
ਸਾਬਕਾ ਕਾਂਗਰਸ ਪ੍ਰਧਾਨ ਨੇ ਕਰਨਾਟਕ ’ਚ ਚੋਣ ਪ੍ਰਚਾਰ ਦੌਰਾਨ ਕੁੱਝ ਹਲਕੇ-ਫੁਲਕੇ ਸਵਾਲ-ਜਵਾਬ ਦਾ ਵੀਡੀਉ ਜਾਰੀ ਕੀਤਾ
ਨਵੀਂ ਦਿੱਲੀ: ਰਾਹੁਲ ਗਾਂਧੀ ਹਮੇਸ਼ਾ ਚਿੱਟੀ ਟੀ-ਸ਼ਰਟ ਕਿਉਂ ਪਹਿਨਦੇ ਹਨ? ਕਾਂਗਰਸ ਨੇਤਾ ਕੋਲ ਇਕ ਨਹੀਂ ਬਲਕਿ ਦੋ ਕਾਰਨ ਹਨ- ਇਹ ‘ਪਾਰਦਰਸ਼ਤਾ’ ਅਤੇ ‘ਸਾਦਗੀ’ ਦਾ ਸੰਦੇਸ਼ ਦਿੰਦਾ ਹੈ। ਕਾਂਗਰਸ ਦੇ ਸੋਸ਼ਲ ਮੀਡੀਆ ਚੈਨਲਾਂ ਵਲੋਂ ਜਾਰੀ ਦੋ ਮਿੰਟ ਤੋਂ ਵੱਧ ਦੇ ਵੀਡੀਉ ’ਚ ਰਾਹੁਲ ਗਾਂਧੀ ਨੂੰ ਅਜਿਹੇ ਹਲਕੇ-ਫੁਲਕੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਵੇਖਿਆ ਜਾ ਸਕਦਾ ਹੈ।
‘ਕਰਨਾਟਕ ’ਚ ਚੋਣ ਪ੍ਰਚਾਰ ਦਾ ਦਿਨ। ਕੁੱਝ ਹਲਕੇ-ਫੁਲਕੇ ਸਵਾਲ ਅਤੇ ਕੁੱਝ ਸ਼ਾਨਦਾਰ ਜਵਾਬ’ ਸਿਰਲੇਖ ਵਾਲੇ ਵੀਡੀਉ ’ਚ ਰਾਹੁਲ ਵਿਚਾਰਧਾਰਾ ਦੀ ਮਹੱਤਤਾ ਬਾਰੇ ਗੱਲ ਕਰ ਰਹੇ ਹਨ। ਉਨ੍ਹਾਂ ਕਿਹਾ, ‘‘ਮੇਰੇ ਵਿਚਾਰ ਵਿਚ ਵਿਚਾਰਧਾਰਾ ਦੀ ਸਪੱਸ਼ਟ ਸਮਝ ਤੋਂ ਬਿਨਾਂ ਤੁਸੀਂ ਇਕ ਵੱਡੇ ਸੰਗਠਨ ਦੇ ਰੂਪ ਵਿਚ ਸੱਤਾ ਵਿਚ ਨਹੀਂ ਆ ਸਕਦੇ। ਸਾਨੂੰ ਲੋਕਾਂ ਨੂੰ ਅਪਣੀ ਵਿਚਾਰਧਾਰਾ ਨੂੰ ਸਮਝਾਉਣਾ ਪਵੇਗਾ ਜੋ ਗਰੀਬ ਪੱਖੀ ਅਤੇ ਔਰਤ ਪੱਖੀ ਹੈ ਅਤੇ ਸਾਰਿਆਂ ਨਾਲ ਬਰਾਬਰ ਵਿਵਹਾਰ ਦਾ ਸਮਰਥਨ ਕਰਦੀ ਹੈ।’’ ਉਨ੍ਹਾਂ ਕਿਹਾ, ‘‘ਇਸ ਲਈ ਸੰਗਠਨਾਤਮਕ ਪੱਧਰ ’ਤੇ, ਕੌਮੀ ਪੱਧਰ ’ਤੇ ਲੜਾਈ ਹਮੇਸ਼ਾ ਵਿਚਾਰਧਾਰਾ ਨੂੰ ਲੈ ਕੇ ਰਹੀ ਹੈ।’’
ਕੰਨਿਆਕੁਮਾਰੀ ਤੋਂ ਕਸ਼ਮੀਰ ਤਕ ‘ਭਾਰਤ ਜੋੜੋ ਯਾਤਰਾ’ ਤੋਂ ਬਾਅਦ ਰਾਹੁਲ ਗਾਂਧੀ ਦਾ ਪਹਿਰਾਵਾ ਚਿੱਟੀ ‘ਟੀ-ਸ਼ਰਟ’ ਰਿਹਾ ਹੈ। ਇਹ ਪੁੱਛੇ ਜਾਣ ’ਤੇ ਕਿ ਉਹ ਹਮੇਸ਼ਾ ਇਸ ਨੂੰ ਕਿਉਂ ਪਹਿਨਦੇ ਹਨ, ਰਾਹੁਲ ਨੇ ਕਿਹਾ, ‘‘ਪਾਰਦਰਸ਼ਤਾ ਅਤੇ ਸਾਦਗੀ... ਅਤੇ ਮੈਂ ਕੱਪੜਿਆਂ ਦੀ ਜ਼ਿਆਦਾ ਪਰਵਾਹ ਨਹੀਂ ਕਰਦਾ। ਮੈਂ ਇਸ ਨੂੰ ਸਧਾਰਨ ਰਖਣਾ ਚਾਹੁੰਦਾ ਹਾਂ।’’ ਚੋਣ ਪ੍ਰਚਾਰ ਦੇ ਸੱਭ ਤੋਂ ਵਧੀਆ ਪਲਾਂ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਨੇ ਚੁਟਕੀ ਲੈਂਦੇ ਹੋਏ ਕਿਹਾ, ‘‘ਜਦੋਂ ਇਹ ਖਤਮ ਹੁੰਦੀਆਂ ਹਨ!’’
