
6,811 ਕਰੋੜ ਰੁਪਏ ਦੇ ਨਾਲ 4-6 ਸਾਲ ’ਚ ਬਣਨਗੇ ਦੋਵੇ ਪ੍ਰਾਜੈਕਟ
Hemkunt Sahib Ji ropeway projects: ਸਰਕਾਰ ਨੇ ਉਤਰਾਖੰਡ ’ਚ 6,811 ਕਰੋੜ ਰੁਪਏ ਦੀ ਲਾਗਤ ਨਾਲ ਸੋਨਪ੍ਰਯਾਗ ਤੋਂ ਕੇਦਾਰਨਾਥ (12.9 ਕਿਲੋਮੀਟਰ) ਅਤੇ ਗੋਵਿੰਦਘਾਟ ਤੋਂ ਹੇਮਕੁੰਟ ਸਾਹਿਬ ਜੀ (12.4 ਕਿਲੋਮੀਟਰ) ਤਕ ਰੋਪਵੇਅ ਪ੍ਰਾਜੈਕਟਾਂ ਨੂੰ ਮਨਜ਼ੂਰੀ ਦੇ ਦਿਤੀ ਹੈ।
ਇਨ੍ਹਾਂ ਦੋਹਾਂ ਪ੍ਰਾਜੈਕਟਾਂ ਦੇ ਨਿਰਮਾਣ ਦੀ ਸਮਾਂ ਸੀਮਾ 4-6 ਸਾਲ ਹੈ। ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਣਵ ਨੇ ਆਰਥਕ ਮਾਮਲਿਆਂ ਦੀ ਕੈਬਨਿਟ ਕਮੇਟੀ (ਸੀ.ਸੀ.ਈ.ਏ.) ਦੇ ਫੈਸਲਿਆਂ ਦਾ ਐਲਾਨ ਕੀਤਾ।
ਸੋਨਪ੍ਰਯਾਗ ਤੋਂ ਕੇਦਾਰਨਾਥ ਤਕ 12.9 ਕਿਲੋਮੀਟਰ ਲੰਮੇ ਰੋਪਵੇਅ ਦਾ ਨਿਰਮਾਣ 4,081.28 ਕਰੋੜ ਰੁਪਏ ਦੀ ਕੁਲ ਲਾਗਤ ਨਾਲ ਡਿਜ਼ਾਈਨ, ਬਿਲਡ, ਫਾਈਨਾਂਸ, ਓਪਰੇਟ ਐਂਡ ਟ੍ਰਾਂਸਫਰ (ਡੀ.ਬੀ.ਐਫ.ਓ.ਟੀ.) ਮੋਡ ’ਤੇ ਕੀਤਾ ਜਾਵੇਗਾ।
ਰੋਪਵੇਅ ਨੂੰ ਜਨਤਕ-ਨਿੱਜੀ ਭਾਈਵਾਲੀ ’ਚ ਵਿਕਸਤ ਕਰਨ ਦੀ ਯੋਜਨਾ ਹੈ ਅਤੇ ਇਹ ਸੱਭ ਤੋਂ ਉੱਨਤ ਟ੍ਰਾਈ-ਕੇਬਲ ਡਿਟੈਚੇਬਲ ਗੋਂਡੋਲਾ (3ਐਸ) ਤਕਨਾਲੋਜੀ ’ਤੇ ਅਧਾਰਤ ਹੋਵੇਗਾ ਜਿਸ ’ਚ ਪ੍ਰਤੀ ਦਿਸ਼ਾ ਪ੍ਰਤੀ ਘੰਟਾ 1,800 ਮੁਸਾਫ਼ਰਾਂ ਨੂੰ ਲਿਜਾਣ ਦੀ ਸਮਰੱਥਾ ਹੈ (ਪੀ.ਪੀ.ਐਚ.ਪੀ.ਡੀ.), ਜੋ ਪ੍ਰਤੀ ਦਿਨ 18,000 ਮੁਸਾਫ਼ਰਾਂ ਨੂੰ ਲਿਜਾ ਸਕਦੀ ਹੈ।
