
ਰਾਹੁਲ ਗਾਂਧੀ ਨਾਲ ਗੱਲਬਾਤ ’ਚ ਉਦਯੋਗਪਤੀ ਰਾਜੀਵ ਬਜਾਜ ਨੇ ਕਿਹਾ
ਨਵੀਂ ਦਿੱਲੀ, 4 ਜੂਨ: ਦੇਸ਼ ਦੇ ਮਸ਼ਹੂਰ ਉਦਯੋਗਪਤੀ ਰਾਜੀਵ ਬਜਾਜ ਨੇ ਵੀਰਵਾਰ ਨੂੰ ਕਿਹਾ ਕਿ ਕੋਰੋਨਾ ਸੰਕਟ ਨਾਲ ਨਜਿੱਠਣ ਦੇ ਸੰਦਰਭ ’ਚ ਭਾਰਤ ਨੇ ਪਛਮੀ ਦੇਸ਼ਾ ਵਲ ਵੇਖਿਆ ਅਤੇ ਸਖ਼ਤ ਤਾਲਾਬੰਦੀ ਲਾਉਣ ਦੀ ਕੋਸ਼ਿਸ਼ ਕੀਤੀ ਜਿਸ ਨਾਲ ਮਹਾਂਮਾਰੀ ਦਾ ਪ੍ਰਸਾਰ ਵੀ ਨਾ ਰੁਕਿਆ ਅਤੇ ਕੁਲ ਘਰੇਲੂ ਉਤਪਾਦ (ਜੀ.ਡੀ.ਪੀ.) ਦੀ ਮੂੰਧੇ ਮੂੰਹ ਡਿੱਗੀ ਅਤੇ ਅਰਥਚਾਰਾ ਤਬਾਹ ਹੋ ਗਿਆ।
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨਾਲ ਵੀਡੀਉ ਕਾਨਫ਼ਰੰਸ ਰਾਹੀਂ ਕੀਤੀ ਗੱਲਬਾਤ ’ਚ ਬਜਾਜ ਨੇ ਇਹ ਵੀ ਕਿਹਾ ਕਿ ਬਹੁਤ ਸਾਰੇ ਅਹਿਮ ਲੋਕ ਬੋਲਣ ਤੋਂ ਡਰਦੇ ਹਨ ਅਤੇ ਅਜਿਹੇ ’ਚ ਸਾਨੂੰ ਸਹਿਣਸ਼ੀਲ ਅਤੇ ਸੰਵੇਦਨਸ਼ੀਲ ਰਹਿਣ ਨੂੰ ਲੈ ਕੇ ਭਾਰਤ ’ਚ ਕੁੱਝ ਚੀਜ਼ਾਂ ’ਚ ਸੁਧਾਰ ਲਿਆਉਣ ਦੀ ਜ਼ਰੂਰਤ ਹੈ।
ਰਾਹੁਲ ਗਾਂਧੀ ਨੇ ਇਸ ਗੱਲਬਾਤ ਦੌਰਾਨ ਕਿਹਾ ਕਿ ਕੋਰੋਨਾ ਸੰਕਟ ਨਾਲ ਨਜਿੱਠਣ ਲਈ ਸ਼ੁਰੂਆਤ ’ਚ ਸੂਬਿਆਂ ਦੇ ਮੁੱਖ ਮੰਤਰੀਆਂ ਅਤੇ ਜ਼ਿਲ੍ਹਾ ਅਧਿਕਾਰੀਆਂ ਨੂੰ ਤਾਕਤਾਂ ਦੇਣ ਦੀ ਜ਼ਰੂਰਤ ਸੀ ਅਤੇ ਕੇਂਦਰ ਸਹਿਯੋਗ ਦਾ ਕੰਮ ਕਰਦਾ। ਉਨ੍ਹਾਂ ਕਿਹਾ ਕਿ ਇਸ ਮੁਸ਼ਕਲ ਦੇ ਸਮੇਂ ’ਚ ਮਜ਼ਦੂਰਾਂ, ਗ਼ਰੀਬਾਂ, ਕਿਰਤੀਆਂ, ਐਮ.ਐਸ.ਐਮ.ਆਈ. ਅਤੇ ਵੱਡੇ ਉਦਯੋਗਾਂ ਨੂੰ ਵੀ ਮਦਦ ਦੀ ਜ਼ਰੂਰਤ ਹੈ।
