
‘ਗਾਜ਼ਾ ਲਈ ਮੌਨ’ ਮੁਹਿੰਮ ਹੇਠ ਰੋਜ਼ ਰਾਤ ਰਾਤ 9 ਵਜੇ ਤੋਂ 9:30 ਵਜੇ ਤਕ ਫੋਨ ਬੰਦ ਰੱਖਣ ਲਈ ਕਿਹਾ
ਨਵੀਂ ਦਿੱਲੀ : ‘ਗਾਜ਼ਾ ਲਈ ਮੌਨ’ ਦੇ ਆਲਮੀ ਸੱਦੇ ਦਾ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਨੇ ਸਮਰਥਨ ਕੀਤਾ ਹੈ। ਇਸ ਮੁਹਿੰਮ ਹੇਠ ਲੋਕਾਂ ਨੂੰ ਫਲਸਤੀਨ ਦੇ ਲੋਕਾਂ ਨਾਲ ਇਕਜੁੱਟਤਾ ਦੇ ਪ੍ਰਤੀਕ ਵਜੋਂ ਸਥਾਨਕ ਸਮੇਂ ਅਨੁਸਾਰ ਰਾਤ 9 ਵਜੇ ਤੋਂ ਰਾਤ 9.30 ਵਜੇ ਤਕ ਰੋਜ਼ਾਨਾ ਅੱਧਾ ਘੰਟਾ ਅਪਣੇ ਮੋਬਾਈਲ ਫੋਨ ਬੰਦ ਕਰਨ ਦੀ ਅਪੀਲ ਕੀਤੀ ਗਈ ਹੈ।
ਖੱਬੇਪੱਖੀ ਪਾਰਟੀ ਨੇ ਕਿਹਾ, ‘‘ਸੀ.ਪੀ.ਆਈ. (ਐਮ) ਦੇਸ਼ ਭਰ ਦੇ ਲੋਕਾਂ ਨੂੰ ਅਪੀਲ ਕਰਦੀ ਹੈ ਕਿ ਉਹ ਇਸ ਡਿਜੀਟਲ ਵਿਰੋਧ ਵਿਚ ਸਰਗਰਮੀ ਨਾਲ ਹਿੱਸਾ ਲੈਣ ਅਤੇ ਵਿਰੋਧ ਪ੍ਰਦਰਸ਼ਨ ਦੌਰਾਨ ਕਿਸੇ ਵੀ ਸੋਸ਼ਲ ਮੀਡੀਆ ਮੰਚ ਉਤੇ ਪੋਸਟ ਕਰਨ, ਲਾਈਕ ਕਰਨ ਜਾਂ ਟਿਪਣੀ ਕਰਨ ਤੋਂ ਪਰਹੇਜ਼ ਕਰਨ।’’
ਉਨ੍ਹਾਂ ਕਿਹਾ ਕਿ ਪਾਰਟੀ ਆਲਮੀ ‘ਗਾਜ਼ਾ ਲਈ ਮੌਨ’ ਮੁਹਿੰਮ ’ਚ ਸ਼ਾਮਲ ਹੋ ਕੇ ਸੀ.ਪੀ.ਆਈ. (ਐਮ) ਫਲਸਤੀਨੀ ਲੋਕਾਂ ਦੇ ਨਾਲ ਖੜੀ ਹੈ ਅਤੇ ਇਜ਼ਰਾਈਲ ਵਲੋਂ ਕੀਤੀ ਜਾ ਰਹੀ ਬੇਰਹਿਮੀ ਅਤੇ ਨਸਲਕੁਸ਼ੀ ਹਮਲੇ ਵਿਰੁਧ ਖੜੀ ਹੈ।
ਸੀ.ਪੀ.ਆਈ. (ਐਮ) ਨੇ ਹਾਲ ਹੀ ਵਿਚ ਜਾਰੀ ਸੰਯੁਕਤ ਰਾਸ਼ਟਰ ਦੀ ਇਕ ਰੀਪੋਰਟ ਦਾ ਹਵਾਲਾ ਦਿਤਾ, ‘‘ਕਬਜ਼ੇ ਦੀ ਆਰਥਕਤਾ ਤੋਂ ਨਸਲਕੁਸ਼ੀ ਦੀ ਆਰਥਕਤਾ ਤਕ’’, ਅਤੇ ਕਿਹਾ ਕਿ ਇਸ ਵਿਚ ਵੇਰਵਾ ਦਿਤਾ ਗਿਆ ਹੈ ਕਿ ਕਿਵੇਂ ਵੱਖ-ਵੱਖ ਬਹੁਕੌਮੀ ਕਾਰਪੋਰੇਸ਼ਨਾਂ ਗਾਜ਼ਾ ਉਤੇ ਇਜ਼ਰਾਈਲ ਦੇ ਹਮਲੇ ਵਿਚ ਸ਼ਾਮਲ ਹਨ। ਪਾਰਟੀ ਨੇ ਕਿਹਾ ਕਿ ਇਨ੍ਹਾਂ ਕਾਰਪੋਰੇਸ਼ਨਾਂ ਦੀ ਨਾਪਾਕ ਭੂਮਿਕਾ ਦਾ ਪਰਦਾਫਾਸ਼ ਕੀਤਾ ਜਾਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਲੋਕਾਂ ਪ੍ਰਤੀ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ।
ਪਾਰਟੀ ਨੇ ਕਿਹਾ, ‘‘ਇਹ ਕਾਰਪੋਰੇਸ਼ਨਾਂ ਸਾਡੀ ਡਿਜੀਟਲ ਜਾਣਕਾਰੀ ਦੇ ਦਮ ’ਤੇ ਜਿਊਂਦੀਆਂ ਹਨ, ਭਾਵੇਂ ਕਿ ਉਹ ਨਸਲਕੁਸ਼ੀ ’ਚ ਮਦਦ ਕਰਦੀਆਂ ਹਨ। ਨਿਰਧਾਰਤ ਸਮੇਂ ਉਤੇ ਹਰ ਰੋਜ਼ ਅੱਧੇ ਘੰਟੇ ਲਈ ਅਪਣੇ ਮੋਬਾਈਲ ਫੋਨ ਬੰਦ ਕਰਨਾ ਡਿਜੀਟਲ ਵਿਘਨ ਦਾ ਇਕ ਛੋਟਾ ਪਰ ਸ਼ਕਤੀਸ਼ਾਲੀ ਕੰਮ ਹੈ, ਜੋ ਨਿਗਰਾਨੀ ਪੂੰਜੀਵਾਦ ਦੇ ਵਿਰੁਧ ਹੜਤਾਲ ਹੈ ਜੋ ਇਜ਼ਰਾਈਲ ਦੇ ਨਸਲਕੁਸ਼ੀ ਅਤੇ ਰੰਗਭੇਦ ਨੂੰ ਵਧਾਉਂਦੀ ਹੈ।’’
ਗਾਜ਼ਾ ਵਿਚ ਜੰਗ ਉਦੋਂ ਸ਼ੁਰੂ ਹੋਇਆ ਸੀ ਜਦੋਂ ਫਲਸਤੀਨੀ ਸਮੂਹ ਹਮਾਸ ਨੇ 7 ਅਕਤੂਬਰ, 2023 ਨੂੰ ਇਜ਼ਰਾਈਲ ਉਤੇ ਹਮਲਾ ਕੀਤਾ ਸੀ, ਜਿਸ ਵਿਚ ਲਗਭਗ 1,200 ਇਜ਼ਰਾਇਲੀ ਲੋਕ ਮਾਰੇ ਗਏ ਸਨ ਅਤੇ 250 ਲੋਕਾਂ ਨੂੰ ਬੰਧਕ ਬਣਾ ਲਿਆ ਗਿਆ ਸੀ। ਇਜ਼ਰਾਈਲ ਨੇ ਵੀ ਜਵਾਬੀ ਹਮਲਾ ਕੀਤਾ ਜਿਸ ਵਿਚ ਗਾਜ਼ਾ ਦੇ ਸਿਹਤ ਮੰਤਰਾਲੇ ਦੇ ਅਨੁਸਾਰ ਹੁਣ ਤਕ 57,000 ਤੋਂ ਵੱਧ ਫਲਸਤੀਨੀ ਮਾਰੇ ਗਏ, ਗਾਜ਼ਾ ਦੇ ਲਗਭਗ ਸਾਰੇ 20 ਲੱਖ ਲੋਕ ਬੇਘਰ ਹੋ ਗਏ ਅਤੇ ਬਹੁਤ ਸਾਰੇ ਭੁੱਖਮਰੀ ਦੇ ਕਿਨਾਰੇ ਉਤੇ ਹਨ।