
ਸਵਾਮੀ ਅਗਨੀਵੇਸ਼ ਨੇ ਘੁੰਡ ਦਾ ਵੀ ਵਿਰੋਧ ਕੀਤਾ
ਭੋਪਾਲ : ਸ੍ਰੀਲੰਕਾ 'ਚ ਬੁਰਕੇ 'ਤੇ ਪਾਬੰਦੀ ਲਗਾਉਣ ਤੋਂ ਬਾਅਦ ਇਸ ਮੁੱਦੇ 'ਤੇ ਪੂਰੇ ਦੇਸ਼ 'ਚ ਬਹਿਸ ਛਿੜ ਗਈ ਹੈ। ਸ਼ਿਵ ਸੈਨਾ ਅਤੇ ਸਾਧਵੀ ਪ੍ਰਗਿਆ ਸਿੰਘ ਠਾਕੁਰ ਨੇ ਵੀ ਦੇਸ਼ 'ਚ ਬੁਰਕੇ 'ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਸੀ। ਹੁਣ ਸਵਾਮੀ ਅਗਨੀਵੇਸ਼ ਨੇ ਵੀ ਬੁਰਕੇ ਬਾਰੇ ਬਿਆਨ ਦਿੱਤਾ ਹੈ। ਉਨ੍ਹਾਂ ਨੇ ਬੁਰਕੇ 'ਤੇ ਪਾਬੰਦੀ ਲਗਾਉਣ ਦੀ ਮੰਗ ਕਰਦਿਆਂ ਕਿਹਾ ਕਿ ਬੁਰਕੇ 'ਚ ਔਰਤਾਂ ਨੂੰ ਵੇਖ ਕੇ ਡਰ ਲਗਦਾ ਹੈ।
Burqa
ਦਰਅਸਲ ਭੋਪਾਲ ਲੋਕ ਸਭਾ ਸੀਟ ਤੋਂ ਕਾਂਗਰਸ ਉਮੀਦਵਾਰ ਦਿਗਵਿਜੇ ਸਿੰਘ ਦੇ ਸਮਰਥਨ 'ਚ ਚੋਣ ਪ੍ਰਚਾਰ ਕਰਨ ਲਈ ਸਵਾਮੀ ਅਗਨੀਵੇਸ਼ ਭੋਪਾਲ ਆਏ ਹੋਏ ਹਨ। ਇਸ ਦੌਰਾਨ ਉਨ੍ਹਾਂ ਨੇ ਵਿਵਾਦਤ ਬਿਆਨ ਦਿੱਤਾ ਕਿ, "ਬੁਰਕੇ 'ਚ ਔਰਤ ਨੂੰ ਵੇਖ ਕੇ ਲਗਦਾ ਹੈ ਕਿ ਉਹ ਔਰਤ ਨਹੀਂ ਕੋਈ ਜਾਨਵਰ ਹੈ। ਇਕ ਵਾਰ ਲਈ ਤਾਂ ਬੁਰਕੇ 'ਚ ਔਰਤ ਨੂੰ ਵੇਖ ਕੇ ਡਰ ਵੀ ਲੱਗਦਾ ਹੈ। ਇਸ 'ਤੇ ਪਾਬੰਦੀ ਲੱਗਣੀ ਜ਼ਰੂਰੀ ਹੈ ਅਤੇ ਮੁਸਲਿਮ ਸਮਾਜ ਦੇ ਲੋਕਾਂ ਨੂੰ ਵੀ ਇਸ ਮੁੱਦੇ 'ਤੇ ਅੱਗੇ ਆ ਕੇ ਸਹਿਯੋਗ ਕਰਨਾ ਚਾਹੀਦਾ ਹੈ।"
Swami Agnivesh
ਹਾਲਾਂਕਿ ਇਸ ਦੌਰਾਨ ਸਵਾਮੀ ਅਗਨੀਵੇਸ਼ ਦੇ ਘੁੰਡ 'ਤੇ ਵੀ ਸਖ਼ਤ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਕਿਹਾ ਕਿ ਉਹ ਘੁੰਡ ਦੇ ਸਖ਼ਤ ਵਿਰੁੱਧ ਹਨ। ਔਰਤਾਂ ਸਰਪੰਚ ਤਕ ਬਣ ਜਾਂਦੀਆਂ ਹਨ ਪਰ ਘੁੰਡ ਕੱਢ ਕੇ ਬੈਠਦੀਆਂ ਹਨ ਅਤੇ ਉਨ੍ਹਾਂ ਦੇ ਪਤੀ ਸਰਪੰਚਗਿਰੀ ਕਰਦੇ ਹਨ। ਸਵਾਮੀ ਅਗਨੀਵੇਸ਼ ਨੇ ਕਿਹਾ ਕਿ ਸਾਧਵੀ ਪ੍ਰਗਿਆ 'ਤੇ ਅਤਿਵਾਦ ਦੇ ਦੋਸ਼ ਹਨ। ਟ੍ਰਾਇਲ ਹਾਲੇ ਖ਼ਤਮ ਨਹੀਂ ਹੋਇਆ ਹੈ ਪਰ ਭਾਜਪਾ ਨੇ ਉਨ੍ਹਾਂ ਨੂੰ ਭੋਪਾਲ ਤੋਂ ਉਮੀਦਵਾਰ ਬਣਾ ਦਿੱਤਾ।
Sadhvi Pragya
ਉਨ੍ਹਾਂ ਕਿਹਾ ਕਿ ਭਾਜਪਾ ਕੋਲ ਉਮਾ ਭਾਰਤੀ, ਸੁਸ਼ਮ ਸਵਰਾਜ ਜਿਹੇ ਵਧੀਆ ਆਗੂ ਸਨ, ਜਿਨ੍ਹਾਂ ਦੀ ਦੇਸ਼ ਭਗਤੀ 'ਤੇ ਕੋਈ ਸਵਾਲ ਨਹੀਂ ਚੁੱਕਿਆ ਜਾ ਸਕਦਾ ਪਰ ਭਾਜਪਾ ਨੇ ਗਲਤ ਫ਼ੈਸਲਾ ਲਿਆ ਹੈ। ਇਹ ਭਾਜਪਾ ਦੇ ਇਤਿਹਾਸ ਦਾ ਸੱਭ ਤੋਂ ਗਲਤ ਫ਼ੈਸਲਾ ਹੈ। ਇਸ ਤੋਂ ਸਾਫ਼ ਹੈ ਕਿ ਭਾਜਪਾ ਅਤਿਵਾਦ ਨੂੰ ਖ਼ਤਮ ਨਹੀਂ ਕਰ ਰਹੀ, ਸਗੋਂ ਪਨਾਹ ਦੇ ਰਹੀ ਹੈ।