
ਅਪਣੀਆਂ ਗੱਡੀਆਂ ਛੱਡ ਕੇ ਭੱਜੇ ਈ.ਡੀ. ਅਧਿਕਾਰੀ, ਆਟੋ ਰਿਕਸ਼ਾ ਫੜ ਬਚਾਈ ਜਾਨ, ਦੋ ਅਧਿਕਾਰੀ ਗੰਭੀਰ ਜ਼ਖ਼ਮੀ, ਹਸਪਤਾਲ ’ਚ ਦਾਖ਼ਲ
ED Team assaulted : ਪਛਮੀ ਬੰਗਾਲ ’ਚ ਤ੍ਰਿਣਮੂਲ ਕਾਂਗਰਸ ਦੇ ਨੇਤਾ ਸ਼ੇਖ ਸ਼ਾਹਜਹਾਂ ਦੇ ਸਮਰਥਕਾਂ ਨੇ ਸ਼ੁਕਰਵਾਰ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੇ ਅਧਿਕਾਰੀਆਂ ’ਤੇ ਹਮਲਾ ਕੀਤਾ ਅਤੇ ਉਨ੍ਹਾਂ ਦੇ ਗੱਡੀਆਂ ਦੀ ਭੰਨਤੋੜ ਕੀਤੀ। ਅਧਿਕਾਰੀਆਂ ਨੇ ਰਾਸ਼ਨ ਵੰਡ ਘਪਲੇ ਦੀ ਜਾਂਚ ਦੇ ਸਿਲਸਿਲੇ ’ਚ ਉੱਤਰੀ 24 ਪਰਗਨਾ ਜ਼ਿਲ੍ਹੇ ’ਚ ਸ਼ਾਹਜਹਾਂ ਦੇ ਘਰ ਛਾਪਾ ਮਾਰਿਆ ਸੀ। ਇਕ ਅਧਿਕਾਰੀ ਨੇ ਦਸਿਆ ਕਿ ਈ.ਡੀ. ਦੇ ਅਧਿਕਾਰੀ ਸੂਬੇ ਵਿਚ 15 ਥਾਵਾਂ ’ਤੇ ਤਲਾਸ਼ੀ ਲੈ ਰਹੇ ਹਨ ਅਤੇ ਸ਼ੇਖ ਦੀ ਰਿਹਾਇਸ਼ ਉਨ੍ਹਾਂ ਵਿਚੋਂ ਇਕ ਹੈ।
ਅਧਿਕਾਰੀ ਨੇ ਦਸਿਆ ਕਿ ਜਦੋਂ ਈ.ਡੀ. ਦੇ ਅਧਿਕਾਰੀ ਸਵੇਰੇ ਸੰਦੇਸ਼ਖਾਲੀ ਇਲਾਕੇ ’ਚ ਸ਼ੇਖ ਦੀ ਰਿਹਾਇਸ਼ ’ਤੇ ਪਹੁੰਚੇ ਤਾਂ ਵੱਡੀ ਗਿਣਤੀ ’ਚ ਤ੍ਰਿਣਮੂਲ ਸਮਰਥਕਾਂ ਨੇ ਈ.ਡੀ. ਅਧਿਕਾਰੀਆਂ ਅਤੇ ਉਨ੍ਹਾਂ ਦੇ ਨਾਲ ਮੌਜੂਦ ਕੇਂਦਰੀ ਬਲਾਂ ਨੂੰ ਘੇਰ ਲਿਆ। ਫਿਰ ਉਨ੍ਹਾਂ ਨੇ ਪ੍ਰਦਰਸ਼ਨ ਕੀਤਾ ਅਤੇ ਫਿਰ ਉਸ ’ਤੇ ਹਮਲਾ ਕਰ ਦਿਤਾ। ਪ੍ਰਦਰਸ਼ਨਕਾਰੀਆਂ ਨੇ ਟੀਮ ਨੂੰ ਉੱਥੋਂ ਚਲੇ ਜਾਣ ਲਈ ਮਜਬੂਰ ਕਰ ਦਿਤਾ।
ਈ.ਡੀ. ਦੇ ਅਧਿਕਾਰੀ ਅਪਣੀਆਂ ਨੁਕਸਾਨੀਆਂ ਗੱਡੀਆਂ ਨੂੰ ਉਥੇ ਛੱਡ ਕੇ ਆਟੋ-ਰਿਕਸ਼ਾ ਅਤੇ ਦੋ ਪਹੀਆ ਗੱਡੀਆਂ ’ਤੇ ਸਵਾਰ ਹੋ ਕੇ ਸੁਰੱਖਿਅਤ ਸਥਾਨ ’ਤੇ ਪਹੁੰਚ ਗਏ। ਉਨ੍ਹਾਂ ਕਿਹਾ ਕਿ ਘੱਟੋ ਘੱਟ ਦੋ ਅਧਿਕਾਰੀਆਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਉਨ੍ਹਾਂ ਨੂੰ ਹਸਪਤਾਲ ਲਿਜਾਣਾ ਪਿਆ।