ਵੈਸ਼ਣਵ ਨੇ ਦਸਿਆ ਕਿ ਗੋਵਿੰਦਘਾਟ ਤੋਂ ਹੇਮਕੁੰਟ ਸਾਹਿਬ ਜੀ ਤਕ 12.4 ਕਿਲੋਮੀਟਰ ਲੰਮੇ ਰੋਪਵੇਅ ਪ੍ਰਾਜੈਕਟ ਨੂੰ ਵੀ 2,730.13 ਕਰੋੜ ਰੁਪਏ ਦੀ ਕੁਲ ਪੂੰਜੀਗਤ ਲਾਗਤ ਨਾਲ ਡੀ.ਬੀ.ਐਫ.ਓ.ਟੀ. ਮੋਡ ’ਤੇ ਵਿਕਸਤ ਕੀਤਾ ਜਾਵੇਗਾ।
ਵਰਤਮਾਨ ’ਚ, ਹੇਮਕੁੰਟ ਸਾਹਿਬ ਜੀ ਦੀ ਯਾਤਰਾ ਗੋਵਿੰਦਘਾਟ ਤੋਂ 21 ਕਿਲੋਮੀਟਰ ਦੀ ਇਕ ਚੁਨੌਤੀ ਪੂਰਨ ਪਹਾੜੀ ਯਾਤਰਾ ਹੈ ਅਤੇ ਪੈਦਲ ਜਾਂ ਪੌਨੀ ਜਾਂ ਪਾਲਕੀ ਰਾਹੀਂ ਕੀਤੀ ਜਾਂਦੀ ਹੈ। ਪ੍ਰਸਤਾਵਿਤ ਰੋਪਵੇਅ ਦੀ ਯੋਜਨਾ ਹੇਮਕੁੰਟ ਸਾਹਿਬ ਜੀ ਆਉਣ ਵਾਲੇ ਸ਼ਰਧਾਲੂਆਂ ਅਤੇ ਫੁੱਲਾਂ ਦੀ ਘਾਟੀ ਆਉਣ ਵਾਲੇ ਸੈਲਾਨੀਆਂ ਨੂੰ ਸਹੂਲਤ ਪ੍ਰਦਾਨ ਕਰਨ ਲਈ ਬਣਾਈ ਗਈ ਹੈ ਅਤੇ ਇਹ ਗੋਵਿੰਦਘਾਟ ਅਤੇ ਹੇਮਕੁੰਡ ਸਾਹਿਬ ਜੀ ਵਿਚਕਾਰ ਹਰ ਮੌਸਮ ’ਚ ਆਖਰੀ ਮੀਲ ਦੇ ਸੰਪਰਕ ਨੂੰ ਯਕੀਨੀ ਬਣਾਏਗਾ।
ਕੇਦਾਰਨਾਥ ਮੰਦਰ ਦੀ ਯਾਤਰਾ ਗੌਰੀਕੁੰਡ ਤੋਂ 16 ਕਿਲੋਮੀਟਰ ਦੀ ਚੁਨੌਤੀ ਪੂਰਨ ਪਹਾੜੀ ਯਾਤਰਾ ਹੈ ਅਤੇ ਇਸ ਸਮੇਂ ਪੈਦਲ ਜਾਂ ਪੌਨੀ, ਪਾਲਕੀ ਅਤੇ ਹੈਲੀਕਾਪਟਰ ਵਲੋਂ ਕਵਰ ਕੀਤੀ ਜਾਂਦੀ ਹੈ। ਪ੍ਰਸਤਾਵਿਤ ਰੋਪਵੇਅ ਦੀ ਯੋਜਨਾ ਮੰਦਰ ਆਉਣ ਵਾਲੇ ਸ਼ਰਧਾਲੂਆਂ ਨੂੰ ਸਹੂਲਤ ਪ੍ਰਦਾਨ ਕਰਨ ਅਤੇ ਸੋਨਪ੍ਰਯਾਗ ਅਤੇ ਕੇਦਾਰਨਾਥ ਵਿਚਕਾਰ ਹਰ ਮੌਸਮ ’ਚ ਸੰਪਰਕ ਨੂੰ ਯਕੀਨੀ ਬਣਾਉਣ ਲਈ ਬਣਾਈ ਗਈ ਹੈ।