ਰਾਹੁਲ ਨੇ ਕਿਹਾ ਕਿ ਉਹ 70 ਦਿਨਾਂ ਤੋਂ ਸੜਕ ’ਤੇ ਹਨ, ਜਿਸ ਦੀ ਸ਼ੁਰੂਆਤ ‘ਭਾਰਤ ਜੋੜੋ ਯਾਤਰਾ’ ਤੋਂ ਹੋਈ ਸੀ। ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਕੋਈ ਮੁਹਿੰਮ ਨਹੀਂ ਸੀ ਬਲਕਿ ਬਹੁਤ ਮੁਸ਼ਕਲ ਕੰਮ ਸੀ। ਉਨ੍ਹਾਂ ਨੇ ਵੀਡੀਉ ’ਚ ਕਿਹਾ ਕਿ ਉਹ ਚੋਣ ਪ੍ਰਚਾਰ ਦੌਰਾਨ ਭਾਸ਼ਣ ਦੇਣਾ ਪਸੰਦ ਕਰਦੇ ਹਨ ਕਿਉਂਕਿ ਇਹ ਲੋਕਾਂ ਨੂੰ ਇਹ ਸੋਚਣ ਲਈ ਮਜ਼ਬੂਰ ਕਰਦਾ ਹੈ ਕਿ ਦੇਸ਼ ਨੂੰ ਕੀ ਚਾਹੀਦਾ ਹੈ।
ਵੀਡੀਉ ’ਚ ਰਾਹੁਲ ਨੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਤੋਂ ਪੁਛਿਆ ਕਿ ਉਹ ਚੋਣ ਪ੍ਰਚਾਰ ’ਚ ਕੀ ਪਸੰਦ ਕਰਦੇ ਹਨ ਜਾਂ ਕੀ ਨਾਪਸੰਦ ਕਰਦੇ ਹਨ। ਖੜਗੇ ਨੇ ਕਿਹਾ, ‘‘ਕੁੱਝ ਵੀ ਬੁਰਾ ਨਹੀਂ ਹੈ। ਇਹ ਚੰਗਾ ਹੈ ਕਿਉਂਕਿ ਅਸੀਂ ਇਹ ਦੇਸ਼ ਲਈ ਕਰ ਰਹੇ ਹਾਂ। ਸਾਨੂੰ ਚੰਗਾ ਲਗਦਾ ਹੈ ਜਦੋਂ ਅਸੀਂ ਉਨ੍ਹਾਂ ਲੋਕਾਂ ਨੂੰ ਰੋਕਣ ਲਈ ਕੰਮ ਕਰਦੇ ਹਾਂ ਜੋ ਦੇਸ਼ ਨੂੰ ਬਰਬਾਦ ਕਰ ਰਹੇ ਹਨ। ਘੱਟੋ-ਘੱਟ ਅਸੀਂ ਦੇਸ਼ ਲਈ ਕੁੱਝ ਕਰ ਰਹੇ ਹਾਂ।’’ ਵੀਡੀਉ ’ਚ ਨਜ਼ਰ ਆ ਰਹੇ ਕਰਨਾਟਕ ਦੇ ਮੁੱਖ ਮੰਤਰੀ ਸਿਧਾਰਮਈਆ ਨੇ ਵਿਚਾਰਧਾਰਾ ਦੀ ਮਹੱਤਤਾ ਬਾਰੇ ਗੱਲ ਕੀਤੀ।