
ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸਮ੍ਰਿਤੀ ਇਰਾਨੀ ਨੇ ਰਾਜ ਸਭਾ ਵਿਚ ਇੱਕ ਸਵਾਲ ਦੇ ਲਿਖਤੀ ਜਵਾਬ ਵਿਚ ਇਹ ਜਾਣਕਾਰੀ ਦਿੱਤੀ।
ਨਵੀਂ ਦਿੱਲੀ: ਸਰਕਾਰ ਨੇ ਵੀਰਵਾਰ ਨੂੰ ਕਿਹਾ ਕਿ ਦੇਸ਼ ਦੇ ਲਗਭਗ 3.79 ਲੱਖ ਆਂਗਣਵਾੜੀ ਕੇਂਦਰਾਂ ਵਿਚ ਪਖਾਨੇ ਦੀ ਸਹੂਲਤ ਨਹੀਂ ਹੈ, ਜਦੋਂ ਕਿ 1.88 ਲੱਖ ਆਂਗਣਵਾੜੀ ਕੇਂਦਰਾਂ ਵਿੱਚ ਪੀਣ ਵਾਲੇ ਪਾਣੀ ਦੀ ਸਹੂਲਤ ਨਹੀਂ ਹੈ। ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸਮ੍ਰਿਤੀ ਇਰਾਨੀ ਨੇ ਰਾਜ ਸਭਾ ਵਿਚ ਇੱਕ ਸਵਾਲ ਦੇ ਲਿਖਤੀ ਜਵਾਬ ਵਿਚ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਦੇਸ਼ ਭਰ ਵਿਚ 13,87,432 ਆਂਗਣਵਾੜੀ ਕੇਂਦਰ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਚੋਂ 13,84,997 ਕੇਂਦਰਾਂ ਦੇ ਉਪਲਬਧ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ 10,05,257 ਆਂਗਣਵਾੜੀ ਕੇਂਦਰਾਂ ਵਿਚ ਪਖਾਨੇ ਅਤੇ 11,96,458 ਕੇਂਦਰਾਂ ਵਿੱਚ ਪੀਣ ਵਾਲੇ ਪਾਣੀ ਦੀ ਸਹੂਲਤ ਹੈ।
ਮੰਤਰੀ ਨੇ ਕਿਹਾ ਕਿ 3,79,740 ਆਂਗਣਵਾੜੀ ਕੇਂਦਰਾਂ ਵਿਚ ਪਖਾਨੇ ਦੀ ਸਹੂਲਤ ਨਹੀਂ ਹੈ ਜਦੋਂ ਕਿ 1,88,539 ਆਂਗਣਵਾੜੀ ਕੇਂਦਰਾਂ ਵਿੱਚ ਪੀਣ ਵਾਲੇ ਪਾਣੀ ਦੀ ਸਹੂਲਤ ਨਹੀਂ ਹੈ। ਇੱਕ ਹੋਰ ਸਵਾਲ ਦੇ ਲਿਖਤੀ ਜਵਾਬ ਵਿਚ, ਇਰਾਨੀ ਨੇ ਕਿਹਾ ਕਿ ਵਿੱਤੀ ਸਾਲ 2019-20 ਵਿਚ, 2.25 ਲੱਖ ਅਤਿ ਕੁਪੋਸ਼ਿਤ ਬੱਚਿਆਂ ਦਾ 1,072 ਪੋਸ਼ਣ ਪੁਨਰਵਾਸ ਕੇਂਦਰਾਂ ਵਿਚ ਇਲਾਜ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਵਿੱਤੀ ਸਾਲ 2020-21 ਵਿਚ 1.04 ਲੱਖ ਅਤਿ-ਕੁਪੋਸ਼ਿਤ ਬੱਚਿਆਂ ਦਾ 1,073 ਪੋਸ਼ਣ ਪੁਨਰਵਾਸ ਕੇਂਦਰਾਂ ਵਿਚ ਇਲਾਜ ਕੀਤਾ ਗਿਆ।