
ਪਹਾੜ ਤੋਂ ਆਏ ਪਾਣੀ ਅਤੇ ਮਲਬੇ ਹੇਠ ਦੱਬੇ ਗਏ ਘਰ ਅਤੇ ਹੋਟਲ, 4 ਵਿਅਕਤੀਆਂ ਦੀ ਹੋਈ ਮੌਤ, 50 ਹੋਏ ਲਾਪਤਾ
Entire village destroyed due to cloudburst in Dharali, Uttarakhand : ਉਤਰਾਖੰਡ ਦੇ ਧਰਾਲੀ ’ਚ ਬੱਦਲ ਫਟਣ ਕਾਰਨ ਖੀਰ ਗੰਗਾ ਪਿੰਡ ਤਬਾਹ ਹੋ ਗਿਆ ਹੈ। ਇਸ ਘਟਨਾ ਦੀਆਂ ਕਈ ਵੀਡੀਓਜ਼ ਵੀ ਸਾਹਮਣੇ ਆ ਰਹੀਆਂ ਹਨ, ਜਿਸ ’ਚ ਨਜ਼ਰ ਆ ਰਿਹਾ ਹੈ ਕਿ ਪਹਾੜੀ ਤੋਂ ਬਾਰਿਸ਼ ਦਾ ਪਾਣੀ ਅਤੇ ਮਲਬਾ ਆਇਆ ਅਤੇ 34 ਸਕਿੰਟਾਂ ਦੇ ਅੰਦਰ-ਅੰਦਰ ਪੂਰੇ ਪਿੰਡ ਨੂੰ ਆਪਣੇ ਨਾਲ ਰੋੜ ਕੇ ਲੈ ਗਿਆ।
ਉਤਰਕਾਸ਼ੀ ਦੇ ਡੀਐਮ ਪ੍ਰਸ਼ਾਂਤ ਆਰਿਆ ਨੇ ਦੱਸਿਆ ਕਿ ਹੁਣ ਤੱਕ 4 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਜਦਕਿ 50 ਵਿਅਕਤੀ ਲਾਪਤਾ ਹਨ ਜਦਕਿ ਕਈ ਵਿਅਕਤੀਆਂ ਦੇ ਮਲਬੇ ਹੇਠ ਦੱਬੇ ਹੋਣ ਦੀ ਖਬਰ ਹੈ। ਧਰਾਵੀ ਪਿੰਡ ਦੇਹਰਾਦੂਰ ਤੋਂ 218 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਅਤੇ ਇਹ ਗੰਗੋਤਰੀ ਧਾਮ ਤੋਂ 18 ਕਿਲੋਮੀਟਰ ਦੂਰ ਹੈ। ਰਾਹਤ ਕਾਰਜਾਂ ਲਈ ਐਸਡੀਆਰਐਫ,ਐਨਡੀਆਰਐਫ ਦੇ ਨਾਲ-ਨਾਲ ਭਾਰਤੀ ਫੌਜ ਵੀ ਮੌਕੇ ’ਤੇ ਪਹੁੰਚ ਗਈ ਹੈ।
ਉਤਰਕਾਸ਼ੀ ਦੇ ਧਰਾਲੀ ’ਚ ਵਾਪਰੀ ਤਰਾਸਦੀ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਸੋਸ਼ਲ ਮੀਡੀਆ ਅਕਾਊਂਟ ’ਤੇ ਲਿਖਿਆ ਕਿ ਹਾਦਸੇ ਦੌਰਾਨ ਪ੍ਰਭਾਵਿਤ ਹੋਏ ਲੋਕਾਂ ਨਾਲ ਮੈਂ ਹਮਦਰਦੀ ਦਾ ਪ੍ਰਗਟਾਵਾ ਕਰਦਾ ਹਾਂ ਅਤੇ ਸਾਰੇ ਪੀੜਤਾਂ ਦੇ ਸਹੀ ਸਲਾਮਤ ਹੋਣ ਦੀ ਕਾਮਨਾ ਕਰਦਾ ਹਾਂ। ਉਨ੍ਹਾਂ ਸੂਬੇ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨਾਲ ਗੱਲ ਕਰਕੇ ਤਾਜ਼ਾ ਹਾਲਾਤ ਸਬੰਧੀ ਜਾਣਕਾਰੀ ਹਾਸਲ ਵੀ ਕੀਤੀ।
ਉਧਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰੱਖਿਆ ਰਾਜਨਾਥ ਸਿੰਘ ਨੇ ਵੀ ਉਤਰਕਾਸ਼ੀ ’ਚ ਵਾਪਰੀ ਘਟਨਾ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਵੱਲੋਂ ਵੀ ਸੂਬੇ ਦੇ ਮੁੱਖ ਮੰਤਰੀ ਨਾਲ ਗੱਲ ਕੀਤੀ ਗਈ ਅਤੇ ਰਾਹਤ ਕਾਰਜਾਂ ਸਬੰਧੀ ਜਾਣਕਾਰੀ ਹਾਸਲ ਕੀਤੀ।