ਸ਼ਾਹਜਹਾਂ ਨੂੰ ਰਾਜ ਮੰਤਰੀ ਜੋਤੀਪ੍ਰਿਆ ਮਲਿਕ ਦਾ ਕਰੀਬੀ ਸਹਿਯੋਗੀ ਮੰਨਿਆ ਜਾਂਦਾ ਹੈ। ਜੋਤੀਪ੍ਰਿਯਾ ਮਲਿਕ ਨੂੰ ਕਰੋੜਾਂ ਰੁਪਏ ਦੇ ਰਾਸ਼ਨ ਵੰਡ ਘਪਲੇ ਦੇ ਸਬੰਧ ’ਚ ਗ੍ਰਿਫਤਾਰ ਕੀਤਾ ਗਿਆ ਹੈ।
ਈ.ਡੀ. ਦੇ ਇਕ ਅਧਿਕਾਰੀ ਨੇ ਕਿਹਾ, ‘‘ਇਸ ਤਰ੍ਹਾਂ ਦਾ ਹਮਲਾ ਪਹਿਲਾਂ ਕਦੇ ਨਹੀਂ ਹੋਇਆ ਹੈ। ਸਾਡੇ ਅਧਿਕਾਰੀਆਂ ਨੂੰ ਖ਼ੁਦ ਨੂੰ ਬਚਾਉਣ ਲਈ ਇਲਾਕਾ ਛੱਡਣਾ ਪਿਆ। ਸਾਡੇ ਗੱਡੀਆਂ ਅਤੇ ਕੇਂਦਰੀ ਬਲਾਂ ਦੇ ਗੱਡੀਆਂ ਨੂੰ ਨੁਕਸਾਨ ਪਹੁੰਚਿਆ। ਕੇਂਦਰੀ ਬਲਾਂ ਦੇ ਕਰਮਚਾਰੀਆਂ ’ਤੇ ਵੀ ਹਮਲਾ ਕੀਤਾ ਗਿਆ।’’
ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੇ ਰਿਹਾਇਸ਼ ’ਤੇ ਪਹੁੰਚਣ ਤੋਂ ਬਾਅਦ ਦਰਵਾਜ਼ਾ ਖੋਲ੍ਹਣ ਲਈ ਕਈ ਵਾਰ ਰੌਲਾ ਪਾਇਆ। ਜਦੋਂ ਉਨ੍ਹਾਂ ਨੇ ਕੋਈ ਜਵਾਬ ਨਹੀਂ ਦਿਤਾ ਤਾਂ ਉਨ੍ਹਾਂ ਨੇ ਦਰਵਾਜ਼ੇ ਦਾ ਤਾਲਾ ਤੋੜਨ ਦੀ ਕੋਸ਼ਿਸ਼ ਕੀਤੀ ਅਤੇ ਫਿਰ ਸ਼ਾਹਜਹਾਂ ਦੇ ਸਮਰਥਕਾਂ ਨੇ ਅਧਿਕਾਰੀਆਂ ਅਤੇ ਕੇਂਦਰੀ ਫੋਰਸ ਦੇ ਜਵਾਨਾਂ ’ਤੇ ਹਮਲਾ ਕਰ ਦਿਤਾ।
ਉਨ੍ਹਾਂ ਦੋਸ਼ ਲਾਇਆ ਕਿ ਜਦੋਂ ਈ.ਡੀ. ਅਧਿਕਾਰੀਆਂ ਨੇ ਹਮਲੇ ਦੇ ਸਮੇਂ ਉੱਤਰੀ 24 ਪਰਗਨਾ ਜ਼ਿਲ੍ਹੇ ਦੇ ਪੁਲਿਸ ਸੁਪਰਡੈਂਟ (ਐਸ.ਪੀ.) ਸਮੇਤ ਸੀਨੀਅਰ ਪੁਲਿਸ ਅਧਿਕਾਰੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਉਨ੍ਹਾਂ ਨਾਲ ਗੱਲ ਨਹੀਂ ਕੀਤੀ।
ਈ.ਡੀ. ਦੇ ਛਾਪਿਆਂ ਨੂੰ ਕਵਰ ਕਰਨ ਲਈ ਸੰਦੇਸ਼ਖਾਲੀ ਗਏ ਨਿਊਜ਼ ਚੈਨਲਾਂ ਦੇ ਮੀਡੀਆ ਕਰਮੀਆਂ ’ਤੇ ਵੀ ਹਮਲਾ ਕੀਤਾ ਗਿਆ ਅਤੇ ਉਨ੍ਹਾਂ ਦੀਆਂ ਗੱਡੀਆਂ ਦੀ ਭੰਨਤੋੜ ਕੀਤੀ ਗਈ।
