
ਦੁਬਈ, 21 ਦਸੰਬਰ: ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਮਿਤਾਲੀ ਰਾਜ ਨੂੰ ਅੱਜ ਆਈ.ਸੀ.ਸੀ. ਦੀ ਸਾਲਾਨਾ ਇਕ ਦਿਨਾ ਟੀਮ 'ਚ ਚੁਣਿਆ ਗਿਆ, ਜਦੋਂ ਕਿ ਸਪਿਨਰ ਗੇਂਦਬਾਜ਼ ਏਕਤਾ ਬਿਸ਼ਠ ਵਿਸ਼ਵ ਸੰਸਥਾ ਵਲੋਂ ਐਲਾਨੀ ਸਾਲ ਦੀ ਸਰਵੋਤਮ ਇਕ ਦਿਨਾਂ ਅਤੇ ਟੀ20 ਟੀਮਾਂ 'ਚ ਜਗ੍ਹਾ ਬਣਾਉਣ ਵਾਲੀ ਇਕਲੌਤੀ ਭਾਰਤੀ ਕ੍ਰਿਕਟਰ ਰਹੀ।ਇਨ੍ਹਾਂ ਦੋਵਾਂ ਤੋਂ ਇਲਾਵਾ ਹਰਮਨਪ੍ਰੀਤ ਕੌਰ ਨੂੰ ਵੀ ਸਾਲ ਦੀ ਸਰਵੋਤਮ ਆਈ.ਸੀ.ਸੀ. ਮਹਿਲਾ ਟੀ20 ਕੌਮਾਂਤਰੀ ਟੀਮ 'ਚ ਸਥਾਨ ਮਿਲਿਆ। ਆਈ.ਸੀ.ਸੀ. ਨੇ ਅੱਜ ਸਾਲ ਦੀਆਂ ਮਹਿਲਾ ਇਕ ਦਿਨਾਂ ਅਤੇ ਟੀ20 ਕੌਮਾਂਤਰੀ ਟੀਮਾਂ ਦਾ ਐਲਾਨ ਕੀਤਾ, ਜਿਸ 'ਚ ਇੰਗਲੈਂਡ ਦੀ ਹੀਥਰ ਨਾਈਟ ਨੂੰ 50 ਓਵਰ ਟੀਮ ਦਾ ਕਪਤਾਨ ਚੁਣਿਆ ਗਿਆ, ਜਦੋਂ ਕਿ ਵੈਸਟ ਇੰਡੀਜ਼ ਦੀ ਸਟੇਫ਼ਾਨੇ ਟੇਲਰ ਨੂੰ 20 ਓਵਰ ਦੀ ਟੀਮ ਦਾ ਕਪਤਾਨ ਚੁਣਿਆ ਗਿਆ।
ਟੀਮਾਂ ਦੀ ਚੋਣ ਖਿਡਾਰੀਆਂ ਦੇ 21 ਸਤੰਬਰ 2016 ਤੋਂ ਹੁਣ ਤਕ ਦੇ ਪ੍ਰਦਰਸ਼ਨ ਦੇ ਆਧਾਰ 'ਤੇ ਕੀਤੀ ਗਈ ਹੈ। ਬਿਸ਼ਠ ਇਕਲੌਤੀ ਕ੍ਰਿਕਟਰ ਹੈ ਜੋ ਸਾਲਾਨਾ ਇਕ ਦਿਨਾਂ ਅਤੇ ਟੀ20 ਕੌਮਾਂਤਰੀ ਟੀਮਾਂ 'ਚ ਸ਼ਾਮਲ ਹੈ। ਉਤਰਾਖੰਡ ਦੀ 31 ਸਾਲਾ ਇਹ ਖਿਡਾਰੀ ਇਕ ਦਿਨਾਂ 'ਚ 14ਵੀਂ ਅਤੇ ਟੀ20 ਕੌਮਾਂਤਰੀ 'ਚ 12ਵੀਂ ਰੈਂਕਿੰਗ 'ਤੇ ਕਾਬਜ਼ ਹੈ, ਜਿਸ ਨੇ ਇਸ ਨਿਸ਼ਚਿਤ ਸਮੇਂ ਦੌਰਾਨ 19 ਇਕ ਦਿਨਾਂ ਮੈਚਾਂ 'ਚ 34 ਵਿਕਟਾਂ ਅਤੇ ਟੀ20 ਕੌਮਾਂਤਰੀ ਮੈਚਾਂ 'ਚ 11 ਵਿਕਟਾਂ ਲਈਆਂ ਹਨ।ਨਾਈਟ ਨੇ ਅਪਣੀ ਟੀਮ ਨੂੰ 23 ਜੁਲਾਈ ਨੂੰ ਲਾਰਡਸ 'ਚ ਆਈ.ਸੀ.ਸੀ. ਮਹਿਲਾ ਵਿਸ਼ਵ ਕੱਪ 'ਚ ਜਿੱਤ ਦਿਵਾਈ ਸੀ ਅਤੇ ਉਸ ਨੂੰ ਉਸ ਦੀ ਅਗਵਾਈ ਕਰਨ ਦੀ ਕਾਬਲੀਅਤ ਦੇ ਆਧਾਰ 'ਤੇ ਕਪਤਾਨ ਚੁਣਿਆ ਗਿਆ। ਦੁਨੀਆਂ ਦੀ ਚੋਟੀ ਦੀ ਰੈਂਕਿੰਗ ਦੀ ਟੀ20 ਕੌਮਾਂਤਰੀ ਬੱਲੇਬਾਜ਼ ਟੇਲਰ ਨੂੰ ਪਹਿਲੀ ਵਾਰ ਬਣਾਈ ਗਈ ਸਾਲ ਦੀ ਸਰਵੋਤਮ ਆਈ.ਸੀ.ਸੀ. ਮਹਿਲਾ ਟੀ20 ਕੌਮਾਂਤਰੀ ਟੀਮ ਦਾ ਕਪਤਾਨ ਬਣਾਇਆ ਗਿਆ। (ਪੀਟੀਆਈ)