
ਸੱਤਿਆਗ੍ਰਹਿ ਦੇ ਨਾਲ-ਨਾਲ ਮੈਂ ਰੇਲਵੇ ਵਿਚ ਆਪਣੀ ਜ਼ਿੰਮੇਵਾਰੀ ਨਿਭਾ ਰਹੀ ਹਾਂ - ਸਾਕਸ਼ੀ ਮਲਿਕ
ਨਵੀਂ ਦਿੱਲੀ - ਪਹਿਲਵਾਨ ਸਾਕਸ਼ੀ ਮਲਿਕ ਨੇ ਸਪੱਸ਼ਟੀਕਰਨ ਦਿੱਤਾ ਹੈ ਕਿ ਉਸ ਨੇ ਅਪਣਾ ਨਾਮ ਪਹਿਲਵਾਨਾਂ ਦੇ ਧਰਨੇ 'ਚੋਂ ਵਾਪਸ ਨਹੀਂ ਲਿਆ ਹੈ।
ਉਸ ਨੇ ਟਵੀਟ ਕਰ ਕੇ ਲਿਖਿਆ ਕਿ ''ਇਹ ਖ਼ਬਰ ਬਿਲਕੁਲ ਗਲਤ ਹੈ। ਇਨਸਾਫ਼ ਦੀ ਲੜਾਈ ਵਿਚ ਸਾਡੇ ਵਿਚੋਂ ਕੋਈ ਵੀ ਪਿੱਛੇ ਨਹੀਂ ਹਟਿਆ ਅਤੇ ਨਾ ਹੀ ਪਿੱਛੇ ਹਟਾਂਗਾ। ਸੱਤਿਆਗ੍ਰਹਿ ਦੇ ਨਾਲ-ਨਾਲ ਮੈਂ ਰੇਲਵੇ ਵਿਚ ਆਪਣੀ ਜ਼ਿੰਮੇਵਾਰੀ ਨਿਭਾ ਰਹੀ ਹਾਂ। ਇਨਸਾਫ਼ ਮਿਲਣ ਤੱਕ ਸਾਡੀ ਲੜਾਈ ਜਾਰੀ ਰਹੇਗੀ। ਕਿਰਪਾ ਕਰਕੇ ਕੋਈ ਵੀ ਗਲਤ ਖ਼ਬਰ ਨਾ ਫੈਲਾਓ।''
ਜ਼ਿਕਰਯੋਗ ਹੈ ਕਿ ਇਹ ਖ਼ਬਰ ਸਾਹਮਣੇ ਆਈ ਸੀ ਕਿ ਭਾਰਤੀ ਕੁਸ਼ਤੀ ਮਹਾਸੰਘ (ਡਬਲਿਊ.ਐੱਫ.ਆਈ.) ਦੇ ਸਾਬਕਾ ਪ੍ਰਧਾਨ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਖਿਲਾਫ਼ ਪ੍ਰਦਰਸ਼ਨ ਕਰ ਰਹੇ ਪਹਿਲਵਾਨਾਂ ਦੇ ਧਰਨੇ 'ਚੋਂ ਪਹਿਲਵਾਨ ਸਾਕਸ਼ੀ ਮਲਿਕ ਨੇ ਅਪਣਾ ਨਾਂ ਵਾਪਸ ਲੈ ਲਿਆ ਹੈ। ਉਹ ਰੇਲਵੇ ਵਿਚ ਕੰਮ ਕਰਦੀ ਸੀ ਤੇ ਹੁਣ ਫਿਰ ਉਸ ਨੇ ਅਪਣੀ ਉੱਤਰੀ ਰੇਲਵੇ ਵਿਚ ਨੌਕਰੀ ਜੁਆਇਨ ਕਰ ਲਈ ਹੈ ਪਰ ਇਸ ਤੋਂ ਕੁੱਝ ਕੁ ਸਕਿੰਟਾਂ ਬਾਅਦ ਸਾਕਸ਼ੀ ਮਲਿਕ ਨੇ ਇਹਨਾਂ ਖ਼ਬਰਾਂ ਨੂੰ ਨਕਾਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਸਾਕਸ਼ੀ ਮਲਿਕ, ਬਜਰੰਗ ਪੂਨੀਆ ਅਤੇ ਵਿਨੇਸ਼ ਫੋਗਾਟ ਨੇ ਐਤਵਾਰ ਸ਼ਾਮ ਨੂੰ ਹੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਸੀ। ਇਹ ਮੁਲਾਕਾਤ ਕਰੀਬ 2 ਘੰਟੇ ਚੱਲੀ ਸੀ। ਇਸ ਦੌਰਾਨ ਇਹ ਦਾਅਵਾ ਕੀਤਾ ਜਾ ਰਿਹਾ ਸੀ ਕਿ ਬ੍ਰਿਜ ਭੂਸ਼ਣ 'ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਉਣ ਵਾਲੀ ਨਾਬਾਲਗ ਪਹਿਲਵਾਨ ਅਪਣੇ ਬਿਆਨ ਤੋਂ ਪਲਟ ਰਹੀ ਹੈ। ਦਾਅਵੇ ਮੁਤਾਬਕ ਨਾਬਾਲਗ ਨੇ ਇਹ ਬਿਆਨ ਦਿੱਲੀ ਦੇ ਕਨਾਟ ਪਲੇਸ ਥਾਣੇ 'ਚ ਦਿੱਤਾ ਹੈ। ਇਸ ਤੋਂ ਬਾਅਦ ਉਸ ਨੂੰ ਪਟਿਆਲਾ ਹਾਊਸ ਕੋਰਟ ਲਿਜਾਇਆ ਗਿਆ, ਜਿੱਥੇ ਉਸ ਨੇ ਆਪਣਾ ਬਿਆਨ ਵਾਪਸ ਲੈ ਲਿਆ।