ਬਸ਼ੀਰਹਾਟ ਪੁਲਿਸ ਜ਼ਿਲ੍ਹੇ ਦੇ ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦਸਿਆ ਕਿ ਕੁੱਝ ਪੱਤਰਕਾਰਾਂ ਨੂੰ ਵੀ ਹਸਪਤਾਲ ਲਿਜਾਇਆ ਗਿਆ। ਆਈ.ਪੀ.ਐੱਸ. ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੂੰ ਅਜੇ ਤਕ ਕੇਂਦਰੀ ਜਾਂਚ ਏਜੰਸੀ ਤੋਂ ਕੋਈ ਅਧਿਕਾਰਤ ਸ਼ਿਕਾਇਤ ਨਹੀਂ ਮਿਲੀ ਹੈ ਪਰ ਨਿਸ਼ਚਿਤ ਤੌਰ ’ਤੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
ਸੰਪਰਕ ਕੀਤੇ ਜਾਣ ’ਤੇ ਆਈ.ਪੀ.ਐੱਸ. ਅਧਿਕਾਰੀ ਨੇ ਦਸਿਆ, ‘‘ਅਸੀਂ ਇਸ ਸਬੰਧ ’ਚ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਹੈ। ਈ.ਡੀ. ਅਧਿਕਾਰੀਆਂ ਨੇ ਅਜੇ ਤਕ ਸਾਡੇ ਕੋਲ ਕੋਈ ਸ਼ਿਕਾਇਤ ਦਰਜ ਨਹੀਂ ਕੀਤੀ ਹੈ। ਅਧਿਕਾਰਤ ਸ਼ਿਕਾਇਤ ਮਿਲਣ ਤੋਂ ਬਾਅਦ ਅਸੀਂ ਕਾਨੂੰਨ ਅਨੁਸਾਰ ਲੋੜੀਂਦੀ ਕਾਰਵਾਈ ਕਰਾਂਗੇ। ਭਾਜਪਾ ਦੇ ਸੀਨੀਅਰ ਨੇਤਾ ਰਾਹੁਲ ਸਿਨਹਾ ਨੇ ਦੋਸ਼ ਲਾਇਆ ਕਿ ਸ਼ਾਹਜਹਾਂ ਕਤਲ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਤਸਕਰ ਹੈ ਪਰ ਪੁਲਿਸ ਨੇ ਉਸ ਵਿਰੁਧ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਈ.ਡੀ. ’ਤੇ ਹਮਲਾ ਪਹਿਲਾਂ ਤੋਂ ਯੋਜਨਾਬੱਧ ਸੀ।’’
ਈ.ਡੀ. ਅਧਿਕਾਰੀਆਂ ’ਤੇ ਹਮਲਾ ਨਿੰਦਣਯੋਗ, ਸੰਵਿਧਾਨਕ ਬਦਲਾਂ ਦੀ ਪੜਚੋਲ ਕਰਾਂਗਾ : ਰਾਜਪਾਲ
