
ਹਾਦਸੇ ਵਿਚ ਆਪਣੀ ਜਾਨ ਗੁਆਉਣ ਵਾਲੇ ਮਜ਼ਦੂਰ ਦੀ ਪਛਾਣ ਬਿਹਾਰ ਦੇ ਸਮਸਤੀਪੁਰ ਜ਼ਿਲ੍ਹੇ ਦੇ ਪਿੰਡ ਤੇਤਾਰਪੁਰ ਵਾਸੀ ਨਿਤੀਸ਼ ਕੁਮਾਰ ਵਜੋਂ ਹੋਈ ਹੈ
ਅੰਬਾਲਾ : ਹਰਿਆਣਾ ਦੇ ਅੰਬਾਲਾ ਛਾਉਣੀ ਵਿਚ ਔਡੀ ਗੱਡੀ ਦੀ ਟੱਕਰ ਵਿਚ ਪ੍ਰਵਾਸੀ ਮਜ਼ਦੂਰ ਦੀ ਮੌਤ ਹੋ ਗਈ। ਇਹ ਹਾਦਸਾ ਦਿੱਲੀ-ਚੰਡੀਗੜ੍ਹ ਨੈਸ਼ਨਲ ਹਾਈਵੇ 'ਤੇ ਪ੍ਰਤਾਪ ਫੈਕਟਰੀ (ਮੋਹਰਾ) ਦੇ ਸਾਹਮਣੇ ਵਾਪਰਿਆ। ਚੰਡੀਗੜ੍ਹ ਨੰਬਰ ਦੀ ਤੇਜ਼ ਰਫਤਾਰ ਔਡੀ ਗੱਡੀ ਨੇ ਸੜਕ ਕਿਨਾਰੇ ਖੜ੍ਹੇ ਮਜ਼ਦੂਰ ਨੂੰ ਸਿੱਧੀ ਟੱਕਰ ਮਾਰ ਦਿਤੀ ਅਤੇ ਕਾਫੀ ਦੂਰ ਤੱਕ ਘਸੀਟ ਕੇ ਲੈ ਗਈ। ਹਾਦਸੇ ਵਿਚ ਆਪਣੀ ਜਾਨ ਗੁਆਉਣ ਵਾਲੇ ਮਜ਼ਦੂਰ ਦੀ ਪਛਾਣ ਬਿਹਾਰ ਦੇ ਸਮਸਤੀਪੁਰ ਜ਼ਿਲ੍ਹੇ ਦੇ ਪਿੰਡ ਤੇਤਾਰਪੁਰ ਵਾਸੀ ਨਿਤੀਸ਼ ਕੁਮਾਰ ਵਜੋਂ ਹੋਈ ਹੈ। ਪੁਲਿਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿਤੀ ਹੈ।
ਬਿਹਾਰ ਵਾਸੀ ਅੰਜੇਸ਼ ਕੁਮਾਰ ਨੇ ਦਸਿਆ ਕਿ ਉਹ ਪ੍ਰਤਾਪ ਫੈਕਟਰੀ (ਮੋਹਰਾ) ਵਿਚ ਕੰਮ ਕਰਦਾ ਹੈ। ਐਤਵਾਰ ਰਾਤ ਨੂੰ ਉਹ ਆਪਣੇ ਭਰਾ ਨਿਤੀਸ਼ ਕੁਮਾਰ ਨਾਲ ਨਿੱਜੀ ਕੰਮ ਲਈ ਅੰਬਾਲਾ ਛਾਉਣੀ ਜਾ ਰਿਹਾ ਸੀ। ਦੋਵੇਂ ਮੋਹਾੜਾ ਫਲਾਈਓਵਰ ਨੇੜੇ ਗੱਡੀ ਦੀ ਉਡੀਕ ਕਰ ਰਹੇ ਸਨ। ਇਸੇ ਦੌਰਾਨ ਸ਼ਾਹਬਾਦ ਸਾਈਡ ਤੋਂ ਚੰਡੀਗੜ੍ਹ ਨੰਬਰ ਦੀ ਇੱਕ ਤੇਜ਼ ਰਫ਼ਤਾਰ ਔਡੀ ਗੱਡੀ ਆਈ।
ਸ਼ਿਕਾਇਤਕਰਤਾ ਨੇ ਦਸਿਆ ਕਿ ਲਾਪਰਵਾਹੀ ਨਾਲ ਚਾਲਕ ਨੇ ਉਸ ਦੇ ਭਰਾ ਦੇ ਸਿਰ 'ਤੇ ਟੱਕਰ ਮਾਰ ਦਿਤੀ ਅਤੇ ਉਸ ਨੂੰ ਕਾਫੀ ਦੂਰ ਤੱਕ ਸੜਕ 'ਤੇ ਘਸੀਟਦਾ ਲੈ ਗਿਆ। ਜਦੋਂ ਉਸ ਨੇ ਆਪਣੇ ਭਰਾ ਕੋਲ ਜਾ ਕੇ ਦੇਖਿਆ ਤਾਂ ਉਸ ਦੇ ਭਰਾ ਦੀ ਮੌਤ ਹੋ ਚੁਕੀ ਸੀ। ਦੋਸ਼ੀ ਔਡੀ ਚਾਲਕ ਇਕ ਵਾਰ ਮੌਕੇ 'ਤੇ ਰੁਕਿਆ ਪਰ ਫਿਰ ਚਕਮਾ ਦੇ ਕੇ ਫਰਾਰ ਹੋ ਗਿਆ।
ਸ਼ਿਕਾਇਤਕਰਤਾ ਨੇ ਦਸਿਆ ਕਿ ਔਡੀ ਗੱਡੀ ਦੀ ਨੰਬਰ ਪਲੇਟ ਸੀਐਚ 01 ਏਆਰ 4440 ਸੀ। ਪੁਲੀਸ ਨੇ ਸ਼ਿਕਾਇਤ ਦੇ ਆਧਾਰ ’ਤੇ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਧਾਰਾ 279 ਅਤੇ 304ਏ ਤਹਿਤ ਕੇਸ ਦਰਜ ਕਰ ਲਿਆ ਹੈ।