
ਦੇਸ਼ ਵਿਚ ਇਸ ਸਮੇਂ ਚੋਣ ਮਾਹੌਲ ਹੈ ਅਤੇ ਵੱਖ-ਵੱਖ ਪਾਰਟੀਆਂ ਵਲੋਂ ਐਲਾਨੇ ਉਮੀਦਵਾਰ ਅਪਣੀ ਜਿੱਤ ਲਈ ਅੱਡੀ-ਚੋਟੀ ਦਾ ਜ਼ੋਰ ਲਾ ਰਹੇ ਹਨ
ਨਵੀਂ ਦਿੱਲੀ : ਦੇਸ਼ ਵਿਚ ਇਸ ਸਮੇਂ ਚੋਣ ਮਾਹੌਲ ਹੈ ਅਤੇ ਵੱਖ-ਵੱਖ ਪਾਰਟੀਆਂ ਵਲੋਂ ਐਲਾਨੇ ਉਮੀਦਵਾਰ ਅਪਣੀ ਜਿੱਤ ਲਈ ਅੱਡੀ-ਚੋਟੀ ਦਾ ਜ਼ੋਰ ਲਾ ਰਹੇ ਹਨ। ਇਸ ਨਾਲ ਹੀ ਦੇਸ਼ 'ਚ 17ਵੀਂ ਲੋਕ ਸਭਾ ਦੇ ਗਠਨ ਨੂੰ ਲੈ ਕੇ ਗਿਣੇ-ਚੁਣੇ ਦਿਨ ਹੀ ਬਾਕੀ ਰਹੇ ਗਏ ਹੈ। 23 ਮਈ ਨੂੰ ਜਿੱਤ-ਹਾਰ ਦੀ ਤਸਵੀਰ ਸਾਫ਼ ਹੋ ਜਾਵੇਗੀ। ਅਜਿਹੇ ਵਿਚ ਸੰਸਦ 'ਚ ਜਿੱਤ ਕੇ ਆਉਣ ਵਾਲੇ ਮਾਣਯੋਗ ਸੰਸਦ ਮੈਂਬਰ ਲਈ ਇਸ ਵਾਰ ਅਹਿਮ ਫ਼ੈਸਲਾ ਲਿਆ ਗਿਆ ਹੈ। ਇਸ ਵਾਰ ਜਿੱਤ ਕੇ ਆਉਣ ਵਾਲੇ ਸੰਸਦ ਮੈਂਬਰ ਪੰਜ ਤਾਰਾ ਹੋਟਲਾਂ ਵਿਚ ਨਹੀਂ ਠਹਿਰਣਗੇ। ਕਹਿਣ ਦਾ ਭਾਵ ਹੈ ਕਿ ਨਵੇਂ ਸੰਸਦ ਮੈਂਬਰਾਂ ਨੂੰ ਇਸ ਵਾਰ ਹੋਟਲਾਂ ਵਿਚ ਨਹੀਂ ਠਹਿਰਾਇਆ ਜਾਵੇਗਾ।
ਉਨ੍ਹਾਂ ਲਈ ਵੈਸਟਰਨ ਕੋਰਟ ਸਮੇਤ ਰਾਜਧਾਨੀ ਦਿੱਲੀ ਵਿਚ ਮੌਜੂਦ ਵੱਖ-ਵੱਖ ਸੂਬਿਆਂ ਦੇ ਭਵਨਾਂ 'ਚ ਠਹਿਰਣ ਦਾ ਪ੍ਰਬੰਧ ਕੀਤਾ ਗਿਆ ਹੈ। ਸੰਸਦ ਦੇ ਇਸ ਕਦਮ ਨੂੰ ਸੰਸਦ ਮੈਂਬਰਾਂ ਨੂੰ ਹੋਟਲ ਵਿਚ ਠਹਿਰਣ 'ਤੇ ਹੋਣ ਵਾਲੇ ਵਡੇ ਖ਼ਰਚੇ 'ਚ ਕਟੌਤੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਅਸਲ ਵਿਚ ਸੰਸਦ (ਪਾਰਲੀਮੈਂਟ) ਦੀ ਹੁਣ ਤਕ ਵਿਵਸਥਾ ਤਹਿਤ ਜਿੱਤ ਕੇ ਆਉਣ ਵਾਲੇ ਨਵੇਂ ਸੰਸਦ ਮੈਂਬਰ ਨੂੰ ਸਥਾਈ ਆਵਾਸ ਮਿਲਣ ਤਕ ਹੋਟਲਾਂ ਵਿਚ ਠਹਿਰਾਇਆ ਜਾਂਦਾ ਸੀ। ਕਈ ਵਾਰ ਮਹੀਨਿਆਂ ਤਕ ਸਥਾਈ ਟਿਕਾਣਾ ਨਾ ਮਿਲਣ 'ਤੇ ਉਨ੍ਹਾਂ ਨੂੰ ਹੋਟਲਾਂ 'ਚ ਹੀ ਰਹਿਣਾ ਪੈਂਦਾ ਹੈ।
ਅਜਿਹੇ ਵਿਚ ਹੋਟਲ ਦਾ ਪੂਰਾ ਖ਼ਰਚ ਸੰਸਦ ਨੂੰ ਭਰਨਾ ਪੈਂਦਾ ਹੈ। ਇਸ ਵਾਰ ਅਜਿਹਾ ਨਹੀਂ ਹੋਵੇਗਾ। ਲੋਕ ਸਭਾ ਸਪੀਕਰ ਸੁਮਿਤਰਾ ਮਹਾਜਨ ਨੇ ਬੀਤੇ ਕੱਲ ਜਿੱਤਣ ਵਾਲੇ ਨਵੇਂ ਸੰਸਦ ਮੈਂਬਰਾਂ ਦੇ ਸਵਾਗਤ ਦੀਆਂ ਤਿਆਰੀਆਂ ਨੂੰ ਲੈ ਕੇ ਬੁਲਾਈ ਗਈ ਬੈਠਕ ਵਿਚ ਇਸ 'ਤੇ ਪੂਰੀ ਸਥਿਤੀ ਸਾਫ਼ ਕੀਤੀ। ਇੰਦੌਰ ਤੋਂ ਲਗਾਤਾਰ 8 ਵਾਰ ਸੰਸਦ ਮੈਂਬਰ ਰਹੀ ਸਪੀਕਰ ਸੁਮਿਤਰਾ ਮਹਾਜਨ ਨੇ ਇਸ ਵਾਰ ਚੋਣ ਨਾ ਲੜਨ ਦਾ ਫ਼ੈਸਲਾ ਲਿਆ।
ਸੰਸਦ 'ਚ ਹੰਗਾਮਾ, ਗਤੀਰੋਧ ਅਤੇ ਭਾਸ਼ਾ ਦੇ ਸਵਾਲ 'ਤੇ ਉਨ੍ਹਾਂ ਨੇ ਕਿਹਾ ਕਿ ਮੈਂਬਰਾਂ ਤੋਂ ਹਮੇਸ਼ਾ ਸਾਡੀ ਇਹ ਹੀ ਉਮੀਦ ਰਹਿੰਦੀ ਹੈ ਕਿ ਉਹ ਸਦਨ ਵਿਚ ਅਪਣੀ ਗੱਲ ਨਿਯਮਾਂ ਤਹਿਤ ਹੀ ਰੱਖਣ। ਇਸ ਲਈ ਅਸੀਂ ਨਵੇਂ ਸੰਸਦ ਮੈਂਬਰਾਂ ਨੂੰ ਟ੍ਰੇਨਿੰਗ ਵੀ ਦਿੰਦੇ ਹਾਂ। ਜ਼ਿਕਰਯੋਗ ਹੈ ਕਿ ਲੋਕ ਸਭਾ ਵਿਚ ਮੌਜੂਦਾ ਸਮੇਂ ਵਿਚ ਸੰਸਦ ਮੈਂਬਰਾਂ ਦੀ ਗਿਣਤੀ 545 ਹੈ, ਜੋ 23 ਮਈ ਨੂੰ ਜਿੱਤ ਕੇ ਸਦਨ ਵਿਚ ਹਾਜ਼ਰੀ ਦਰਜ ਕਰਾਉਣਗੇ। (ਪੀਟੀਆਈ)