
ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਦੇਸ਼ ਅਤੇ ਸੰਵਿਧਾਨ ਨੂੰ ਜਦ ਤਕ ਬਚਾ ਨਹੀਂ ਲਿਆ ਜਾਂਦਾ, ਉਨ੍ਹਾਂ ਦਾ ਸਤਿਆਗ੍ਰਹਿ ਜਾਰੀ ਰਹੇਗਾ.....
ਕੋਲਕਾਤਾ : ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਦੇਸ਼ ਅਤੇ ਸੰਵਿਧਾਨ ਨੂੰ ਜਦ ਤਕ ਬਚਾ ਨਹੀਂ ਲਿਆ ਜਾਂਦਾ, ਉਨ੍ਹਾਂ ਦਾ ਸਤਿਆਗ੍ਰਹਿ ਜਾਰੀ ਰਹੇਗਾ। ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵਿਰੁਧ ਤ੍ਰਿਣਮੂਲ ਕਾਂਗਰਸ ਦੇ ਕਾਰਕੁਨਾਂ ਨੇ ਰਾਜ ਦੇ ਬਹੁਤੇ ਹਿੱਸਿਆਂ ਵਿਚ ਰੈਲੀਆਂ ਕੀਤੀਆਂ ਅਤੇ ਧਰਨੇ ਦਿਤੇ। ਦੋ ਜ਼ਿਲ੍ਹਿਆਂ ਵਿਚ ਰੇਲਗੱਡੀਆਂ ਦੀ ਆਵਾਜਾਈ ਵੀ ਰੋਕੀ ਗਈ। ਬੈਨਰਜੀ ਕਲ ਰਾਤ ਕਰੀਬ ਸਾਢੇ ਅੱਠ ਵਜੇ ਧਰਨੇ 'ਤੇ ਬੈਠ ਗਈ ਸੀ। ਉਹ ਹਾਲੇ ਵੀ ਮੰਤਰੀਆਂ ਅਤੇ ਪਾਰਟੀ ਮੈਂਬਰਾਂ ਨਾਲ ਸ਼ਹਿਰ ਵਿਚਾਲੇ 'ਮੈਟਰੋ ਚੈਨਲ' ਵਿਚ ਅਸਥਾਈ ਮੰਚ 'ਤੇ ਧਰਨੇ 'ਤੇ ਬੈਠੀ ਹੈ।
ਖੱਬੇਪੱਖੀ ਸਰਕਾਰ ਦੁਆਰਾ ਕਾਰ ਕਾਰਖ਼ਾਨਾ ਸਥਾਪਤ ਕਰਨ ਲਈ ਸਿੰਗੂਰ ਵਿਚ ਜ਼ਮੀਨ ਖ਼ਰੀਦ ਵਿਰੁਧ ਵੀ ਮਮਤਾ ਨੇ 2006 ਦਸੰਬਰ ਵਿਚ ਇਥੇ ਹੀ 25 ਦਿਨ ਦੀ ਭੁੱਖ ਹੜਤਾਲ ਕੀਤੀ ਸੀ। ਸਿੰਗੂਰ ਮੁਹਿੰਮ ਤੋਂ ਹੀ ਮਮਤਾ ਦੇ 2011ਵਿਚ ਸੱਤਾ ਵਿਚ ਆਉਣ ਦਾ ਰਾਹ ਖੁਲ੍ਹਿਆ ਸੀ। ਚਿੱਟਫ਼ੰਡ ਮਾਮਲੇ ਵਿਚ ਕੋਲਕਾਤਾ ਪੁਲਿਸ ਮੁਖੀ ਰਾਜੀਵ ਕੁਮਾਰ ਕੋਲੋਂ ਪੁੱਛ-ਪੜਤਾਲ ਕਰਨ ਲਈ ਸੀਬੀਆਈ ਦੀ ਟੀਮ ਪਹੁੰਚਣ ਮਗਰੋਂ ਰਾਜ ਵਿਚ ਸਿਆਸੀ ਮਾਹੌਲ ਗਰਮਾ ਗਿਆ ਹੈ। ਬੈਨਰਜੀ ਨੇ ਧਰਨੇ ਵਾਲੀ ਥਾਂ 'ਤੇ ਮੌਜੂਦ ਪੱਤਰਕਾਰਾਂ ਨੂੰ ਕਿਹਾ, 'ਇਹ ਸਤਿਆਗ੍ਰਹਿ ਹੈ ਅਤੇ ਜਦ ਤਕ ਦੇਸ਼ ਸੁਰੱਖਿਅਤ ਨਹੀਂ ਹੋ ਜਾਂਦਾ, ਧਰਨਾ ਜਾਰੀ ਰਹੇਗਾ।'
ਮਮਤਾ ਬੈਨਰਜੀ ਨੇ ਕਿਹਾ ਕਿ ਮੋਦੀ ਸਰਕਾਰ ਨੇ ਕਿਸਾਨਾਂ ਦੀ ਨੀਂਦ ਖੋਹ ਲਈ ਹੈ। ਉਨ੍ਹਾਂ ਹਿਕਾ ਕਿ ਚੋਣਾਂ ਤੋਂ ਪਹਿਲਾਂ ਕਿਸਾਨਾਂ ਨੂੰ ਧੋਖਾ ਦਿਤਾ ਜਾ ਰਿਹਾ ਹੈ। ਮਮਤਾ ਨੇ ਘਟਨਾ ਸਥਾਨ ਤੋਂ ਫ਼ੋਨ 'ਤੇ ਕਿਸਾਨਾਂ ਦੇ ਸੰਮੇਲਨ ਨੂੰ ਸੰਬੋਧਨ ਕੀਤਾ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਆਂਧਰਾ ਦੇ ਮੁੱਖ ਮੰਤਰੀ ਐਮ ਚੰਦਰਬਾਬੂ ਨਾਇਡੂ, ਆਰਜੇਡੀ ਮੁਖੀ ਲਾਲੂ ਪ੍ਰਸਾਦ ਸਮੇਤ ਕਈ ਆਗੂਆਂ ਨੇ ਮਮਤਾ ਬੈਨਰਜੀ ਦਾ ਸਮਰਥਨ ਕੀਤਾ ਹੈ। ਉਨ੍ਹਾਂ ਕਿਹਾ, 'ਇਹ ਲੜਾਈ ਮੇਰੀ ਪਾਰਟੀ ਦੀ ਨਹੀਂ, ਇਹ ਮੇਰੀ ਸਰਕਾਰ ਲਈ ਹੈ।' ਤ੍ਰਿਣਮੂਲ ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਦੇ ਪੁਤਲੇ ਵੀ ਸਾੜੇ। (ਏਜੰਸੀ)