
ਸੈਨ ਮਾਰਟਿਨ ਮੈਮੋਰੀਅਲ ਵਿਖੇ ਪੁਸ਼ਪਾਂਜਲੀ ਭੇਟ ਕੀਤੀ
ਬਿਊਨਸ ਆਇਰਸ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨਾਂ ਦੌਰੇ ਉਤੇ ਅਰਜਨਟੀਨਾ ਪਹੁੰਚ ਗਏ ਹਨ। ਅਪਣੇ ਦੌਰੇ ਦੇ ਪਹਿਲੇ ਦਿਨ ਮੋਦੀ ਨੇ ਅਰਜਨਟੀਨਾ ’ਚ ਕੌਮੀ ਨਾਇਕ ਮੰਨੇ ਜਾਣ ਵਾਲੇ ਜਨਰਲ ਜੋਸ ਡੀ. ਸੈਨ ਮਾਰਟਿਨ ਦੀ ਯਾਦਗਾਰ ਉਤੇ ਸ਼ਰਧਾਂਜਲੀ ਭੇਟ ਕੀਤੀ। ਜੋਸ ਫਰਾਂਸਿਸਕੋ ਡੀ ਸੈਨ ਮਾਰਟਿਨ ਵਾਈ ਮੈਟੋਰਾਸ ਨੂੰ ਦਖਣੀ ਅਮਰੀਕੀ ਦੇਸ਼ਾਂ ਅਰਜਨਟੀਨਾ, ਚਿਲੀ ਅਤੇ ਪੇਰੂ ਦੇ ਮੁਕਤੀਦਾਤਾ ਵਜੋਂ ਵੀ ਜਾਣਿਆ ਜਾਂਦਾ ਹੈ।
ਅਪਣੇ ਦੌਰੇ ਦੌਰਾਨ ਉਹ ਦੇਸ਼ ਦੀ ਚੋਟੀ ਦੀ ਲੀਡਰਸ਼ਿਪ ਨਾਲ ਚੱਲ ਰਹੇ ਸਹਿਯੋਗ ਦੀ ਸਮੀਖਿਆ ਕਰਨ ਅਤੇ ਪ੍ਰਮੁੱਖ ਖੇਤਰਾਂ ਵਿਚ ਦੁਵਲੀ ਭਾਈਵਾਲੀ ਵਧਾਉਣ ਦੇ ਤਰੀਕਿਆਂ ਉਤੇ ਚਰਚਾ ਕਰਨ ਲਈ ਗੱਲਬਾਤ ਕਰਨਗੇ।
57 ਸਾਲਾਂ ਵਿਚ ਪ੍ਰਧਾਨ ਮੰਤਰੀ ਪੱਧਰ ਉਤੇ ਅਰਜਨਟੀਨਾ ਦੀ ਇਹ ਪਹਿਲੀ ਭਾਰਤੀ ਦੁਵਲੀ ਯਾਤਰਾ ਹੈ। ਪ੍ਰਧਾਨ ਮੰਤਰੀ ਦੇ ਤੌਰ ਉਤੇ ਮੋਦੀ ਦੀ ਇਹ ਦੂਜੀ ਅਰਜਨਟੀਨਾ ਯਾਤਰਾ ਹੈ। ਉਹ 2018 ਵਿਚ ਜੀ20 ਸਿਖਰ ਸੰਮੇਲਨ ਲਈ ਗਏ ਸਨ। ਇਹ ਪ੍ਰਧਾਨ ਮੰਤਰੀ ਦੀ ਪੰਜ ਦੇਸ਼ਾਂ ਦੀ ਯਾਤਰਾ ਦਾ ਤੀਜਾ ਪੜਾਅ ਵੀ ਹੈ।
