
ਫ਼ੌਜੀ ਮੰਚਾਂ ’ਤੇ ਉਪਕਰਨਾਂ ਦਾ ਇਕੱਠਿਆਂ ਮਿਲ ਕੇ ਵਿਕਾਸ ਕਰਨਗੇ ਭਾਰਤ ਅਤੇ ਅਮਰੀਕਾ
ਨਵੀਂ ਦਿੱਲੀ: ਭਾਰਤ ਅਤੇ ਅਮਰੀਕਾ ਨੇ ਸੋਮਵਾਰ ਨੂੰ ਫ਼ੌਜੀ ਮੰਚਾਂ ’ਤੇ ਉਪਕਰਨਾਂ ਦਾ ਇਕੱਠਿਆਂ ਮਿਲ ਕੇ ਵਿਕਾਸ ਕਰਨ ਲਈ ਵੱਖੋ-ਵੱਖ ਪ੍ਰਾਜੈਕਟਾਂ ਨੂੰ ਉੱਚ ਪ੍ਰਾਥਮਿਕਤਾ ਦੇਣ ਲਈ ਰਖਿਆ ਉਦਯੋਗਿਕ ਸਹਿਯੋਗ ਦੀ ਮਹੱਤਵਪੂਰਨ ਰੂਪਰੇਖਾ ਤੈਅ ਕੀਤੀ। ਇਹ ਕਦਮ ਰੂਸ-ਯੂਕ੍ਰੇਨ ਯੁੱਧ ਅਤੇ ਹਿੰਦ-ਪ੍ਰਸ਼ਾਂਤ ਖੇਤਰ ’ਚ ਚੀਨ ਦੀ ਵਧਦੀ ਹਮਲਾਵਾਰਤਾ ਦੀ ਪਿੱਠਭੂਮੀ ’ਚ ਚੁਕਿਆ ਗਿਆ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਦੀ ਸਰਕਾਰੀ ਯਾਤਰਾ ਤੋਂ ਦੋ ਹਫ਼ਤੇ ਪਹਿਲਾਂ ਅੱਜ ਰਖਿਆ ਮੰਤਰੀ ਰਾਜਨਾਥ ਸਿੰਘ ਅਤੇ ਉਨ੍ਹਾਂ ਦੇ ਅਮਰੀਕੀ ਹਮਰੁਤਬਾ ਲਾਇਡ ਆਸਟਿਨ ਵਿਚਕਾਰ ਗੱਲਬਾਤ ਦੌਰਾਨ ਸਹਿਯੋਗ ਲਈ ਨਵੇਂ ਢਾਂਚੇ ਨੂੰ ਅੰਤਮ ਰੂਪ ਦਿਤਾ ਗਿਆ।
ਰਖਿਆ ਮੰਤਰੀ ਰਾਜਨਾਥ ਸਿੰਘ ਨੇ ਸੋਮਵਾਰ ਨੂੰ ਅਮਰੀਕਾ ਦੇ ਅਪਣੇ ਹਮਰੁਤਬਾ ਲਾਇਡ ਆਸਟਿਨ ਨਾਲ ਵਿਆਪਕ ਚਰਚਾ ਕਰਨ ਤੋਂ ਬਾਅਦ ਕਿਹਾ ਕਿ ਮੁਕਤ, ਖੁੱਲ੍ਹੇ ਅਤੇ ਨਿਯਮ ਅਧਾਰਤ ਹਿੰਦ-ਪ੍ਰਸ਼ਾਂਤ ਖੇਤਰ ਲਈ ਭਾਰਤ-ਅਮਰੀਕਾ ਸਾਂਝੇਦਾਰੀ ਮਹੱਤਵਪੂਰਨ ਹੈ। ਆਸਟਿਨ ਦੋ ਦਿਨਾਂ ਦੀ ਯਾਤਰਾ ’ਤੇ ਐਤਵਾਰ ਨੂੰ ਨਵੀਂ ਦਿੱਲੀ ਪੁੱਜੇ ਸਨ।
ਰਾਜਨਾਥ ਅਤੇ ਆਸਟਿਨ ਨੇ ਸਪਲਾਈ ਵਿਵਸਥਾ ਦੀ ਸੁਰੱਖਿਆ ਲਈ ਇਕ ਢਾਂਚੇ ਅਤੇ ਇਸ ਪਾਰਸਪਰਿਕ ਰਖਿਆ ਖ਼ਰੀਦ ਸਮਝੌਤੇ ’ਤੇ ਗੱਲਬਾਤ ਸ਼ੁਰੂ ਕਰਨ ਦਾ ਵੀ ਫ਼ੈਸਲਾ ਕੀਤਾ, ਜੋ ਲੰਮੇ ਸਮੇਂ ਦੀ ਸਪਲਾਈ ਚੇਨ ਸਥਿਰਤਾ ਨੂੰ ਉਤਸ਼ਾਹਿਤ ਕਰੇਗਾ।
