
ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਨੌਕਰਸ਼ਾਹਾਂ ਦੁਆਰਾ ਸੂਬਾ ਸਰਕਾਰ ਦੇ ਨਿਰਦੇਸ਼ਾਂ ਦੀ ਪਾਲਣਾ ਕਰਨ ਤੋਂ ਇਨਕਾਰ ਕਰਨਾ............
ਨਵੀਂ ਦਿੱਲੀ : ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਨੌਕਰਸ਼ਾਹਾਂ ਦੁਆਰਾ ਸੂਬਾ ਸਰਕਾਰ ਦੇ ਨਿਰਦੇਸ਼ਾਂ ਦੀ ਪਾਲਣਾ ਕਰਨ ਤੋਂ ਇਨਕਾਰ ਕਰਨਾ ਅਦਾਲਤ ਦੀ ਮਾਣਹਾਨੀ ਦੇ ਤੁਲ ਹੈ ਅਤੇ ਉਹ ਇਸ ਮਾਮਲੇ ਵਿਚ ਕਾਨੂੰਨੀ ਰਾਏ ਲੈ ਰਹੇ ਹਨ। ਸੁਪਰੀਮ ਕੋਰਟ ਦੇ ਹੁਕਮ ਦੇ ਇਕ ਦਿਨ ਮਗਰੋਂ ਸਿਸੋਦੀਆ ਨੇ ਕਿਹਾ ਕਿ ਉਨ੍ਹਾਂ ਅਧਿਕਾਰੀਆਂ ਅਤੇ ਕੇਂਦਰ ਨੂੰ ਫ਼ੈਸਲੇ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, 'ਮੁੱਖ ਸਕੱਤਰ ਨੇ ਮੈਨੂੰ ਪੱਤਰ ਲਿਖ ਕੇ ਦਸਿਆ ਕਿ ਸੇਵਾ ਵਿਭਾਗ ਹੁਕਮਾਂ ਦੀ ਪਾਲਣਾ ਨਹੀਂ ਕਰਨਗੇ।
ਜੇ ਉਹ ਇਸ ਦੀ ਪਾਲਣਾ ਨਹੀਂ ਕਰਨਗੇ ਅਤੇ ਤਬਾਦਲੇ ਦੀਆਂ ਫ਼ਾਈਲਾਂ ਹਾਲੇ ਵੀ ਉਪ ਰਾਜਪਾਲ ਵੇਖਣਗੇ ਤਾਂ ਇਹ ਸੰਵਿਧਾਨਕ ਬੈਂਚ ਦੇ ਹੁਕਮ ਦੀ ਮਾਣਹਾਨੀ ਹੋਵੇਗੀ।' ਉਨ੍ਹਾਂ ਕਿਹਾ, 'ਅਸੀਂ ਅਪਣੇ ਵਕੀਲਾਂ ਨਾਲ ਸਲਾਹ ਕਰ ਰਹੇ ਹਾਂ ਕਿ ਇਸ ਹਾਲਤ ਵਿਚ ਕੀ ਕੀਤਾ ਜਾ ਸਕਦਾ ਹੈ।' ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਨੇ ਇਹ ਸਪੱਸ਼ਟ ਕੀਤਾ ਹੈ ਕਿ ਉਪ ਰਾਜਪਾਲ ਸਿਰਫ਼ ਤਿੰਨ ਵਿਸ਼ਿਆਂ ਵਿਚ ਦਖ਼ਲ ਦੇ ਸਕਦਾ ਹੈ ਜਿਸ ਵਿਚ ਸੇਵਾ ਵਿਭਾਗ ਸ਼ਾਮਲ ਨਹੀਂ ਹੈ।
ਮੈਂ ਅਧਿਕਾਰੀਆਂ ਨਲ ਤੋਂ ਇਲਾਵਾ ਕੇਂਦਰ ਨੂੰ ਅਪੀਲ ਕਰਦਾ ਹਾਂ ਕਿ ਸੁਪਰੀਮ ਕੋਰਟ ਦੇ ਫ਼ੈਸਲੇ ਦੀ ਪਾਲਣਾ ਕੀਤੀ ਜਾਵੇ।' ਸੇਵਾ ਵਿਭਾਗ ਨੇ ਇਹ ਕਹਿੰਦਿਆਂ ਹੁਕਮਾਂ ਦੀ ਪਾਲਣਾ ਕਰਨ ਤੋਂ ਇਨਕਾਰ ਕਰ ਦਿਤਾ ਹੈ ਕਿ ਸੁਪਰੀਮ ਕੋਰਟ ਨੇ 2016 ਵਿਚ ਜਾਰੀ ਉਸ ਨੋਟੀਫ਼ੀਕੇਸ਼ਨ ਨੂੰ ਨਹੀਂ ਹਟਾਇਆ ਜਿਸ ਵਿਚ ਤਬਾਦਲਿਆਂ ਅਤੇ ਤੈਨਾਤੀਆਂ ਦਾ ਅਧਿਕਾਰ ਗ੍ਰਹਿ ਮੰਤਰਾਲੇ ਨੂੰ ਦਿਤਾ ਗਿਆ ਸੀ। (ਏਜੰਸੀ)