ਸਥਾਨਕ ਸਮੇਂ ਅਨੁਸਾਰ ਸ਼ੁਕਰਵਾਰ ਸ਼ਾਮ ਨੂੰ ਇੱਥੇ ਪਹੁੰਚੇ ਮੋਦੀ ਦਾ ਇਜ਼ੀਜ਼ਾ ਕੌਮਾਂਤਰੀ ਹਵਾਈ ਅੱਡੇ ਉਤੇ ਪਹੁੰਚਣ ਉਤੇ ਰਸਮੀ ਸਵਾਗਤ ਕੀਤਾ ਗਿਆ। ਇਸ ਤੋਂ ਪਹਿਲਾਂ ਹੋਟਲ ਪਹੁੰਚਣ ਉਤੇ ਭਾਰਤੀ ਭਾਈਚਾਰੇ ਦੇ ਮੈਂਬਰਾਂ ਨੇ ‘ਮੋਦੀ, ਮੋਦੀ’ ਅਤੇ ‘ਭਾਰਤ ਮਾਤਾ ਕੀ ਜੈ’ ਦੇ ਨਾਅਰੇ ਲਗਾ ਕੇ ਪ੍ਰਧਾਨ ਮੰਤਰੀ ਦਾ ਸਵਾਗਤ ਕੀਤਾ। ਉਨ੍ਹਾਂ ਦੇ ਸਵਾਗਤ ਲਈ ਸਭਿਆਚਾਰਕ ਨਾਚ ਵੀ ਪੇਸ਼ ਕੀਤਾ ਗਿਆ।
ਵਿਦੇਸ਼ ਮੰਤਰਾਲੇ ਮੁਤਾਬਕ ਮੋਦੀ ਰੱਖਿਆ, ਖੇਤੀਬਾੜੀ, ਖਣਨ, ਤੇਲ ਅਤੇ ਗੈਸ, ਨਵਿਆਉਣਯੋਗ ਊਰਜਾ, ਵਪਾਰ ਅਤੇ ਨਿਵੇਸ਼ ਸਮੇਤ ਪ੍ਰਮੁੱਖ ਖੇਤਰਾਂ ’ਚ ਭਾਰਤ-ਅਰਜਨਟੀਨਾ ਭਾਈਵਾਲੀ ਨੂੰ ਹੋਰ ਹੁਲਾਰਾ ਦੇਣ ਲਈ ਰਾਸ਼ਟਰਪਤੀ ਮਾਈਲੀ ਨਾਲ ਵਿਆਪਕ ਗੱਲਬਾਤ ਕਰਨਗੇ।
ਅਰਜਨਟੀਨਾ ਦੀ ਯਾਤਰਾ ਤੋਂ ਪਹਿਲਾਂ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਦੀ ਦੁਵਲੀ ਯਾਤਰਾ ਭਾਰਤ ਅਤੇ ਅਰਜਨਟੀਨਾ ਵਿਚਾਲੇ ਬਹੁਪੱਖੀ ਰਣਨੀਤਕ ਭਾਈਵਾਲੀ ਨੂੰ ਹੋਰ ਡੂੰਘਾ ਕਰੇਗੀ। ਅਪਣੇ ਬਿਆਨ ਵਿਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਰਜਨਟੀਨਾ ਲਾਤੀਨੀ ਅਮਰੀਕਾ ਵਿਚ ਇਕ ਪ੍ਰਮੁੱਖ ਆਰਥਕ ਭਾਈਵਾਲ ਹੈ ਅਤੇ ਜੀ-20 ਵਿਚ ਇਕ ਨਜ਼ਦੀਕੀ ਸਹਿਯੋਗੀ ਹੈ ਅਤੇ ਉਹ ਰਾਸ਼ਟਰਪਤੀ ਜੇਵੀਅਰ ਮਿਲੇਈ ਨਾਲ ਵਿਚਾਰ ਵਟਾਂਦਰੇ ਲਈ ਉਤਸੁਕ ਹਨ, ਜਿਨ੍ਹਾਂ ਨਾਲ ਉਹ ਪਿਛਲੇ ਸਾਲ ਮਿਲੇ ਸਨ।ਅਪਣੀ ਯਾਤਰਾ ਦੇ ਚੌਥੇ ਪੜਾਅ ’ਚ ਮੋਦੀ 17ਵੇਂ ਬ੍ਰਿਕਸ ਸਿਖਰ ਸੰਮੇਲਨ ’ਚ ਹਿੱਸਾ ਲੈਣ ਲਈ ਬ੍ਰਾਜ਼ੀਲ ਜਾਣਗੇ। ਅਪਣੀ ਯਾਤਰਾ ਦੇ ਆਖਰੀ ਪੜਾਅ ’ਚ ਮੋਦੀ ਨਾਮੀਬੀਆ ਜਾਣਗੇ।