
81 ਮੈਂਬਰੀ ਵਿਧਾਨ ਸਭਾ ’ਚ 47 ਵਿਧਾਇਕਾਂ ਨੇ ਮਤੇ ਦੇ ਹੱਕ ’ਚ ਵੋਟ ਪਾਈ
ਰਾਂਚੀ: ਝਾਰਖੰਡ ਦੇ ਮੁੱਖ ਮੰਤਰੀ ਚੰਪਾਈ ਸੋਰੇਨ ਦੀ ਅਗਵਾਈ ਵਾਲੀ ਝਾਰਖੰਡ ਮੁਕਤੀ ਮੋਰਚਾ (ਜੇ.ਐੱਮ.ਐੱਮ.) ਦੀ ਅਗਵਾਈ ਵਾਲੀ ਗੱਠਜੋੜ ਸਰਕਾਰ ਨੇ ਸੋਮਵਾਰ ਨੂੰ ਵਿਧਾਨ ਸਭਾ ’ਚ ਭਰੋਸੇ ਦਾ ਵੋਟ ਜਿੱਤ ਲਿਆ। 81 ਮੈਂਬਰੀ ਵਿਧਾਨ ਸਭਾ ’ਚ 47 ਵਿਧਾਇਕਾਂ ਨੇ ਮਤੇ ਦੇ ਹੱਕ ’ਚ ਵੋਟ ਪਾਈ ਜਦਕਿ 29 ਵਿਧਾਇਕਾਂ ਨੇ ਇਸ ਦੇ ਵਿਰੋਧ ’ਚ ਵੋਟ ਪਾਈ। ਆਜ਼ਾਦ ਵਿਧਾਇਕ ਸਰਯੂ ਰਾਏ ਨੇ ਵੋਟਿੰਗ ਪ੍ਰਕਿਰਿਆ ’ਚ ਹਿੱਸਾ ਨਹੀਂ ਲਿਆ। ਵਿਧਾਨ ਸਭਾ ’ਚ ਵੋਟਿੰਗ ਦੌਰਾਨ 77 ਵਿਧਾਇਕ ਮੌਜੂਦ ਸਨ। ਜੇ.ਐਮ.ਐਮ., ਕਾਂਗਰਸ ਅਤੇ ਰਾਸ਼ਟਰੀ ਜਨਤਾ ਦਲ (ਆਰ.ਜੇ.ਡੀ.) ਦੇ ਸੱਤਾਧਾਰੀ ਗੱਠਜੋੜ ਨੂੰ ਭਾਰਤੀ ਕਮਿਊਨਿਸਟ ਪਾਰਟੀ ਦੇ ਇਕਲੌਤੇ ਵਿਧਾਇਕ ਮਾਰਕਸਵਾਦੀ-ਲੈਨਿਨਵਾਦੀ (ਲਿਬਰੇਸ਼ਨ) ਨੇ ਬਾਹਰੋਂ ਸਮਰਥਨ ਦਿਤਾ ਸੀ।
ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੇ ਵਿਰੋਧੀ ਗੱਠਜੋੜ ਦੇ ਭਾਜਪਾ ਦੇ 26 ਅਤੇ ਆਲ ਝਾਰਖੰਡ ਸਟੂਡੈਂਟਸ ਯੂਨੀਅਨ (ਏ.ਜੇ.ਐਸ.ਯੂ.) ਦੇ ਤਿੰਨ ਵਿਧਾਇਕ ਹਨ। ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਪਿਛਲੇ ਹਫਤੇ ਹੇਮੰਤ ਸੋਰੇਨ ਨੂੰ ਮਨੀ ਲਾਂਡਰਿੰਗ ਦੇ ਇਕ ਮਾਮਲੇ ’ਚ ਗ੍ਰਿਫਤਾਰ ਕੀਤਾ ਸੀ। ਇਸ ਤੋਂ ਬਾਅਦ ਜੇ.ਐਮ.ਐਮ. ਵਿਧਾਇਕ ਦਲ ਦੇ ਨੇਤਾ ਚੰਪਾਈ ਸੋਰੇਨ ਨੇ 2 ਫ਼ਰਵਰੀ ਨੂੰ ਝਾਰਖੰਡ ਦੇ ਮੁੱਖ ਮੰਤਰੀ ਵਜੋਂ ਸਹੁੰ ਚੁਕੀ ਸੀ।
ਚੰਪਾਈ ਸੋਰੇਨ ਨੂੰ ਸਦਨ ’ਚ ਅਪਣੀ ਸਰਕਾਰ ਦਾ ਬਹੁਮਤ ਸਾਬਤ ਕਰਨ ਲਈ 10 ਦਿਨਾਂ ਦਾ ਸਮਾਂ ਦਿਤਾ ਗਿਆ ਸੀ। ਉਨ੍ਹਾਂ ਨੇ ਫੈਸਲਾ ਕੀਤਾ ਸੀ ਕਿ ਉਹ 5 ਫ਼ਰਵਰੀ ਨੂੰ ਭਰੋਸੇ ਦਾ ਵੋਟ ਮੰਗਣਗੇ। ਹੇਮੰਤ ਸੋਰੇਨ ਇਸ ਸਮੇਂ ਈ.ਡੀ. ਦੀ ਹਿਰਾਸਤ ’ਚ ਹਨ। ਉਨ੍ਹਾਂ ਨੂੰ ਵਿਸ਼ੇਸ਼ ਪੀ.ਐਮ.ਐਲ.ਏ. (ਮਨੀ ਲਾਂਡਰਿੰਗ ਰੋਕੂ ਕਾਨੂੰਨ) ਅਦਾਲਤ ਨੇ ਭਰੋਸੇ ਦੀ ਵੋਟ ’ਚ ਹਿੱਸਾ ਲੈਣ ਦੀ ਆਗਿਆ ਦਿਤੀ ਸੀ। ਸੱਤਾਧਾਰੀ ਗੱਠਜੋੜ ਦੇ 38 ਵਿਧਾਇਕਾਂ ਨੂੰ ਭਰੋਸੇ ਦੇ ਵੋਟ ਦੇ ਮੱਦੇਨਜ਼ਰ ਭਾਜਪਾ ਵਲੋਂ ‘ਖਰੀਦ-ਫਰੋਖਤ‘ ਦੇ ਖਦਸ਼ੇ ਦੇ ਮੱਦੇਨਜ਼ਰ 2 ਫ਼ਰਵਰੀ ਨੂੰ ਦੋ ਉਡਾਣਾਂ ਰਾਹੀਂ ਹੈਦਰਾਬਾਦ ਲਿਜਾਇਆ ਗਿਆ ਸੀ। ਉਹ ਭਰੋਸੇ ਦੀ ਵੋਟ ਤੋਂ ਪਹਿਲਾਂ ਐਤਵਾਰ ਸ਼ਾਮ ਨੂੰ ਰਾਂਚੀ ਵਾਪਸ ਆਏ।
ਭ੍ਰਿਸ਼ਟਾਚਾਰ ਦੇ ਦੋਸ਼ ਸਾਬਤ ਹੋਏ ਤਾਂ ਸਿਆਸਤ ਛੱਡ ਦੇਵਾਂਗਾ: ਹੇਮੰਤ ਸੋਰੇਨ
ਰਾਂਚੀ: ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਸੋਮਵਾਰ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਉਨ੍ਹਾਂ ਵਿਰੁਧ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ ਸਾਬਤ ਕਰਨ ਦੀ ਚੁਨੌਤੀ ਦਿਤੀ ਅਤੇ ਕਿਹਾ ਕਿ ਜੇਕਰ ਦੋਸ਼ ਸਾਬਤ ਹੁੰਦੇ ਹਨ ਤਾਂ ਉਹ ਸਿਆਸਤ ਛੱਡ ਦੇਣਗੇ। ਝਾਰਖੰਡ ਦੇ ਨਵੇਂ ਮੁੱਖ ਮੰਤਰੀ ਚੰਪਾਈ ਸੋਰੇਨ ਵਲੋਂ ਵਿਧਾਨ ਸਭਾ ’ਚ ਪੇਸ਼ ਕੀਤੇ ਗਏ ਭਰੋਸੇ ਦੇ ਮਤੇ ’ਚ ਹਿੱਸਾ ਲੈਂਦੇ ਹੋਏ ਝਾਰਖੰਡ ਮੁਕਤੀ ਮੋਰਚਾ (ਜੇ.ਐੱਮ.ਐੱਮ.) ਦੇ ਕਾਰਜਕਾਰੀ ਪ੍ਰਧਾਨ ਨੇ ਇਹ ਵੀ ਦੋਸ਼ ਲਾਇਆ ਕਿ ਕੇਂਦਰ ਵਲੋਂ ਉਨ੍ਹਾਂ ਨਾਲ ਸਾਜ਼ਸ਼ ਰਚਣ ਤੋਂ ਬਾਅਦ ਰਾਜ ਭਵਨ ਨੇ ਉਨ੍ਹਾਂ ਦੀ ਗ੍ਰਿਫਤਾਰੀ ’ਚ ਅਹਿਮ ਭੂਮਿਕਾ ਨਿਭਾਈ।
ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਪਿਛਲੇ ਹਫਤੇ ਹੇਮੰਤ ਸੋਰੇਨ ਨੂੰ ਕਾਲੇ ਧਨ ਨੂੰ ਚਿੱਟਾ ਕਰਨ ਦੇ ਇਕ ਮਾਮਲੇ ’ਚ ਗ੍ਰਿਫਤਾਰ ਕੀਤਾ ਸੀ। ਇਸ ਤੋਂ ਬਾਅਦ ਜੇ.ਐੱਮ.ਐੱਮ. ਵਿਧਾਇਕ ਦਲ ਦੇ ਨੇਤਾ ਚੰਪਾਈ ਸੋਰੇਨ ਨੇ 2 ਫ਼ਰਵਰੀ ਨੂੰ ਝਾਰਖੰਡ ਦੇ ਮੁੱਖ ਮੰਤਰੀ ਵਜੋਂ ਸਹੁੰ ਚੁਕੀ ਸੀ।
ਹੇਮੰਤ ਸੋਰੇਨ ਨੇ ਕਿਹਾ, ‘‘ਮੈਂ ਭਾਜਪਾ ਨੂੰ ਚੁਨੌਤੀ ਦਿੰਦਾ ਹਾਂ ਕਿ ਉਹ ਮੇਰੇ ਵਿਰੁਧ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਸਾਬਤ ਕਰੇ। ਜੇਕਰ ਦੋਸ਼ ਸਾਬਤ ਹੋ ਜਾਂਦੇ ਹਨ ਤਾਂ ਮੈਂ ਸਿਆਸਤ ਛੱਡ ਦੇਵਾਂਗਾ।’’ ਸੋਰੇਨ ਇਸ ਸਮੇਂ ਈ.ਡੀ. ਦੀ ਹਿਰਾਸਤ ’ਚ ਹੈ। ਵਿਸ਼ੇਸ਼ ਪੀ.ਐਮ.ਐਲ.ਏ. (ਮਨੀ ਲਾਂਡਰਿੰਗ ਰੋਕੂ ਕਾਨੂੰਨ) ਅਦਾਲਤ ਨੇ ਉਨ੍ਹਾਂ ਨੂੰ ਭਰੋਸੇ ਦੀ ਵੋਟ ’ਚ ਹਿੱਸਾ ਲੈਣ ਦੀ ਇਜਾਜ਼ਤ ਦਿਤੀ ਹੈ।
ਉਨ੍ਹਾਂ ਕਿਹਾ, ‘‘31 ਜਨਵਰੀ ਭਾਰਤ ਦੇ ਇਤਿਹਾਸ ਦਾ ਕਾਲਾ ਅਧਿਆਇ ਹੈ। ਰਾਜ ਭਵਨ ਦੇ ਹੁਕਮਾਂ ’ਤੇ ਇਕ ਮੁੱਖ ਮੰਤਰੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਭਾਜਪਾ ਝਾਰਖੰਡ ’ਚ ਕਿਸੇ ਆਦਿਵਾਸੀ ਮੁੱਖ ਮੰਤਰੀ ਨੂੰ ਪੰਜ ਸਾਲ ਦਾ ਕਾਰਜਕਾਲ ਪੂਰਾ ਕਰਦੇ ਨਹੀਂ ਵੇਖਣਾ ਚਾਹੁੰਦੀ, ਉਨ੍ਹਾਂ ਨੇ ਅਪਣੀਆਂ ਸਰਕਾਰਾਂ ’ਚ ਅਜਿਹਾ ਨਹੀਂ ਹੋਣ ਦਿਤਾ।’’
