
ਕਿਹਾ, ਕਿਸਾਨ ਖੂਹਾਂ ਦੇ ਪਾਣੀ ਤੋਂ ਹਾਈਡਰੋਜਨ ਕਰ ਕੇ ਬਣਨਗੇ ਕਰੋੜਪਤੀ
ਜੈਪੁਰ: ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਮੰਗਲਵਾਰ ਨੂੰ ਕਿਹਾ ਕਿ ਭਾਜਪਾ ਸਰਕਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਨਵੀਂ ਸੋਚ ਲਿਆਈ ਹੈ, ਹੁਣ ਕਿਸਾਨ ਸਿਰਫ਼ ਅੰਨਦਾਤਾ ਹੀ ਨਹੀਂ ਹੋਵੇਗਾ ਬਲਕਿ ਊਰਜਾ ਦਾਤਾ ਵੀ ਹੋਵੇਗਾ। ਉਨ੍ਹਾਂ ਕਿਹਾ, ‘‘ਗੰਨੇ ਦੇ ਜੂਸ, ਸ਼ੀਰਾ, ਮੱਕੀ ਨਾਲ ਈਥੇਨਾਲ ਬਣ ਰਿਹਾ ਹੈ। ਸਾਡੇ ਇਥੇ ਚੌਲ, ਬਾਜਰਾ, ਕਣਕ, ਮੱਕੀ, ਜੁਆਰ ਤੋਂ ਈਥੇਨਾਲ ਬਣ ਰਿਹਾ ਹੈ ਅਤੇ ਪਟਰੌਲ ’ਚ 20 ਫ਼ੀ ਸਦੀ ਈਥੇਨਾਲ ਪਾਉਣ ਦੀ ਸ਼ੁਰੂਆਤ ਹੋਈ ਹੈ।’’
ਹਨੁਮਾਨਗੜ੍ਹ ਦੇ ਗੋਗਾਮੇਡੀ ’ਚ ਭਾਜਪਾ ਪਾਰਟੀ ਦੀ ਚੌਥੀ ਪਰਿਵਰਤਨ ਯਾਤਰਾ ਦੀ ਸ਼ੁਰੂਆਤ ’ਤੇ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਗਡਕਰੀ ਨੇ ਕਿਹਾ ਕਿ ਸਿਰਫ਼ ਫ਼ਸਲਾਂ ਉਗਾਉਣ ਨਾਲ ਕਿਸਾਨਾਂ ਦਾ ਜੀਵਨ ਨਹੀਂ ਬਦਲ ਸਕਦਾ। ਉਨ੍ਹਾਂ ਕਿਹਾ ਕਿ ਰੁਜ਼ਗਾਰ ਸਿਰਜਣਾ ਉਹੀ ਹੁੰਦੀ ਹੈ ਜਿੱਥੇ ਪਾਣੀ, ਸੜਕ, ਸੰਚਾਰ ਅਤੇ ਬਿਜਲੀ ਹੁੰਦੀ ਹੈ ਕਿਉਂਕਿ ਇਸ ਨਾਲ ਵਿਕਾਸ ਹੁੰਦਾ ਹੈ ਅਤੇ ਗ਼ਰੀਬੀ ਦੂਰ ਹੁੰਦੀ ਹੈ।
ਉਨ੍ਹਾਂ ਕਿਹਾ, ''ਮੇਰਾ ਸੁਪਨਾ ਹੈ ਕਿ ਕਿਸਾਨ ਆਪਣੇ ਖੂਹ ਤੋਂ ਪਾਣੀ ਕੱਢੇਗਾ, ਘਰ ’ਤੇ ‘ਰੂਫ ਟਾਪ ਸੋਲਰ’ ਹੋਵੇਗਾ, ‘ਇਲੈਕਟਰੋਲਾਈਜ਼ਰ’ ’ਚੋਂ ਹਾਈਡ੍ਰੋਜਨ ਨਿਕਲੇਗੀ... ਹਾਈਡ੍ਰੋਜਨ ਟਰੱਕਾਂ, ਬੱਸਾਂ ਅਤੇ ਕਾਰਾਂ ’ਚ ਪਾਈ ਜਾਵੇਗੀ। ਕਿਸਾਨ ਕੋਲ ਗੈਸ ਸਟੇਸ਼ਨ ਹੋਵੇਗਾ। ਕਿਸਾਨ ਸਿਰਫ਼ ਕਪਾਹ, ਚੌਲ, ਕਣਕ ਪੈਦਾ ਕਰਨ ਵਾਲਾ ਹੀ ਨਹੀਂ ਹੋਵੇਗਾ ਸਗੋਂ ਹਾਈਡ੍ਰੋਜਨ ਪੈਦਾ ਕਰਨ ਵਾਲਾ ਵੀ ਹੋਵੇਗਾ ਅਤੇ ਕਰੋੜਪਤੀ ਬਣੇਗਾ। ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਇੰਡੀਅਨ ਆਇਲ ਕਾਰਪੋਰੇਸ਼ਨ (ਆਈ.ਓ.ਸੀ.) ਦੇ ਚੇਅਰਮੈਨ ਨੂੰ ਹਰ ਪਿੰਡ ’ਚ ‘ਈਥਾਨੌਲ ਪੰਪ’ ਖੋਲ੍ਹਣ ਲਈ ਕਿਹਾ ਹੈ ਕਿਉਂਕਿ ਕਿਸਾਨਾਂ ਵਲੋਂ ਤਿਆਰ ਕੀਤੇ ਗਏ ਈਥਾਨੌਲ ਨਾਲ ਸਕੂਟਰ ਵੀ ਚੱਲਣਗੇ।