
ਤ੍ਰਿਣਮੂਲ ਕਾਂਗਰਸ ਮੁਖੀ ਮਮਤਾ ਬੈਨਰਜੀ ਨੇ ਲਗਾਤਾਰ ਤੀਜੀ ਵਾਰ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕੀ।
ਕੋਲਕਾਤਾ: ਤ੍ਰਿਣਮੂਲ ਕਾਂਗਰਸ ਮੁਖੀ ਮਮਤਾ ਬੈਨਰਜੀ ਨੇ ਲਗਾਤਾਰ ਤੀਜੀ ਵਾਰ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕੀ। ਰਾਜਪਾਲ ਓਪੀ ਧਨਖੜ ਨੇ ਰਾਜ ਭਵਨ ਵਿਖੇ ਉਹਨਾਂ ਨੂੰ ਸਹੁੰ ਚੁਕਾਈ ਹੈ। ਸਹੁੰ ਚੁੱਕਣ ਤੋਂ ਬਾਅਦ ਮਮਤਾ ਬੈਨਰਜੀ ਨੇ ਸਭ ਤੋਂ ਪਹਿਲਾਂ ਲੋਕਾਂ ਦਾ ਧੰਨਵਾਦ ਕੀਤਾ। ਇਸ ਤੋਂ ਬਾਅਦ ਉਹਨਾਂ ਨੇ ਸਾਰਿਆਂ ਨੂੰ ਸ਼ਾਂਤੀ ਬਣਾ ਕੇ ਰੱਖਣ ਦੀ ਅਪੀਲ ਕੀਤੀ।
Mamata Banerjee
ਦੱਸ ਦਈਏ ਕਿ ਐਤਵਾਰ ਨੂੰ 4 ਸੂਬਿਆਂ ਅਤੇ ਇਕ ਕੇਂਦਰ ਸ਼ਾਸਤ ਪ੍ਰਦੇਸ਼ ਪੁਡੂਚੇਰੀ ਦੀ ਵੋਟਾਂ ਦੀ ਗਿਣਤੀ ਹੋਈ, ਜਿਸ ’ਚ ਟੀਐਮਸੀ ਨੇ ਬੰਗਾਲ ’ਚ ਤੀਜੀ ਵਾਰ 200 ਦਾ ਅੰਕੜਾ ਪਾਰ ਕੀਤਾ। ਕੋਲਕਾਤਾ ਵਿਚ ਸੋਮਵਾਰ ਟੀਐਮਸੀ ਦੇ ਪਾਰਟੀ ਦਫ਼ਤਰ ’ਚ ਬੈਠਕ ਹੋਈ, ਜਿਸ ’ਚ ਮਮਤਾ ਬੈਨਰਜੀ ਨੂੰ ਤੀਜੀ ਵਾਰ ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ।
Suvendu Adhikari
ਪੱਛਮੀ ਬੰਗਾਲ ਵਿਚ ਟੀਐਮਸੀ ਨੇ 213 ਸੀਟਾਂ ’ਤੇ ਜਿੱਤ ਦਰਜ ਕੀਤੀ ਹੈ। ਮਮਤਾ ਬੈਨਰਜੀ ਤੀਜੀ ਵਾਰ ਬੰਗਾਲ ’ਚ ਸਰਕਾਰ ਬਣਾਉਣ ਜਾ ਰਹੀ ਹੈ। ਹਾਲਾਂਕਿ ਮਮਤਾ ਨੰਦੀਗ੍ਰਾਮ ਤੋਂ ਚੋਣ ਹਾਰ ਗਈ। ਮਮਤਾ ਨੂੰ ਭਾਜਪਾ ਦੇ ਸ਼ੁਭੇਂਦੁ ਅਧਿਕਾਰੀ ਨੇ 1,956 ਵੋਟਾਂ ਨਾਲ ਹਰਾਇਆ। ਬਾਵਜੂਦ ਇਸ ਦੇ ਉਹ ਤੀਜੀ ਵਾਰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁਕੇਗੀ। ਮੁੱਖ ਮੰਤਰੀ ਬਣਨ ਲਈ ਉਂਝ ਤਾਂ ਵਿਧਾਨ ਸਭਾ ਜਾਂ ਵਿਧਾਨ ਪ੍ਰੀਸ਼ਦ (ਜਿਨ੍ਹਾਂ ਸੂਬਿਆਂ ਵਿਚ ਦੋ ਸਦਨ ਹਨ) ਦਾ ਮੈਂਬਰ ਹੋਣਾ ਜ਼ਰੂਰੀ ਹੈ।
Mamata Banerjee
ਜੇਕਰ ਵਿਧਾਨ ਸਭਾ ਜਾਂ ਵਿਧਾਨ ਪ੍ਰੀਸ਼ਦ ਮੈਂਬਰ ਨਹੀਂ ਹੈ, ਤਾਂ ਸਹੁੰ ਚੁੱਕਣ ਦੇ 6 ਮਹੀਨੇ ਦੇ ਅੰਦਰ ਮੈਂਬਰ ਬਣਨਾ ਜ਼ਰੂਰੀ ਹੁੰਦਾ ਹੈ। ਨਿਯਮਾਂ ਮੁਤਾਬਕ ਮੁੱਖ ਮੰਤਰੀ ਅਹੁਦੇ ਦੀ ਸਹੁੰ ਬਿਨਾਂ ਵਿਧਾਇਕ ਰਹਿੰਦੇ ਚੁਕੀ ਜਾ ਸਕਦੀ ਹੈ। ਇਸ ਤੋਂ ਬਾਅਦ ਮੁੱਖ ਮੰਤਰੀ ਨੂੰ 6 ਮਹੀਨੇ ਦਾ ਸਮਾਂ ਮਿਲਦਾ ਹੈ। ਇਸ ਤੈਅ ਸਮੇਂ ਸੀਮਾ ਅੰਦਰ ਉਨ੍ਹਾਂ ਦਾ ਵਿਧਾਨ ਸਭਾ ਜਾਂ ਵਿਧਾਨ ਪ੍ਰੀਸ਼ਦ ਦਾ ਮੈਂਬਰ ਬਣਨਾ ਜ਼ਰੂਰੀ ਹੈ। ਜੇਕਰ ਅਜਿਹਾ ਨਹੀਂ ਹੁੰਦਾ ਤਾਂ ਮੁੱਖ ਮੰਤਰੀ ਅਹੁਦਾ ਛਡਣਾ ਪਵੇਗਾ।