File photo
ਉਨ੍ਹਾਂ ਦੇ ਤਾਲਾਬੰਦੀ ਨਾਲ ਜੁੜੇ ਸਵਾਲ ’ਤੇ ‘ਬਜਾਜ ਆਟੋ’ ਦੇ ਮੁਖੀ ਨੇ ਕਿਹਾ, ‘‘ਮੈਂ ਇਹ ਨਹੀਂ ਸਮਝ ਪਾ ਰਿਹਾ ਕਿ ਏਸ਼ੀਆਈ ਦੇਸ਼ ਹੋਣ ਦੇ ਬਾਵਜੂਦ ਅਸੀਂ ਪੂਰਬ ਵਲ ਧਿਆਨ ਕਿਸ ਤਰ੍ਹਾਂ ਨਹੀਂਂ ਦਿਤਾ। ਅਸੀਂ ਇਟਲੀ, ਫ਼ਰਾਂਸ, ਸਪੇਨ, ਬਰਤਾਨੀਆ ਅਤੇ ਅਮਰੀਕਾ ਵਲ ਵੇਖਿਆ।’’
ਬਜਾਜ ਮੁਤਾਬਕ ਅਸੀਂ ਇਕ ਮੁਸ਼ਕਲ ਤਾਲਾਬੰਦੀ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਿਸ ’ਚ ਕਮੀਆਂ ਸਨ। ਇਸ ਲਈ ਮੈਨੂੰ ਲਗਦਾ ਹੈ ਕਿ ਸਾਨੂੰ ਆਖ਼ਰ ਦੋਵੇਂ ਪਾਸਿਆਂ ਤੋਂ ਨੁਕਸਾਨ ਹੋਇਆ।
ਸੰਕਟ ਤੋਂ ਬਾਹਰ ਆਉਣ ਨਾਲ ਜੁੜੇ ਸਵਾਲ ’ਤੇ ਬਜਾਜ ਨੇ ਕਿਹਾ, ‘‘ਸਾਨੂੰ ਫਿਰ ਤੋਂ ਮੰਗ ਪੈਦਾ ਕਰਨੀ ਹੋਵੇਗੀ। ਸਾਨੂੰ ਕੁੱਝ ਅਜਿਹਾ ਕਰਨਾ ਹੋਵੇਗਾ ਜੋ ਲੋਕਾਂ ਦੇ ਮੂਡ ਨੂੰ ਬਦਲ ਦੇਵੇ। ਸਾਨੂੰ ਮਨੋਬਲ ਵਧਾਉਣ ਦੀ ਜ਼ਰੂਰਤ ਹੈ। ਮੈਨੂੰ ਸਮਝ ’ਚ ਨਹੀਂ ਆਉਂਦਾ ਕਿ ਕੋਈ ਮਜ਼ਬੂਤ ਪਹਿਲ ਕਿਉਂ ਨਹੀਂ ਕੀਤੀ ਗਈ?’’
ਸਰਕਾਰ ਵਲੋਂ ਐਲਾਨ ਆਰਥਕ ਪੈਕੇਜ ’ਚ ਉਨ੍ਹਾਂ ਕਿਹਾ ਕਿ ਦੁਨੀਆਂ ਦੇ ਕਈ ਦੇਸ਼ਾਂ ’ਚ ਜੋ ਸਰਕਾਰਾਂ ਨੇ ਦਿਤਾ ਹੈ ਉਸ ’ਚੋਂ ਦੋ ਤਿਹਾਈ ਲੋਕਾਂ ਦੇ ਹੱਥਾਂ ’ਚ ਦਿਤਾ ਗਿਆ ਹੈ। ਪਰ ਸਾਡੇ ਇੱਥੇ ਸਿਰਫ਼ 10 ਫ਼ੀ ਸਦੀ ਹੀ ਲੋਕਾਂ ਦੇ ਹੱਥਾਂ ’ਚ ਗਿਆ ਹੈ। (ਪੀਟੀਆਈ)