ਅਮਰੀਕੀ ਰਖਿਆ ਮੰਤਰੀ ਨੇ ਕਿਹਾ ਕਿ ਅਮਰੀਕਾ-ਭਾਰਤ ਸਹਿਯੋਗ ਅਰਥ ਰਖਦਾ ਹੈ, ‘‘ਕਿਉਂਕਿ ਅਸੀਂ ਸਾਰੇ ਤੇਜ਼ੀ ਨਾਲ ਬਦਲਦੀ ਦੁਨੀਆ ਵੇਖ ਰਹੇ ਹਾਂ। ਅਸੀਂ ਚੀਨ ਦੀ ਦਾਦਾਗਿਰੀ ਅਤੇ ਜ਼ਬਰਦਸਤੀ ਤੇ ਯੂਕ੍ਰੇਨ ਵਿਰੁਧ ਰੂਸ ਦੀ ਹਮਲਾਵਾਰਤਾ ਵੇਖ ਰਹੇ ਹਾਂ।’’
ਇਸ ਬਾਬਤ ਅਮਰੀਕੀ ਰਖਿਆ ਮੰਤਰਾਲੇ ਦੇ ਹੈੱਡਕੁਆਰਟਰ ਪੈਂਟਾਗਨ ਨੇ ਕਿਹਾ ਕਿ ਪਹਿਲ ਦਾ ਉਦੇਸ਼ ਅਮਰੀਕਾ ਅਤੇ ਭਾਰਤੀ ਰਖਿਆ ਖੇਤਰਾਂ ਵਿਚਕਾਰ ਸਹਿਯੋਗ ਲਈ ‘ਪ੍ਰਤੀਮਾਨ’ ਨੂੰ ਬਦਲਣਾ ਹੈ, ਜਿਸ ’ਚ ਵਿਸ਼ੇਸ਼ ਮਤਿਆਂ ਦੀ ਇਕ ਕੜੀ ਨੂੰ ਲਾਗੂ ਕਰਨਾ ਸ਼ਾਮਲ ਹੈ, ਜੋ ਭਾਰਤ ਨੂੰ ਅਤਿਆਧੁਨਿਕ ਤਕਨੀਕਾਂ ਤਕ ਪਹੁੰਚ ਪ੍ਰਦਾਨ ਕਰ ਸਕਦਾ ਹੈ ਅਤੇ ਇਸ ਦੀਆਂ ਰਖਿਆ ਆਧੁਨਿਕੀਕਰਨ ਯੋਜਨਾਵਾਂ ਦੀ ਹਮਾਇਤ ਕਰ ਸਕਦਾ ਹੈ।
ਇਸ ਤੋਂ ਪਹਿਲਾਂ ਆਸਟਿਨ ਦੀ ਯਾਤਰਾ ਦੀ ਜਾਣਕਾਰੀ ਰੱਖਣ ਵਾਲੇ ਅਧਿਕਾਰੀਆਂ ਨੇ ਕਿਹਾ ਕਿ ਰਖਿਆ ਮੰਤਰੀ ਰਾਜਨਾਥ ਸਿੰਘ ਅਤੇ ਅਮਰੀਕਾ ਰਖਿਆ ਮੰਤਰੀ ਆਸਟਿਨ ਲੜਾਕੂ ਜਹਾਜ਼ਾਂ ਦੇ ਇੰਜਣ ਲਈ ਭਾਰਤ ਨਾਲ ਤਕਨੀਕ ਸਾਂਝੀ ਕਰਨ ਦੇ ਜਨਰਲ ਇਲੈਕਟ੍ਰਿਕ ਦੇ ਮਤੇ ਅਤੇ ਅਮਰੀਕੀ ਰਖਿਆ ਉਪਕਰਨ ਕੰਪਨੀ ਜਨਰਲ ਅਟਾਮਿਕਸ ਏਅਰੋਨਾਟਿਕਸ ਸਿਟਮਜ਼ ਇੰਕ. ਨਾਲ ਤਿੰਨ ਅਰਬ ਅਮਰੀਕੀ ਡਾਲਰ ਦੇ 40 ਐਮ.ਕਿਊ.-9ਬੀ ਹਥਿਆਰਬੰਦ ਡ੍ਰੋਨ ਖ਼ਰੀਦਣ ਦੀ ਭਾਰਤ ਦੀ ਯੋਜਨਾ ’ਤੇ ਚਰਚਾ ਕਰ ਸਕਦੇ ਹਨ।