
ਵਿਦਿਆਰਥੀ ਕੇਂਦਰ ਸਰਕਾਰ ਦੇ ਮਦਦ ਨਾ ਕਰਨ ਦੇ ਰਵੱਈਏ ਤੋਂ ਬੇਵੱਸ ਹਨ
ਨਵੀਂ ਦਿੱਲੀ: ਯੂਕਰੇਨ ਅਤੇ ਰੂਸ ਵਿਚਕਾਰ ਜੰਗ ਜਾਰੀ ਹੈ। ਇਸ ਦੌਰਾਨ ਭਾਰਤੀ ਵਿਦਿਆਰਥੀਆਂ ਨੂੰ ਲਗਾਤਾਰ ਭਾਰਤ ਲਿਆਉਣ ਦਾ ਸਿਲਸਿਲਾ ਜਾਰੀ ਹੈ। ਇਸ ਦੌਰਾਨ ਬੀਤੇ ਦਿਨੀਂ ਅੰਮ੍ਰਿਤਸਰ ਤੋਂ ਕਾਂਗਰਸ ਦੇ ਸਾਂਸਦ ਗੁਰਜੀਤ ਔਜਲਾ ਪੋਲੈਂਡ ਪਹੁੰਚੇ ਹਨ ਤੇ ਅੱਜ ਉਹਨਾਂ ਨੇ ਪੋਲੈਂਡ ਦੇ ਇਕ ਮੰਦਰ ਵਿਚ ਰੁਕੇ ਭਾਰਤੀ ਵਿਦਿਆਰਥੀਆਂ ਨਾਲ ਮੁਲਾਕਾਤ ਕੀਤੀ ਤੇ ਵਿਦਿਆਰਥੀਆਂ ਨੇ ਔਜਲਾ ਨੂੰ ਹੱਡਬੀਤੀ ਸੁਣਾਈ।
Gurjeet Aujla arrives in Poland, meets Indian students
ਇਸ ਨੂੰ ਲੈ ਕੇ ਗੁਰਜੀਤ ਔਜਲਾ ਦਾ ਕਹਿਣਾ ਹੈ ਕਿ ਵਿਦਿਆਰਥੀ ਕੇਂਦਰ ਸਰਕਾਰ ਦੇ ਮਦਦ ਨਾ ਕਰਨ ਦੇ ਰਵੱਈਏ ਤੋਂ ਬੇਵੱਸ ਹਨ ਅਤੇ ਉਨ੍ਹਾਂ ਕੋਲ ਹੋਰ ਕੋਈ ਚਾਰਾ ਨਹੀਂ ਬਚਿਆ ਹੈ। ਗੁਰਜੀਤ ਸਿੰਘ ਔਜਲਾ ਨੇ ਪੋਲੈਂਡ ਵਿਚ ਮੌਜੂਦ ਪੰਜਾਬੀ ਲੋਕਾਂ ਨੂੰ ਬੱਚਿਆਂ ਦੀ ਮਦਦ ਲਈ ਅੱਗੇ ਆਉਣ ਦੀ ਅਪੀਲ ਕੀਤੀ ਹੈ। ਗੁਰਜੀਤ ਸਿੰਘ ਔਜਲਾ ਦਾ ਕਹਿਣਾ ਹੈ ਕਿ ਬਹੁਤ ਸਾਰੇ ਭਾਰਤੀ ਬੱਚੇ ਅਜੇ ਵੀ ਯੂਕਰੇਨ ਦੇ ਖਾਰਕੀਵ ਇਲਾਕੇ ਵਿਚ ਫਸੇ ਹੋਏ ਹਨ। ਇਨ੍ਹਾਂ ਬੱਚਿਆਂ ਨੂੰ ਕੋਈ ਮਦਦ ਨਹੀਂ ਮਿਲ ਰਹੀ। ਕੇਂਦਰ ਸਰਕਾਰ ਵੀ ਇਨ੍ਹਾਂ ਬੱਚਿਆਂ ਦੀ ਮਦਦ ਕਰਨ ਦੇ ਸਮਰੱਥ ਨਹੀਂ ਹੈ।
ਗੁਰਜੀਤ ਔਜਲਾ ਨੇ ਪੋਲੈਂਡ ਦੇ ਲੋਕਾਂ ਦਾ ਧੰਨਵਾਦ ਵੀ ਕੀਤਾ ਹੈ ਕਿਉਂਕਿ ਪੋਲੈਂਡ ਦੇ ਲੋਕਾਂ ਨੇ ਭਾਰਤੀ ਵਿਦਿਆਰਥੀਆਂ ਨੂੰ ਅਜਿਹੇ ਔਖੇ ਸਮੇਂ ਵਿਚ ਪਨਾਹ ਦਿੱਤੀ ਹੈ। ਭਾਰਤੀ ਹਵਾਈ ਸੈਨਾ ਵੱਲੋਂ ਸ਼ਨੀਵਾਰ ਨੂੰ ਚੱਲ ਰਹੇ 'ਆਪਰੇਸ਼ਨ ਗੰਗਾ' ਤਹਿਤ ਯੂਕਰੇਨ ਦੇ ਗੁਆਂਢੀ ਦੇਸ਼ਾਂ ਰੋਮਾਨੀਆ, ਸਲੋਵਾਕੀਆ ਅਤੇ ਪੋਲੈਂਡ ਤੋਂ ਕੱਢੇ ਗਏ 629 ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਂਦਾ ਗਿਆ ਹੈ।