ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਟੀ 20 ਫ਼ਾਰਮੈਟ ਦੀ ਕੈਪਟਨ ਹਰਮਨਪ੍ਰੀਤ ਕੌਰ ਦੀ ਬੀਏ ਫ਼ਾਈਨਲ ਦੀ ਮਾਰਕਸ਼ੀਟ ਦੇ ਫ਼ਰਜ਼ੀ ਹੋਣ ਦੀ ਪੁਸ਼ਟੀ ਮਗਰੋਂ ਹਰਮਨਪ੍ਰੀਤ........
ਮੇਰਠ : ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਟੀ 20 ਫ਼ਾਰਮੈਟ ਦੀ ਕੈਪਟਨ ਹਰਮਨਪ੍ਰੀਤ ਕੌਰ ਦੀ ਬੀਏ ਫ਼ਾਈਨਲ ਦੀ ਮਾਰਕਸ਼ੀਟ ਦੇ ਫ਼ਰਜ਼ੀ ਹੋਣ ਦੀ ਪੁਸ਼ਟੀ ਮਗਰੋਂ ਹਰਮਨਪ੍ਰੀਤ ਦੀ ਪੰਜਾਬ ਵਿਚ ਡੀਐਸਪੀ ਦੀ ਨੌਕਰੀ 'ਤੇ ਤਲਵਾਰ ਲਟਕ ਗਈ ਹੈ। ਕ੍ਰਿਕਟ ਦੀ ਦੁਨੀਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਦੇਸ਼ ਦਾ ਮਾਣ ਵਧਾਉਣ 'ਤੇ ਉਸ ਨੂੰ ਰੇਲਵੇ ਨੇ ਨੌਕਰੀ ਦਿਤੀ ਸੀ ਅਤੇ ਉਸ ਮਗਰੋਂ ਉਸ ਨੂੰ ਪੰਜਾਬ ਪੁਲਿਸ ਵਿਚ ਡੀਐਸਪੀ ਦੀ ਨੌਕਰੀ ਦਿਤੀ ਗਈ ਸੀ। ਸੀਸੀਐਸ ਯੂਨੀਵਰਸਿਟੀ ਦੇ ਰਜਿਸਟਰਾਰ ਜੀਪੀ ਸ੍ਰੀਵਾਸਤਵ ਨੇ ਦਸਿਆ ਕਿ ਮਾਰਚ ਮਹੀਨੇ ਵਿਚ ਪੰਜਾਬ ਪੁਲਿਸ ਨੇ ਤਸਦੀਕ ਲਈ ਉਸ ਦੀ ਮਾਰਕਸ਼ੀਟ ਮੇਰਠ ਦੀ ਚੌਧਰੀ ਚਰਨ ਸਿੰਘ
ਯੂਨੀਵਰਸਿਟੀ ਨੂੰ ਭੇਜੀ ਸੀ। ਜਾਂਚ ਮਗਰੋਂ ਬੀਏ ਫ਼ਾਈਨਲ ਦੀ ਮਾਰਕਸ਼ੀਟ ਫ਼ਰਜ਼ੀ ਨਿਕਲੀ ਕਿਉਂਕਿ ਉਸ ਦਾ ਇਥੇ ਕੋਈ ਰੀਕਾਰਡ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਰੀਪੋਰਟ ਅਪ੍ਰੈਲ ਮਹੀਨੇ ਭੇਜ ਦਿਤੀ ਗਈ ਸੀ। ਮੋਗਾ ਦੀ ਰਹਿਣ ਵਾਲੀ ਹਰਮਨਪ੍ਰੀਤ ਨੂੰ 1 ਮਾਰਚ 2018 ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਡੀਜੀਪੀ ਸੁਰੇਸ਼ ਅਰੋੜਾ ਨੇ ਡੀਐਸਪੀ ਦੇ ਰੂਪ ਵਿਚ ਜੁਆਇਨ ਕਰਾਇਆ ਸੀ। ਪਹਿਲਾਂ ਉਹ ਪਛਮੀ ਰੇਲਵੇ ਵਿਚ ਸੀ। ਉਥੇ ਉਸ ਦਾ ਪੰਜ ਸਾਲ ਦਾ ਬਾਂਡ ਸੀ ਜਿਸ ਦੇ ਬਾਵਜੂਦ ਉਸ ਨੇ ਪਿਛਲੇ ਸਾਲ ਨੌਕਰੀ ਤੋਂ ਅਸਤੀਫ਼ਾ ਦੇ ਦਿਤਾ ਸੀ। ਉਸ ਨੂੰ ਰੇਲਵੇ ਵਿਚ ਨੌਕਰੀ ਕਰਦਿਆਂ ਤਿੰਨ ਸਾਲ ਹੋ ਗਏ ਸਨ। ਇੰਜ ਉਸ ਨੇ ਪੰਜ
ਸਾਲ ਦੀ ਤਨਖ਼ਾਹ ਰੇਲਵੇ ਨੂੰ ਵਾਪਸ ਦੇਣੀ ਸੀ ਜਿਸ ਕਾਰਨ ਉਸ ਨੂੰ ਰੀਲੀਵ ਨਹੀਂ ਕੀਤਾ ਗਿਆ ਸੀ। ਕੈਪਟਨ ਨੇ ਰੇਲ ਮੰਤਰੀ ਪੀਊਸ਼ ਗੋਇਲ ਕੋਲ ਇਹ ਮਾਮਲਾ ਚੁਕਿਆ ਸੀ ਜਿਸ ਤੋਂ ਬਾਅਦ ਹੀ ਹਰਮਨਪ੍ਰੀਤ ਪੰਜਾਬ ਪੁਲਿਸ ਵਿਚ ਨੌਕਰੀ ਜੁਆਇਨ ਕਰ ਸਕੀ ਸੀ। ਹਰਮਨਪ੍ਰੀਤ ਦੇ ਪਿਤਾ ਹਰਮਿੰਦਰ ਸਿੰਘ ਨੇ ਜਾਂਚ ਨੂੰ ਗ਼ਲਤ ਦਸਿਆ ਹੈ। ਉਨ੍ਹਾਂ ਕਿਹਾ ਕਿ ਉਹ ਖ਼ੁਦ ਯੂਨੀਵਰਸਿਟੀ ਜਾ ਕੇ ਸੱਚ ਪਤਾ ਕਰਨਗੇ। ਹਰਮਨਪ੍ਰੀਤ ਦੀ ਪੜ੍ਹਾਈ ਰੈਗੂਲਰ ਸੀ ਜਾਂ ਪੱਤਰ ਵਿਹਾਰ ਰਾਹੀਂ, ਇਸ ਬਾਰੇ ਉਹ ਸਪੱਸ਼ਟ ਜਵਾਬ ਨ; ਦੇ ਸਕੇ। (ਏਜੰਸੀ)