ਕਿਹਾ-ਹਿੰਦੂ ਵੀ ਹਿੰਸਕ ਹੋ ਸਕਦੇ ਹਨ
ਨਵੀਂ ਦਿੱਲੀ : ਸੀਪੀਆਈ (ਐਮ) ਨੇਤਾ ਸੀਤਾਰਾਮ ਯੇਚੁਰੀ ਦੁਆਰਾ ਹਿੰਦੂਆਂ ਨੂੰ ਹਿੰਸਕ ਦੱਸਣ ਅਤੇ ਭਗਵਾਨ ਰਾਮ ਬਾਰੇ ਕੀਤੀ ਗਈ ਟਿੱਪਣੀ ਕਾਰਨ ਹਰਿਦੁਆਰ ਦਾ ਸੰਤ ਸਮਾਜ ਡਾਢਾ ਔਖਾ ਹੈ। ਯੋਗ ਮਾਹਰ ਤੇ ਉਦਯੋਗਪਤੀ ਰਾਮਦੇਵ ਨੇ ਕਿਹਾ ਕਿ ਯੇਚੁਰੀ ਨੂੰ ਅਪਣਾ ਨਾਂ ਬਦਲ ਕੇ ਸੀਤਾਰਾਮ ਤੋਂ ਰਾਵਣ ਕਰ ਲੈਣਾ ਚਾਹੀਦਾ ਹੈ। ਰਾਮਦੇਵ ਕੁੱਝ ਸੰਤਾਂ ਨਾਲ ਐੱਸ. ਐੱਸ. ਪੀ. ਹਰਿਦੁਆਰ ਕੋਲ ਗਏ ਅਤੇ ਉਨ੍ਹਾਂ ਯੇਚੁਰੀ ਵਿਰੁਧ ਸ਼ਿਕਾਇਤ ਦਰਜ ਕਰਵਾਈ। ਸ਼ੰਕਰਾਚਾਰੀਆ ਸਵਾਮੀ ਸਤਿਆਮਿਤਾਨੰਦ ਗਿਰੀ ਮਹਾਰਾਜ ਦੇ ਹਰੀਪੁਰ ਵਾਲੇ ਆਸ਼ਰਮ ਵਿਚ ਸੰਤਾਂ ਨੇ ਬੈਠਕ ਕੀਤੀ ਜਿਸ 'ਚ ਸੀਤਾਰਾਮ ਯੇਚੁਰੀ ਦੇ ਬਿਆਨ ਦੀ ਨਿੰਦਾ ਕੀਤੀ ਗਈ।
ਰਾਮਦੇਵ ਨੇ ਕਿਹਾ ਕਿ ਜਿਸ ਦਾ ਨਾਂ ਸੀਤਾਰਾਮ ਹੋਵੇ, ਉਹ ਜੇ ਭਗਵਾਨ ਰਾਮ ਬਾਰੇ ਟਿੱਪਣੀ ਕਰੇ ਅਤੇ ਹਿੰਦੂਆਂ ਨੂੰ ਹਿੰਸਕ ਦੱਸੇ ਤਾਂ ਉਸ ਨੂੰ ਅਪਣਾ ਨਾਂ ਬਦਲ ਕੇ ਰਾਵਣ, ਕੰਸ, ਬਾਬਰ, ਤੈਮੂਰ ਰੱਖ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੀਤਾਰਾਮ ਯੇਚੁਰੀ ਨੂੰ ਸੰਸਕ੍ਰਿਤ ਪੜ੍ਹਨੀ ਚਾਹੀਦੀ ਹੈ। ਉਹ ਵੇਦ, ਭਾਗਵਤ, ਰਮਾਇਣ ਪੜ੍ਹੇ।
ਕਿਹਾ ਗਿਆ ਕਿ ਪੂਰਾ ਦੇਸ਼ ਕਮਿਊਨਿਸਟਾਂ ਦਾ ਬਾਈਕਾਟ ਕਰੇ ਅਤੇ ਜਿਥੇ-ਜਿਥੇ ਵੀ ਉਨ੍ਹਾਂ ਦੀਆਂ ਸਰਕਾਰਾਂ ਹਨ, ਹਿੰਦੂਆਂ ਨੂੰ ਉਥੇ ਹੀ ਬਾਈਕਾਟ ਕਰਨਾ ਚਾਹੀਦਾ ਹੈ। ਇਹ ਵਿਰੋਧ ਸੀਤਾਰਾਮ ਯੇਚੁਰੀ ਦੀ ਮਾਫ਼ੀ ਮੰਗਣ ਤਕ ਜਾਰੀ ਰਹਿਣਾ ਚਾਹੀਦਾ ਹੈ।
ਭਾਰਤ ਮਾਤਾ ਮੰਦਰ ਦੇ ਸੰਸਥਾਪਕ ਸਵਾਮੀ ਗਿਰੀ ਮਹਾਰਾਜ ਨੇ ਯੇਚੁਰੀ ਨੂੰ ਰਾਵਣ ਯੇਚੁਰੀ ਕਿਹਾ। ਇਸ ਦੌਰਾਨ ਸੰਤਾਂ ਨੇ ਰਾਵਣ ਯੇਚੁਰੀ ਮੁਰਦਾਬਾਦ ਦੇ ਨਾਹਰੇ ਵੀ ਲਗਾਏ। ਜ਼ਿਕਰਯੋਗ ਹੈ ਕਿ ਕਿ ਸੀ. ਪੀ. ਆਈ. (ਐਮ) ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੇ ਕਿਹਾ ਸੀ ਕਿ ਰਾਮਾਇਣ ਅਤੇ ਮਹਾਂਭਾਰਤ ਵੀ ਲੜਾਈ ਹਿੰਸਾ ਨਾਲ ਭਰੀ ਹੈ। ਉਨ੍ਹਾਂ ਕਿਹਾ ਇਹ ਦਾਅਵਾ ਕਰਨਾ ਠੀਕ ਨਹੀਂ ਕਿ ਹਿੰਦੂ ਹਿੰਸਕ ਨਹੀਂ ਹੋ ਸਕਦੇ। ਖੱਬੇਪੱਖੀ ਆਗੂ ਨੇ ਇਸ ਤੋਂ ਪਹਿਲਾਂ ਸਾਧਵੀ ਪ੍ਰਗਿਆ ਬਾਰੇ ਵੀ ਮੋਦੀ ਸਰਕਾਰ ਨੂੰ ਘੇਰਦਿਆਂ ਕਿਹਾ ਸੀ ਕਿ ਭਾਜਪਾ ਇਨ੍ਹਾਂ ਚੋਣਾਂ 'ਚ 50 ਫ਼ੀ ਸਦੀ ਸੀਟਾਂ ਵੀ ਬਚਾਉਣ ਵਿਚ ਅਸਫ਼ਲ ਰਹੇਗੀ। (ਪੀਟੀਆਈ)