
ਨੌਜਵਾਨ ਨੂੰ 500 ਮੀਟਰ ਤਕ ਘਸੀਟ ਕੇ ਲੈ ਗਈ ਕਾਰ
ਨੋਇਡਾ : ਦਿੱਲੀ ਦੀ ਤਰ੍ਹਾਂ ਉੱਤਰ ਪ੍ਰਦੇਸ਼ ਵਿੱਚ ਵੀ ਇੱਕ ਵੱਡੀ ਵਾਰਦਾਤ ਵਾਪਰੀ ਹੈ। ਜਾਣਕਾਰੀ ਅਨੁਸਾਰ ਨੋਇਡਾ 'ਚ ਇੱਕ ਕਾਰ ਨੌਜਵਾਨ ਨੂੰ ਕਰੀਬ 500 ਮੀਟਰ ਤੱਕ ਘਸੀਟਦੀ ਗਈ। ਮਾਮਲਾ ਸੈਕਟਰ-14ਏ ਫਲਾਈਓਵਰ ਨੇੜੇ ਹੈ। ਕਾਰ ਚਾਲਕ ਲਾਸ਼ ਨੂੰ ਉਥੇ ਹੀ ਛੱਡ ਕੇ ਫਰਾਰ ਹੋ ਗਿਆ। ਨੌਜਵਾਨ ਦੀ ਪਛਾਣ ਕੌਸ਼ਲ ਯਾਦਵ ਵਾਸੀ ਇਟਾਵਾ ਵਜੋਂ ਹੋਈ ਹੈ। ਮ੍ਰਿਤਕ ਨੌਜਵਾਨ ਨੋਇਡਾ ਅਤੇ ਦਿੱਲੀ ਵਿੱਚ ਸਵਿਗੀ ਵੱਲੋਂ ਫੂਡ ਡਿਲੀਵਰੀ ਦਾ ਕੰਮ ਕਰਦਾ ਸੀ।
ਮ੍ਰਿਤਕ ਕੌਸ਼ਲ ਯਾਦਵ ਦੇ ਭਰਾ ਅਮਿਤ ਕੁਮਾਰ ਨੇ ਇਸ ਮਾਮਲੇ 'ਚ ਥਾਣਾ ਫੇਜ਼-1 'ਚ ਸ਼ਿਕਾਇਤ ਦਰਜ ਕਰਵਾਈ ਹੈ ਜਿਸ ਵਿਚ ਉਸ ਨੇ ਦੱਸਿਆ ਕਿ 1 ਜਨਵਰੀ ਦੀ ਰਾਤ ਕਰੀਬ ਇੱਕ ਵਜੇ ਆਪਣੇ ਭਰਾ ਕੌਸ਼ਲ ਨੂੰ ਫੋਨ ਕੀਤਾ ਤਾਂ ਕਿਸੇ ਅਣਪਛਾਤੇ ਵਿਅਕਤੀ ਨੇ ਫ਼ੋਨ ਚੁੱਕਿਆ ਅਤੇ ਦੱਸਿਆ ਕਿ ਉਹ ਓਲੈਕਸ ਕਾਰ ਦਾ ਡਰਾਈਵਰ ਬੋਲ ਰਿਹਾ ਹੈ।
ਉਨ੍ਹਾਂ ਦੇ ਦੱਸਣ ਮੁਤਾਬਕ ਕੌਸ਼ਲ ਯਾਦਵ ਨੂੰ ਸੈਕਟਰ-14 ਫਲਾਈਓਵਰ ਨੇੜੇ ਇਕ ਅਣਪਛਾਤੇ ਵਾਹਨ ਨੇ ਟਕਰ ਮਾਰੀ ਅਤੇ ਫਿਰ ਸੜਕ 'ਤੇ ਘਸੀਟ ਕੇ ਸ਼ਨੀ ਮੰਦਰ ਨੇੜੇ ਲੈ ਗਿਆ। ਸੂਚਨਾ ਮਿਲਦੇ ਹੀ ਉਹ ਸ਼ਨੀ ਮੰਦਰ ਪਹੁੰਚੇ, ਜਿਥੇ ਕੌਸ਼ਲ ਦੀ ਲਾਸ਼ ਸ਼ਨੀ ਮੰਦਰ ਦੇ ਕੋਲ ਪਈ ਸੀ। ਫਿਲਹਾਲ ਅਣਪਛਾਤੇ ਖ਼ਿਲਾਫ਼ ਮਾਮਲਾ ਦਰਜ ਕਰ ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ।