
ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਲਾਗੂ ਤਾਲਾਬੰਦੀ ਕਾਰਨ ਬਹੁਤ ਸਾਰੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਆਗਰਾ, 4 ਮਈ : ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਲਾਗੂ ਤਾਲਾਬੰਦੀ ਕਾਰਨ ਬਹੁਤ ਸਾਰੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਾਹਨਾਂ ਦੀ ਆਵਾਜਾਈ ਬੰਦ ਹੈ ਅਤੇ ਇਸ ਦਾ ਅਸਰ ਆਮ ਜਨਤਾ 'ਤੇ ਵਧੇਰੇ ਪਿਆ। ਲੋਕ ਪੈਦਲ ਹੀ ਕਈ ਮੀਲ ਦੂਰੀ ਦਾ ਸਫ਼ਰ ਤੈਅ ਕਰ ਰਹੇ ਹਨ। ਲੰਮਾ ਪੈਂਡਾ ਤੈਅ ਕਰਨ ਵਾਲੇ ਗ਼ਰੀਬ ਲੋਕਾਂ ਦੇ ਹੱਥ ਫਿਰ ਵੀ ਖ਼ਾਲੀ ਹਨ।
File photo
ਫ਼ਿਰੋਜ਼ਾਬਾਦ ਤੋਂ ਪੈਦਲ ਆਗਰਾ ਆਈ ਰਾਧਾ ਦੇਵੀ ਨਾਂ ਦੀ ਔਰਤ ਦਾ ਵੀਡੀਉ ਸੋਸ਼ਲ ਮੀਡੀਆ 'ਤੇ ਵਾਇਰਸ ਹੋ ਰਿਹਾ ਹੈ। ਫ਼ਿਰੋਜ਼ਾਬਾਦ ਦੇ ਹਿੰਮਤਪੁਰ ਪਿੰਡ ਦੀ ਵਾਸੀ ਰਾਧਾ ਦੇਵੀ ਦਿਹਾੜੀ-ਮਜ਼ਦੂਰੀ ਲਈ ਆਗਰਾ ਦੇ ਸ਼ੰਭੂ ਨਗਰ ਇਲਾਕੇ ਵਿਚ ਰਹਿੰਦੀ ਹੈ। ਰਾਧਾ ਮੁਤਾਬਕ ਸਾਡੀ ਬਸਤੀ 'ਚ ਐਲਾਨ ਹੋਇਆ ਸੀ ਕਿ ਪ੍ਰਧਾਨ ਮੰਤਰੀ ਜਨ-ਧਨ ਯੋਜਨਾ ਤਹਿਤ ਬੈਂਕ ਖਾਤੇ ਵਿਚ 500 ਰੁਪਏ ਪਾਏ ਜਾ ਰਹੇ ਹਨ।
ਤਾਲਾਬੰਦੀ ਕਾਰਨ ਮੈਂ 15 ਸਾਲ ਦੇ ਬੇਟੇ ਨਾਲ 30 ਕਿਲੋਮੀਟਰ ਪੈਦਲ ਹੀ ਗਈ। ਉਥੇ ਸਟੇਟ ਬੈਂਕ ਵਿਚ ਜ਼ੀਰੋ ਬੈਲੇਂਸ ਖਾਤਾ ਖੁੱਲ੍ਹਿਆ ਸੀ। ਉਥੇ ਪਹੁੰਚ ਕੇ ਜਦੋਂ ਰਾਧਾ ਨੂੰ ਪਤਾ ਲੱਗਾ ਕਿ ਉਸ ਦਾ ਖਾਤਾ ਜਨ-ਧਨ ਖਾਤਾ ਨਹੀਂ ਹੈ ਅਤੇ ਉਨ੍ਹਾਂ ਦੇ ਪੈਸੇ ਨਹੀਂ ਆਏ ਤਾਂ ਉਹ ਮਾਯੂਸ ਹੋ ਗਈ। ਰਾਧਾ ਨੇ ਦਸਿਆ ਕਿ ਮੈਨੂੰ ਕਿਹਾ ਗਿਆ ਕਿ ਪੈਸਾ ਉਨ੍ਹਾਂ ਖਾਤਿਆਂ ਵਿਚ ਜਾ ਰਿਹਾ ਹੈ, ਜੋ ਜਨ-ਧਨ ਯੋਜਨਾ ਤਹਿਤ ਖੁਲ੍ਹੇ ਹਨ। ਮੇਰਾ ਜਨ-ਧਨ ਖਾਤਾ ਨਹੀਂ ਹੈ। ਆਖ਼ਰਕਾਰ ਨਿਰਾਸ਼ ਹੋ ਕੇ ਰਾਧਾ ਦੇਵੀ ਪੈਦਲ ਹੀ ਅਪਣੇ ਪਿੰਡ ਪਰਤ ਆਈ। ਇਸ ਤਰ੍ਹਾਂ ਉਨ੍ਹਾਂ ਨੇ ਇਕ ਹੀ ਦਿਨ ਵਿਚ 60 ਕਿਲੋਮੀਟਰ ਦਾ ਪੈਦਲ ਸਫ਼ਰ ਤੈਅ ਕੀਤਾ। ਇਹ ਪੂਰਾ ਰਸਤਾ ਤੈਅ ਕਰਨ 'ਚ ਉਸ ਨੂੰ 15 ਘੰਟੇ ਲੱਗ ਗਏ ਪਰ 500 ਰੁਪਏ ਫਿਰ ਵੀ ਨਾ ਮਿਲੇ।
(ਏਜੰਸੀ)