
ਜਵਾਬੀ ਕਾਰਵਾਈ 'ਚ ਹੱਮਾਸ ਦੇ 120 ਟਿਕਾਣਿਆਂ 'ਤੇ ਨਿਸ਼ਾਨਾ
ਨਵੀਂ ਦਿੱਲੀ- ਗਾਜ਼ਾ ਤੋਂ ਹੱਮਾਸ ਅਤਿਵਾਦੀਆਂ ਨੇ ਦੇਰ ਰਾਤ ਇਜ਼ਰਾਈਲ 'ਤੇ 200 ਰਾਕੇਟਾਂ ਨਾਲ ਅਤਿਵਾਦੀ ਹਮਲਾ ਕਰਕੇ ਭਾਰੀ ਤਬਾਹੀ ਮਚਾ ਦਿਤੀ। ਇਜ਼ਰਾਈਲ 'ਤੇ ਰਾਕੇਟਾਂ ਨਾਲ ਕੀਤੇ ਗਏ ਇਨ੍ਹਾਂ ਹਮਲਿਆਂ ਦੀ ਜ਼ਿੰਮੇਵਾਰੀ ਇਸਲਾਮਿਕ ਜਿਹਾਦ ਨੇ ਲਈ ਹੈ ਨਾਲ ਹੀ ਅਤਿਵਾਦੀਆਂ ਨੇ ਹੋਰ ਹਮਲਿਆਂ ਦੀ ਚਿਤਾਵਨੀ ਦਿਤੀ ਹੈ। ਉਧਰ ਇਜ਼ਰਾਈਲ ਨੇ ਵੀ ਜਵਾਬੀ ਕਾਰਵਾਈ ਵਿਚ ਅਤਿਵਾਦੀ ਸੰਗਠਨ ਹੱਮਾਸ ਦੇ 120 ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਇਜ਼ਰਾਈਲ ਦੀ ਕਾਰਵਾਈ ਵਿਚ ਇਕ ਗਰਭਵਤੀ ਅਤੇ ਉਸ ਦੀ 14 ਮਹੀਨੇ ਦੀ ਬੱਚੀ ਸਮੇਤ 4 ਲੋਕਾਂ ਦੀ ਮੌਤ ਹੋ ਜਾਣ ਦਾ ਵੀ ਸਮਾਚਾਰ ਹੈ।
Gaza Terrorists Scotched 200 Rockets on Israel
ਗਾਜ਼ਾ ਵਲੋਂ ਕੀਤੇ ਗਏ ਹਮਲੇ ਤੋਂ ਬਾਅਦ ਇਜ਼ਰਾਈਲ ਅਤੇ ਫਿਲਿਸਤੀਨ ਦੇ ਵਿਚਕਾਰ ਤਣਾਅ ਵਧਣ ਦਾ ਸ਼ੱਕ ਹੈ। ਇਜ਼ਰਾਈਲ 'ਤੇ ਹੋਏ ਹਮਲਿਆਂ ਤੋਂ ਬਾਅਦ ਲੋਕਾਂ ਵਿਚ ਇਕ ਵਾਰ ਭਾਰੀ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਜਿਸ ਵਿਚ ਕੁੱਝ ਕਾਰ ਸਵਾਰ ਲੋਕ ਅਚਾਨਕ ਹੋਏ ਬੰਬ ਧਮਾਕਿਆਂ ਤੋਂ ਬਾਅਦ ਖ਼ੌਫ਼ ਕਾਰਨ ਚੀਕਾਂ ਮਾਰਦੇ ਨਜ਼ਰ ਆਏ। ਹੱਮਾਸ ਅਤਿਵਾਦੀਆਂ ਵਲੋਂ ਕੀਤੇ ਗਏ ਇਨ੍ਹਾਂ ਹਮਲਿਆਂ ਤੋਂ ਬਾਅਦ ਇਜ਼ਰਾਈਲ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਫ਼ੌਜ ਮੁਖੀਆਂ ਦੀ ਮੀਟਿੰਗ ਬੁਲਾਈ।
Benjamin Netanyahu
ਗੁਆਂਢੀ ਮੁਲਕ ਮਿਸ਼ਰ ਨੇ ਵੀ ਦੋਵੇਂ ਦੇਸ਼ਾਂ ਨੂੰ ਹਾਲਾਤ ਕਾਬੂ ਵਿਚ ਰੱਖਣ ਲਈ ਕਿਹਾ ਹੈ ਇਸ ਤੋਂ ਇਲਾਵਾ ਯੂਰਪੀ ਯੂਨੀਅਨ ਨੇ ਵੀ ਗਾਜ਼ਾ ਨੂੰ ਤੁਰੰਤ ਪ੍ਰਭਾਵ ਨਾਲ ਹਮਲੇ ਰੋਕਣ ਦੀ ਅਪੀਲ ਕੀਤੀ ਹੈ। ਦੱਸ ਦਈਏ ਕਿ ਇਜ਼ਰਾਈਲ ਅਤੇ ਫਿਲਿਸਤੀਨ ਦੇ ਵਿਚਕਾਰ ਪੈਂਦੀ ਗਾਜ਼ਾ ਪੱਟੀ 'ਤੇ ਅਤਿਵਾਦੀ ਸੰਗਠਨ ਹੱਮਾਸ ਦਾ ਕਬਜ਼ਾ ਹੈ। ਜਿਸ ਅਤਿਵਾਦੀ ਸੰਗਠਨ ਇਸਲਾਮਿਕ ਜਿਹਾਦ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਉਹ ਹੱਮਾਸ ਦਾ ਸਹਿਯੋਗੀ ਮੰਨਿਆ ਜਾਂਦਾ ਹੈ। ਇਜ਼ਰਾਈਲ ਅਤੇ ਫਿਲਿਸਤੀਨੀ ਅਤਿਵਾਦੀਆਂ ਦੇ ਵਿਚਕਾਰ ਗਾਜ਼ਾ ਪੱਟੀ ਨੂੰ ਲੈ ਕੇ 2008 ਤੋਂ ਤਿੰਨ ਵਾਰ ਜੰਗ ਹੋ ਚੁੱਕੀ ਹੈ।