
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੋਸ਼ ਲਾਇਆ ਕਿ ਪਿਛਲੀਆਂ ਸਰਕਾਰਾਂ ਸਮੇਂ ਮਣੀਪੁਰ ਦੇ ਅਹਿਮ ਵਿਕਾਸ ਪ੍ਰਾਜੈਕਟ ਠੰਢੇ ਬਸਤੇ ਵਿਚ ਪਏ ਹੋਏ ਸਨ.......
ਇੰਫਾਲ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੋਸ਼ ਲਾਇਆ ਕਿ ਪਿਛਲੀਆਂ ਸਰਕਾਰਾਂ ਸਮੇਂ ਮਣੀਪੁਰ ਦੇ ਅਹਿਮ ਵਿਕਾਸ ਪ੍ਰਾਜੈਕਟ ਠੰਢੇ ਬਸਤੇ ਵਿਚ ਪਏ ਹੋਏ ਸਨ ਅਤੇ ਐਨਡੀਏ ਦੀ ਸਰਕਾਰ ਨੇ ਇਨ੍ਹਾਂ 'ਤੇ ਨਜ਼ਰ ਰੱਖੀ ਹੋਈ ਹੈ ਤੇ ਤੇਜ਼ੀ ਨਾਲ ਕੰਮ ਕਰ ਰਹੀ ਹੈ। ਇਥੇ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਦੋਸ਼ ਲਾਏ ਕਿ ਪਿਛਲੀਆਂ ਸਰਕਾਰਾਂ ਦੌਰਾਨ ਸੌ ਕਰੋੜ ਰੁਪਏ ਦੇ ਪ੍ਰਾਜੈਕਟਾਂ ਦੀ ਲਾਗਤ ਪੂਰੀ ਹੁੰਦਿਆਂ ਹੁੰਦਿਆਂ ਵਧ ਕੇ 200 ਤੋਂ 250 ਕਰੋੜ ਰੁਪਏ ਦੀ ਹੋ ਜਾਂਦੀ ਸੀ ਅਤੇ ਕੌਮੀ ਪੈਸੇ ਦੀ ਇਸ ਬਰਬਾਦੀ ਤੋਂ ਉਹ ਬੇਚੈਨ ਹੋ ਜਾਂਦੇ ਸਨ।
ਮੋਦੀ ਨੇ ਦਾਅਵਾ ਕੀਤਾ, 'ਪਹਿਲੀਆਂ ਸਰਕਾਰਾਂ ਦੌਰਾਨ ਦੇਰੀ ਨਾਲ ਹੁੰਦੇ ਕੰਮ ਦੇ ਸਭਿਆਚਾਰ ਨਾਲ ਦੇਸ਼ ਨੂੰ ਭਾਰੀ ਨੁਕਸਾਨ ਹੋਇਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਸੱਭ ਕਾਸੇ ਬਾਰੇ ਵਿਚਾਰ ਕਰਦਿਆਂ ਪ੍ਰਧਾਨ ਮੰਤਰੀ ਦਫ਼ਤਰ ਨੇ ਵਿਵਸਥਾ ਬਣਾਈ ਜਿਸ ਤਹਿਤ ਲਟਕਦੇ ਪ੍ਰਾਜੈਕਟਾਂ 'ਤੇ ਕੇਂਦਰ ਤੇ ਰਾਜ ਦੇ ਅਧਿਕਾਰੀਆਂ ਨਾਲ ਚਰਚਾਵਾਂ ਹੋਈਆਂ, ਅੜਿੱਕੇ ਦੂਰ ਕੀਤੇ ਗਏ ਅਤੇ ਤੇਜ਼ੀ ਨਾਲ ਕੰਮ ਕੀਤਾ ਗਿਆ। ਪ੍ਰਧਾਨ ਮੰਤਰੀ ਨੇ ਅੱਠ ਅਹਿਮ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ ਅਤੇ ਮਣੀਪੁਰ ਵਿਚ ਚਾਰ ਪ੍ਰਾਜੈਕਟਾਂ ਦਾ ਨੀਂਹ ਪੱਥਰ ਰਖਿਆ। (ਏਜੰਸੀ)