ਜ਼ਿਕਰਯੋਗ ਹੈ ਕਿ ਭਾਜਪਾ ਦੇ ਗੈਰ-ਕਬਾਇਲੀ ਨੇਤਾ ਰਘੂਬਰ ਦਾਸ ਤੋਂ ਇਲਾਵਾ ਇਸ ਦੇ ਜਾਂ ਜੇ.ਐਮ.ਐਮ. ਦੇ 10 ਹੋਰ ਸਾਬਕਾ ਮੁੱਖ ਮੰਤਰੀਆਂ ਵਿਚੋਂ ਕੋਈ ਵੀ ਰਾਜ ਵਿਚ ਪੰਜ ਸਾਲ ਦਾ ਕਾਰਜਕਾਲ ਪੂਰਾ ਨਹੀਂ ਕਰ ਸਕਿਆ ਹੈ। ਇਸ ਰਾਜ ਦੀ ਸਥਾਪਨਾ ਸਾਲ 2000 ’ਚ ਕੀਤੀ ਗਈ ਸੀ। ਉਨ੍ਹਾਂ ਅੱਗੇ ਕਿਹਾ, ‘‘ਹਾਲਾਂਕਿ, ਮੈਂ ਹੁਣ ਹੰਝੂ ਨਹੀਂ ਵਹਾਵਾਂਗਾ। ਮੈਂ ਢੁਕਵੇਂ ਸਮੇਂ ’ਤੇ ਜਾਗੀਰਦਾਰੀ ਤਾਕਤਾਂ ਨੂੰ ਕਰਾਰਾ ਜਵਾਬ ਦੇਵਾਂਗਾ।’’
ਉਨ੍ਹਾਂ ਦਾਅਵਾ ਕੀਤਾ ਕਿ ਆਦਿਵਾਸੀਆਂ ਨੂੰ ਅਪਣਾ ਧਰਮ ਛੱਡਣ ਲਈ ਮਜਬੂਰ ਕੀਤਾ ਜਾਵੇਗਾ ਕਿਉਂਕਿ ਬੀ.ਆਰ. ਅੰਬੇਡਕਰ ਨੂੰ ਵੀ ਬੁੱਧ ਧਰਮ ਅਪਣਾਉਣ ਲਈ ਮਜਬੂਰ ਕੀਤਾ ਗਿਆ ਸੀ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਆਦਿਵਾਸੀਆਂ ਨੂੰ ‘ਅਛੂਤ’ ਮੰਨਦੀ ਹੈ। ਜਦੋਂ ਸਾਬਕਾ ਮੁੱਖ ਮੰਤਰੀ ਵਿਧਾਨ ਸਭਾ ਪਹੁੰਚੇ ਤਾਂ ਸੱਤਾਧਾਰੀ ਜੇ.ਐਮ.ਐਮ. ਦੀ ਅਗਵਾਈ ਵਾਲੇ ਗੱਠਜੋੜ ਦੇ ਵਿਧਾਇਕਾਂ ਨੇ ‘ਹੇਮੰਤ ਸੋਰੇਨ ਲੰਮੇ ਸਮੇਂ ਤਕ ਜੀਓ’ ਵਰਗੇ ਨਾਅਰਿਆਂ ਨਾਲ ਉਨ੍ਹਾਂ ਦਾ ਸਵਾਗਤ ਕੀਤਾ।
ਇਸ ਤੋਂ ਪਹਿਲਾਂ ਚੰਪਾਈ ਸੋਰੇਨ ਨੇ 81 ਮੈਂਬਰੀ ਵਿਧਾਨ ਸਭਾ ’ਚ ਭਰੋਸੇ ਦਾ ਮਤਾ ਪੇਸ਼ ਕੀਤਾ ਸੀ। ਉਨ੍ਹਾਂ ਕਿਹਾ ਕਿ ਭਾਜਪਾ ਨੇ ਲੋਕਤੰਤਰੀ ਢੰਗ ਨਾਲ ਚੁਣੀ ਗਈ ਝਾਰਖੰਡ ਸਰਕਾਰ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਚੰਪਾਈ ਨੇ ਕਿਹਾ, ‘‘ਹੇਮੰਤ ਹੈ ਤਾਂ ਹਿੰਮਤ ਹੈ।’’ ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਉਨ੍ਹਾਂ ਦੀ ਸਰਕਾਰ ਹੇਮੰਤ ਸੋਰੇਨ ਸਰਕਾਰ ਦਾ ਦੂਜਾ ਹਿੱਸਾ ਹੈ।