਤੀਰੋਧਕ ਪ੍ਰਤੀਕਿਰਿਆ ਕਮਜ਼ੋਰ ਹੋ ਜਾਂਦੀ ਹੈ, ਪਰ ਜਦੋਂ ਟੀਕਾਕਰਨ ਦੀ ਗੱਲ ਆਉਂਦੀ ਹੈ ਤਾਂ ਇਸ ’ਤੇ ਕੋਈ ਅਸਰ ਨਹੀਂ ਹੁੰਦਾ ਹੈ।’’
ਖੋਜਕਰਤਾਵਾਂ ਦੀ ਇਕ ਟੀਮ ਨੇ ਉਨ੍ਹਾਂ ਲੋਕਾਂ ਦੇ ਖੂਨ ਦੇ ਨਮੂਨੇ ਇਕੱਠੇ ਕੀਤੇ ਜੋ ਕੋਵਿਡ-19 ਤੋਂ ਠੀਕ ਹੋ ਗਏ ਸਨ ਅਤੇ ਲਾਗ ਲੱਗਣ ਦੇ ਲਗਭਗ 13 ਮਹੀਨਿਆਂ ਬਾਅਦ ਤਕ ਅਧਿਐਨ ਦੀ ਮਿਆਦ ਦੌਰਾਨ ਮੁੜ ਇਸ ਬਿਮਾਰੀ ਦੀ ਜਦ ’ਚ ਨਹੀਂ ਆਏ ਸਨ। ਟੋਂਗ ਨੇ ਕਿਹਾ, ‘‘ਲਾਗ ਲੱਗਣ ਦੇ ਤਿੰਨ ਮਹੀਨੇ ਬਾਅਦ, ਉੱਚ ਬਾਡੀ ਮਾਸ ਇੰਡੈਕਸ (ਬੀ.ਐਮ.ਆਈ.) ਘੱਟ ਐਂਟੀਬਾਡੀ ਪੱਧਰ ਨਾਲ ਜੁੜਿਆ ਹੋਇਆ ਸੀ।’’ ਉਨ੍ਹਾਂ ਕਿਹਾ ਕਿ ਲਾਗ ਲੱਗਣ ਦੇ 13 ਮਹੀਨਿਆਂ ਬਾਅਦ ਬੀ.ਐਮ.ਆਈ., ਐਂਟੀਬਾਡੀ ਗਤੀਵਿਧੀ ਘੱਟ ਅਤੇ ਬੀ ਸੈੱਲਾਂ ਦੀ ਪ੍ਰਤੀਸ਼ਤਤਾ ’ਚ ਕਮੀ ਵੇਖੀ ਗਈ। ਇਹ ਸੈੱਲ ਕੋਵਿਡ-19 ਨਾਲ ਲੜਨ ਵਾਲੀਆਂ ਐਂਟੀਬਾਡੀਜ਼ ਬਣਾਉਣ ’ਚ ਮਦਦ ਕਰਦਾ ਹੈ।
ਕੁਈਨਜ਼ਲੈਂਡ ਯੂਨੀਵਰਸਿਟੀ ਦੇ ਐਸੋਸੀਏਟ ਪ੍ਰੋਫੈਸਰ ਕ੍ਰਿਸਟੀ ਸ਼ਾਰਟ ਨੇ ਕਿਹਾ ਕਿ ਨਤੀਜੇ ਸਿਹਤ ਨੀਤੀ ਵਿਚ ਮਦਦ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਲਾਗ ਜ਼ਿਆਦਾ ਭਾਰ ਵਾਲੇ ਲੋਕਾਂ ’ਚ ਗੰਭੀਰ ਬੀਮਾਰੀ ਅਤੇ ਕਮਜ਼ੋਰ ਪ੍ਰਤੀਕਿਰਿਆ ਦਾ ਖਤਰਾ ਵਧਾਉਂਦੀ ਹੈ ਤਾਂ ਇਸ ਸਮੂਹ ਦੇ ਮੁੜ ਬਿਮਾਰ ਪੈਣ ਦਾ ਖਤਰਾ ਵੀ ਜ਼ਿਆਦਾ ਹੁੰਦਾ ਹੈ। ਇਸ ਨੂੰ ਵੇਖਦੇ ਹੋਏ ਇਸ ਗਰੁੱਪ ਲਈ ਟੀਕਾਕਰਨ ਜ਼ਰੂਰੀ ਹੋ ਜਾਂਦਾ ਹੈ।
(For more news apart from How only a vaccine against Covid can help o overweight people, stay tuned to Rozana Spokesman)