
ਮਰਹੂਮ ਸਿੱਖ ਵਿਦਵਾਨ ਤੇ ਪ੍ਰਸਿੱਧ ਮਨੋਚਕਿਤਸਕ ਡਾ. ਜਸਵੰਤ ਸਿੰਘ ਨੇਕੀ ਨੂੰ ਵਿਲੱਖਣ ਸ਼ਖ਼ਸੀਅਤ ਦਸਦੇ ਹੋਏ ਦਿੱਲੀ ਯੂਨੀਵਰਸਿਟੀ ਦੀ ਡਾ.ਅੰਮ੍ਰਿਤ ਕੌਰ ਬਸਰਾ ਨੇ ਡਾ.ਨੇਕੀ..
ਨਵੀਂ ਦਿੱਲੀ, 19 ਜੁਲਾਈ (ਅਮਨਦੀਪ ਸਿੰਘ): ਮਰਹੂਮ ਸਿੱਖ ਵਿਦਵਾਨ ਤੇ ਪ੍ਰਸਿੱਧ ਮਨੋਚਕਿਤਸਕ ਡਾ. ਜਸਵੰਤ ਸਿੰਘ ਨੇਕੀ ਨੂੰ ਵਿਲੱਖਣ ਸ਼ਖ਼ਸੀਅਤ ਦਸਦੇ ਹੋਏ ਦਿੱਲੀ ਯੂਨੀਵਰਸਿਟੀ ਦੀ ਡਾ.ਅੰਮ੍ਰਿਤ ਕੌਰ ਬਸਰਾ ਨੇ ਡਾ.ਨੇਕੀ ਦੀਆਂ ਲਿਖ਼ਤਾਂ ਨੂੰ ਅਹਿਮ ਤੇ ਸੇਧ ਦੇਣ ਵਾਲੀਆਂ ਦਸਿਆ।
ਇਥੋਂ ਦੇ ਭਾਈ ਵੀਰ ਸਿੰਘ ਸਾਹਿਤ ਸਦਨ ਵਿਖੇ ਨੈਸ਼ਨਲ ਇੰਸਟੀਚਿਊਟ ਆਫ਼ ਪੰਜਾਬ ਸਟੱਡੀਜ਼ ਵਲੋਂ ਡਾ.ਵਨੀਤਾ ਵਲੋਂ ਲਿਖਤ ਕਿਤਾਬ, 'ਡਾ.ਜਸਵੰਤ ਸਿੰਘ ਨੇਕੀ:ਜੀਵਨ ਤੇ ਰਚਨਾ' ਬਾਰੇ ਕਰਵਾਈ ਗਈ ਚਰਚਾ ਵਿਚ ਸ਼ਾਮਲ ਹੁੰਦਿਆਂ ਡਾ.ਅੰਮ੍ਰਿਤ ਬਸਰਾ ਨੇ ਕਿਹਾ ਕਿ ਮੈਨੂੰ ਡਾ.ਨੇਕੀ ਤੋਂ ਕਾਫ਼ੀ ਕੁੱਝ ਸਿੱਖਣ ਨੂੰ ਮਿਲਿਆ ਹੈ ਤੇ ਇਸ ਕਿਤਾਬ ਵਿਚ ਡਾ.ਨੇਕੀ ਦੀ ਜ਼ਿੰਦਗੀ ਤੇ ਹੋਰ ਘਾਲਣਾਵਾਂ ਨੂੰ ਸੌਖੇ ਢੰਗ ਨਾਲ ਉਭਾਰਿਆ ਗਿਆ ਹੈ। ਪੰਜਾਬੀ ਦੇ ਐਸੋਸੀਏਟ ਪ੍ਰੋਫ਼ੈਸਰ ਡਾ. ਯਾਦਵਿੰਦਰ ਸਿੰਘ ਨੇ ਚਰਚਾ ਦੀ ਸ਼ੁਰੂਆਤ ਕਰਦਿਆਂ ਕਿਤਾਬ ਰਾਹੀਂ ਡਾ.ਨੇਕੀ ਦੀ ਸ਼ਖ਼ਸੀਅਤ ਨੂੰ ਸਮਝਣ ਦੀ ਲੋੜ 'ਤੇ ਜ਼ੋਰ ਦਿਤਾ।
ਭਾਈ ਵੀਰ ਸਿੰਘ ਸਦਨ ਦੇ ਡਾਇਰੈਕਟਰ ਤੇ ਡਾ.ਨੇਕੀ ਦੇ ਪੁਰਾਣੇ ਸਾਥੀ ਡਾ.ਮਹਿੰਦਰ ਸਿੰਘ ਨੇ ਸਾਲ 1982 ਤੋਂ ਡਾ.ਨੇਕੀ ਨਾਲ ਜੁੜੀਆਂ ਕਈ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ। ਡਾ.ਵਨੀਤਾ ਨੇ ਕਿਹਾ ਕਿ ਡਾ.ਨੇਕੀ ਦੀਆਂ ਰਚਨਾਵਾਂ ਧਰਮ, ਫ਼ਿਲਾਸਫੀ, ਗੁਰਬਾਣੀ, ਮਿੱਥ, ਮਨੋਵਿਗਿਆਨ ਤੇ ਭਾਰਤੀ ਮਿਥਿਹਾਸ ਦਾ ਸੁਮੇਲ ਹਨ ਤੇ ਉਹ ਇਕ ਗੰਭੀਰ ਕਵੀ ਸਨ। ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਡਾ.ਭਗਵਾਨ ਜੋਸ਼ ਨੇ ਡਾ.ਨੇਕੀ ਨਾਲ ਅਪਣੀ ਸਾਂਝ ਤੇ ਨਿੱਜੀ ਤਜ਼ਰਬੇ, ਸਿੱਖ ਵਿਦਿਅਕ ਅਦਾਰਿਆਂ 'ਚ ਉਨ੍ਹਾਂ ਦੇ ਯੋਗਦਾਨ ਬਾਰੇ ਗੱਲ ਕਰਦਿਆਂ ਕਿਹਾ ਕਿ ਡਾ.ਨੇਕੀ ਸਿੱਖ ਲੀਡਰ ਮਾਸਟਰ ਤਾਰਾ ਸਿੰਘ ਦੇ ਵੀ ਨਜ਼ਦੀਕੀ ਸਨ ਪ੍ਰੋ.ਸਤਯਪਾਲ ਗੌਤਮ ਨੇ ਵੀ ਅਪਣੇ ਵਿਚਾਰ ਸਾਂਝੇ ਕੀਤੇ।
ਇਸ ਮੌਕੇ ਸਾਬਕਾ ਐਮ ਪੀ ਸ.ਐਚ.ਐਸ. ਹੰਸਪਾਲ, ਕਾਨੂੰਨਦਾਨ ਡਾ.ਰਘਬੀਰ ਸਿੰਘ, ਸ.ਹਰਚਰਨ ਸਿੰਘ ਨਾਗ, ਡਾ. ਰਵਿੰਦਰਜੀਤ, ਡਾ.ਕੁਲਦੀਪ, ਡਾ.ਅੰਮੀਆ ਕੁੰਵਰ ਆਦਿ ਸ਼ਾਮਲ ਹੋਏ।