ਕੋਲਕਾਤਾ: ਪਛਮੀ ਬੰਗਾਲ ਦੇ ਰਾਜਪਾਲ ਡਾ. ਸੀ.ਵੀ. ਆਨੰਦ ਬੋਸ ਨੇ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੇ ਅਧਿਕਾਰੀਆਂ ’ਤੇ ਕੀਤੇ ਗਏ ਹਮਲੇ ਦੀ ਨਿੰਦਾ ਕੀਤੀ ਅਤੇ ਕਾਨੂੰਨ ਵਿਵਸਥਾ ਨੂੰ ਕੰਟਰੋਲ ਕਰਨ ’ਚ ਅਸਫਲ ਰਹਿਣ ਲਈ ਸੂਬਾ ਸਰਕਾਰ ’ਤੇ ਨਿਸ਼ਾਨਾ ਸਾਧਿਆ। ਤ੍ਰਿਣਮੂਲ ਕਾਂਗਰਸ ਸਰਕਾਰ ਨੂੰ ਸਖ਼ਤ ਸੰਦੇਸ਼ ਦਿੰਦੇ ਹੋਏ ਬੋਸ ਨੇ ਕਿਹਾ ਕਿ ਉਹ ਅਪਣੇ ਸੰਵਿਧਾਨਕ ਬਦਲਾਂ ਦੀ ਪੜਚੋਲ ਕਰਨਗੇ ਅਤੇ ਉਚਿਤ ਕਾਰਵਾਈ ਕਰਨਗੇ। ਬੋਸ ਨੇ ਰਾਜ ਭਵਨ ਤੋਂ ਜਾਰੀ ਆਡੀਉ ਸੰਦੇਸ਼ ’ਚ ਕਿਹਾ, ‘‘ਸੰਦੇਸ਼ਖਾਲੀ ’ਚ ਵਾਪਰੀ ਭਿਆਨਕ ਘਟਨਾ ਚਿੰਤਾਜਨਕ ਅਤੇ ਨਿੰਦਣਯੋਗ ਹੈ। ਲੋਕਤੰਤਰ ’ਚ ਭੰਨਤੋੜ ਅਤੇ ਗੁੰਡਾਗਰਦੀ ਨੂੰ ਰੋਕਣਾ ਇਕ ਸੱਭਿਅਕ ਸਰਕਾਰ ਦਾ ਫਰਜ਼ ਹੈ। ਇਕ ਰਾਜਪਾਲ ਹੋਣ ਦੇ ਨਾਤੇ, ਮੈਂ ਸਹੀ ਤਰੀਕੇ ਨਾਲ ਉਚਿਤ ਕਾਰਵਾਈ ਲਈ ਅਪਣੇ ਸਾਰੇ ਸੰਵਿਧਾਨਕ ਵਿਕਲਪਾਂ ਦੀ ਪੜਚੋਲ ਕਰਾਂਗਾ।’’ ਉਨ੍ਹਾਂ ਇਹ ਵੀ ਕਿਹਾ ਕਿ ਪਛਮੀ ਬੰਗਾਲ ਕੋਈ ‘ਬਨਾਨਾ ਰਿਪਬਲਿਕ’ ਨਹੀਂ ਹੈ ਅਤੇ ਸਰਕਾਰ ਨੂੰ ਲੋਕਤੰਤਰ ’ਚ ਬਰਬਰਤਾ ਅਤੇ ਗੁੰਡਾਗਰਦੀ ਨੂੰ ਰੋਕਣਾ ਚਾਹੀਦਾ ਹੈ।
ਮਮਤਾ ਬੈਨਰਜੀ ਦੀ ਅਗਵਾਈ ਵਾਲੀ ਸਰਕਾਰ ਦਾ ਬੰਗਾਲ ’ਚ ਸੱਤਾ ’ਚ ਬਣੇ ਰਹਿਣਾ ਕੌਮੀ ਸੁਰੱਖਿਆ ਲਈ ਖਤਰਾ: ਭਾਜਪਾ
ਨਵੀਂ ਦਿੱਲੀ: ਭਾਜਪਾ ਨੇ ਪਛਮੀ ਬੰਗਾਲ ’ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੇ ਅਧਿਕਾਰੀਆਂ ’ਤੇ ਹਮਲੇ ਦੀ ਘਟਨਾ ਨੂੰ ਲੈ ਕੇ ਸ਼ੁਕਰਵਾਰ ਨੂੰ ਤ੍ਰਿਣਮੂਲ ਕਾਂਗਰਸ ਦੀ ਆਲੋਚਨਾ ਕੀਤੀ ਅਤੇ ਕਿਹਾ ਕਿ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਅਗਵਾਈ ’ਚ ਪਾਰਟੀ ਸਰਕਾਰ ਦਾ ਬਣੇ ਰਹਿਣਾ ਕੌਮੀ ਸੁਰੱਖਿਆ ਲਈ ਖਤਰਾ ਹੈ। ਇਸ ਘਟਨਾ ’ਤੇ ਤਿੱਖੀ ਪ੍ਰਤੀਕਿਰਿਆ ਦਿੰਦੇ ਹੋਏ ਭਾਜਪਾ ਦੇ ਪਛਮੀ ਬੰਗਾਲ ਮਾਮਲਿਆਂ ਦੇ ਸਹਿ-ਇੰਚਾਰਜ ਅਮਿਤ ਮਾਲਵੀਆ ਨੇ ਐਕਸ ’ਤੇ ਲਿਖਿਆ, ‘‘ਬੰਗਾਲ ਇਸ ਤਰ੍ਹਾਂ ਅਰਾਜਕ ਹੈ।’’ ਉਨ੍ਹਾਂ ਕਿਹਾ ਕਿ ਪਛਮੀ ਬੰਗਾਲ ’ਚ ਤ੍ਰਿਣਮੂਲ ਕਾਂਗਰਸ ਦੀ ਸਰਕਾਰ ਬਣੇ ਰਹਿਣਾ ਕੌਮੀ ਸੁਰੱਖਿਆ ਲਈ ਖਤਰਾ ਹੈ।
ਮਾਲਵੀਆ ਨੇ ਕਿਹਾ ਕਿ ਈ.ਡੀ. ਅਤੇ ਉਸ ਦੇ ਨਾਲ ਆਈ ਮੀਡੀਆ ਟੀਮ ’ਤੇ ਉਸ ਸਮੇਂ ਹਮਲਾ ਕੀਤਾ ਗਿਆ ਜਦੋਂ ਬਲਾਕ ਪੱਧਰੀ ਟੀ.ਐਮ.ਸੀ. ਨੇਤਾਵਾਂ ਸ਼ੇਖ ਅਤੇ ਸ਼ੰਕਰ ਅਧਿਆ ਦੇ ਟਿਕਾਣਿਆਂ ’ਤੇ ਛਾਪਾ ਮਾਰਿਆ ਗਿਆ। ਰਾਜ ਦੇ ਖੁਰਾਕ ਮੰਤਰੀ ਜੋਤੀਪ੍ਰਿਯਾ ਮਲਿਕ ਨੂੰ ਇਸ ਘਪਲੇ ਦੇ ਸਬੰਧ ’ਚ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਭਾਜਪਾ ਨੇਤਾ ਨੇ ਕਿਹਾ ਕਿ ਸੈਂਕੜੇ ਮਰਦ ਅਤੇ ਔਰਤਾਂ ਮੌਕੇ ’ਤੇ ਇਕੱਠੇ ਹੋਏ ਅਤੇ ਨਾਅਰੇਬਾਜ਼ੀ ਕੀਤੀ ਅਤੇ ਅਧਿਕਾਰੀਆਂ ’ਤੇ ਹਮਲਾ ਕੀਤਾ। ਉਨ੍ਹਾਂ ਕਿਹਾ, ‘‘ਸ਼ਾਹਜਹਾਂ ਖਾਸ ਤੌਰ ’ਤੇ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਭਤੀਜੇ ਅਭਿਸ਼ੇਕ ਬੈਨਰਜੀ ਦੇ ਕਰੀਬੀ ਹਨ। ਮਮਤਾ ਬੰਗਾਲ ਦੀ ਗ੍ਰਹਿ ਮੰਤਰੀ ਵੀ ਹੈ।’’
ਮਾਲਵੀਆ ਨੇ ਕਿਹਾ, ‘‘ਇਹ ਸੰਭਵ ਹੈ ਕਿ ਜਾਂਚ ਏਜੰਸੀ ਦੇ ਅਧਿਕਾਰੀਆਂ ’ਤੇ ਹਮਲਾ ਕਰਨ ਗਏ ਲੋਕਾਂ ’ਚ ਕਈ ਗੈਰ-ਕਾਨੂੰਨੀ ਪ੍ਰਵਾਸੀ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਤ੍ਰਿਣਮੂਲ ਕਾਂਗਰਸ ਦੇ ਸਥਾਨਕ ਨੇਤਾਵਾਂ ਨੇ ਅਪਣੇ ਵੋਟ ਬੈਂਕ ਲਈ ਸਰਪ੍ਰਸਤੀ ਦਿਤੀ ਹੈ।’’
(For more Punjabi news apart ED Team assaulted in punjabi, stay tuned to Rozana Spokesman)